ਚੰਡੀਗੜ੍ਹ (ਰਮਨਜੀਤ) : ਸੂਬੇ ਦੇ ਕੁੱਝ ਨਿੱਜੀ ਹਸਪਤਾਲਾਂ ਵੱਲੋਂ 'ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ' (ਆਯੂਸ਼ਮਾਨ ਭਾਰਤ) ਅਧੀਨ ਲਾਭਪਾਤਰੀਆਂ ਦਾ ਇਲਾਜ ਕਰਨ ਦੇ ਨਾਮ ਹੇਠ ਫਰਜ਼ੀ ਡਾਕਟਰੀ ਬਿੱਲਾਂ ਰਾਹੀਂ ਪ੍ਰਤੀਪੂਰਤੀ ਦੇ ਕਲੇਮਾਂ 'ਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕੀਤੀ ਗਈ। ਪੰਜਾਬ ਵਿਜੀਲੈਂਸ ਬਿਊਰੋ ਨੇ ਇਨ੍ਹਾਂ ਹਸਪਤਾਲਾਂ ਵੱਲੋਂ ਮੋਟੀਆਂ ਰਕਮਾਂ ਦੇ ਬੀਮਾ ਕਲੇਮ ਹਾਸਲ ਕੀਤੇ ਜਾਣ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਦੌਰਾਨ ਅਧਿਕਾਰਤ ਇਫਕੋ ਟੋਕੀਓ ਬੀਮਾ ਕੰਪਨੀ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਭਾਰੀ ਮਾਤਰਾ 'ਚ ਰੱਦ ਕਰ ਦਿੱਤੇ ਗਏ, ਜਿਸ ਕਰਕੇ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਘਾਟਾ ਪਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਤੇ ਡੀ. ਜੀ. ਪੀ. ਬੀ. ਕੇ. ਉੱਪਲ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਯੋਜਨਾ 'ਚ ਚੱਲ ਰਹੇ ਇਸ ਘਪਲੇ ਦੀ ਹਰ ਪੱਖ ਤੋਂ ਡੂੰਘਾਈ ਤੱਕ ਜਾਂਚ ਕਰਨ ਲਈ ਇਕ ਵਿਜੀਲੈਂਸ ਇਨਕੁਆਇਰੀ ਦਰਜ ਕੀਤੀ ਗਈ ਹੈ। ਇਸ ਨਾਲ ਯੋਜਨਾ ਅਧੀਨ ਨਿੱਜੀ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਵੱਡੀ ਘਪਲੇਬਾਜ਼ੀ ਕਰਕੇ ਖ਼ੁਦ ਨੂੰ ਵਿੱਤੀ ਲਾਭ ਪਹੁੰਚਾਉਣ ਸਬੰਧੀ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦਾ ਪਰਦਾਫਾਸ਼ ਕੀਤਾ ਜਾ ਸਕੇਗਾ ਅਤੇ ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਰੱਦ ਕਰਨ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ : ਸਹੁਰਿਆਂ ਦੇ ਅਸਲੀ ਰੰਗ ਨੇ ਮਿੱਟੀ 'ਚ ਰੋਲ੍ਹੀਆਂ ਨਵ-ਵਿਆਹੁਤਾ ਦੀਆਂ ਸੱਧਰਾਂ, ਅੱਕ ਕੇ ਚੁਣਿਆ ਮੌਤ ਦਾ ਰਾਹ
ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਦਲਜਿੰਦਰ ਸਿੰਘ ਢਿੱਲੋਂ ਐਸ. ਐਸ. ਪੀ. ਵਿਜੀਲੈਂਸ ਬਿਊਰੋ, ਜਲੰਧਰ ਰੇਂਜ ਜਲੰਧਰ ਵੱਲੋਂ ਇਕੱਤਰ ਕੀਤੀ ਗਈ ਮੁੱਢਲੀ ਜਾਂਚ ਅਨੁਸਾਰ ਆਯੂਸ਼ਮਾਨ ਭਾਰਤ ਸਕੀਮ ਤਹਿਤ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਕਈ ਵੱਡੇ ਨਾਮੀ ਹਸਪਤਾਲਾਂ ਵੱਲੋਂ ਸਮਾਰਟ ਸਿਹਤ ਕਾਰਡ ਧਾਰਕਾਂ ਦੇ ਨਾਮ 'ਤੇ ਮੋਟੀਆਂ ਰਕਮਾਂ ਦੇ ਫਰਜ਼ੀ ਡਾਕਟਰੀ ਬਿੱਲ ਤਿਆਰ ਕਰਕੇ ਵੱਡੇ ਪੱਧਰ ’ਤੇ ਘਪਲੇਬਾਜ਼ੀ ਕਰਕੇ ਬੀਮਾ ਕਲੇਮ ਹਾਸਲ ਕੀਤੇ ਜਾ ਰਹੇ ਹਨ। ਇਨ੍ਹਾਂ ਤਿੰਨ ਜ਼ਿਲ੍ਹਿਆਂ 'ਚ ਕੁੱਲ 35 ਸਰਕਾਰੀ ਹਸਪਤਾਲ ਅਤੇ 77 ਨਿੱਜੀ ਹਸਪਤਾਲ ਇਸ ਯੋਜਨਾ ਅਧੀਨ ਸੂਬਾ ਸਰਕਾਰ ਵੱਲੋਂ ਸੂਚੀਬੱਧ ਕੀਤੇ ਗਏ ਹਨ।
ਉੱਪਲ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਕਸਬੇ 'ਚ ਚੱਲ ਰਹੇ ਇੱਕ ਨਾਮੀ ਹਸਪਤਾਲ (ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਕਾਰਨ ਨਾਮ ਨਹੀਂ ਦਿੱਤਾ ਜਾ ਰਿਹਾ) ਨੇ ਇਸ ਸਾਲ ਦੌਰਾਨ ਕਰੀਬ 1282 ਵਿਅਕਤੀਆਂ ਦੇ ਇਲਾਜ ਲਈ ਕੁੱਲ 4,43,98,450 ਰੁਪਏ ਦਾ ਬੀਮਾ ਕਲੇਮ ਕੀਤਾ, ਜਿਸ 'ਚੋਂ ਇਸ ਹਸਪਤਾਲ ਦੇ 519 ਕਲੇਮ ਰੱਦ ਹੋ ਗਏ ਅਤੇ ਬਾਕੀ ਰਹਿੰਦੇ ਕੇਸਾਂ 'ਚੋਂ ਕੁੱਲ 4,23,48,050 ਰੁਪਏ ਦੇ ਕਲੇਮ ਸਟੇਟ ਹੈਲਥ ਅਥਾਰਟੀ ਪੰਜਾਬ ਵੱਲੋਂ ਪਾਸ ਕੀਤੇ ਗਏ ਹਨ। ਪਾਸ ਹੋਈ ਇਸ ਰਾਸ਼ੀ 4,43,98,450 ਵਿੱਚੋਂ ਹੁਣ ਤੱਕ 1,86,59,150 ਰੁਪਏ ਦੀ ਰਕਮ ਦੀ ਅਦਾਇਗੀ ਬੀਮਾ ਕੰਪਨੀ ‘ਇਫਕੋ ਟੋਕੀਓ’ ਵੱਲੋਂ ਉਕਤ ਹਸਪਤਾਲ ਨੂੰ ਕੀਤੀ ਜਾ ਚੁੱਕੀ ਹੈ।
ਪੜਤਾਲ ਅਧੀਨ ਹਸਪਤਾਲ ਦੀ ਪੋਲ ਖੋਲ੍ਹਦਿਆਂ ਉਨ੍ਹਾਂ ਦੱਸਿਆ ਕਿ ਇਸ ਨਾਮੀ ਹਸਪਤਾਲ ਵੱਲੋਂ ਉਕਤ ਯੋਜਨਾ ਤਹਿਤ ਇਕ ਮਰੀਜ਼ ਦੇ ਇਲਾਜ ਦੇ ਬਦਲੇ ਉਸਦੇ ਪਰਿਵਾਰ ਦੇ ਹੋਰ ਵਿਅਕਤੀਆਂ ਦਾ ਦਾਖ਼ਲਾ ਹਸਪਤਾਲ 'ਚ ਦਿਖਾ ਕੇ ਝੂਠੇ ਬੀਮਾ ਕਲੇਮ ਹਾਸਲ ਕੀਤੇ ਗਏ ਹਨ। ਮੁੱਢਲੀ ਜਾਂਚ ਅਨੁਸਾਰ ਪਰਮਜੀਤ ਕੌਰ ਵਾਸੀ ਪਿੰਡ ਟੁਰਨਾ ਜ਼ਿਲ੍ਹਾ ਜਲੰਧਰ ਮਿਤੀ 13.09.2019 ਨੂੰ ਇਸ ਹਸਪਤਾਲ ਵਿਖੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਾਉਣ ਲਈ ਦਾਖ਼ਲ ਹੋਈ ਸੀ ਪਰ ਕੁੱਝ ਨਿੱਜੀ ਕਾਰਨਾ ਕਰਕੇ ਉਸ ਵੱਲੋਂ ਆਪਣੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਨਹੀਂ ਕਰਵਾਇਆ ਗਿਆ ਅਤੇ ਬਿਨਾਂ ਆਪਰੇਸ਼ਨ ਕਰਵਾਏ ਉਹ ਆਪਣੇ ਘਰ ਚਲੀ ਗਈ ਸੀ। ਇਸ ਹਸਪਤਾਲ ਵੱਲੋਂ ਉਕਤ ਮਰੀਜ਼ ਦੇ ਆਪਰੇਸ਼ਨ ਦਾ 22,000 ਰੁਪਏ ਦਾ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਅਧੀਨ ਫਰਜ਼ੀ ਬਿੱਲ ਤਿਆਰ ਕਰਕੇ ਇਫਕੋ ਟੋਕਿਓ ਪਾਸੋਂ ਕਲੇਮ ਹਾਸਲ ਕਰ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਜ਼ਹਿਰੀਲੀ ਸ਼ਰਾਬ ਨਾਲ ਮੌਤ ਮਾਮਲੇ 'ਚ ਹੁਣ ਮਿਲੇਗੀ 'ਫਾਂਸੀ' ਦੀ ਸਜ਼ਾ
ਇਸੇ ਤਰ੍ਹਾਂ ਦੇ ਇਕ ਹੋਰ ਕੇਸ 'ਚ ਸੁਖਵਿੰਦਰ ਕੌਰ ਵਾਸੀ ਸਿੱਧਪੁਰ ਪਿੱਤੇ ਦੀਆਂ ਪੱਥਰੀਆਂ ਦਾ ਆਪਰੇਸ਼ਨ ਕਰਾੳਣ ਲਈ ਇਸੇ ਨਾਮੀ ਹਸਪਤਾਲ ਵਿਖੇ ਦਾਖ਼ਲ ਹੋਈ। ਉਸ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਆਪਣਾ ਸਮਾਰਟ ਸਿਹਤ ਕਾਰਡ ਹਸਪਤਾਲ ਵਿਖੇ ਦਿੱਤਾ ਪਰ ਹਸਪਤਾਲ ਦੇ ਸੰਚਾਲਕ ਨੇ ਕਿਹਾ ਕਿ ਇਕ ਕਾਰਡ ਨਾਲ ਤੁਹਾਡਾ ਇਲਾਜ ਨਹੀ ਹੋ ਸਕਦਾ, ਜਾਂ ਤਾਂ ਤੁਹਾਨੂੰ ਪਹਿਲਾਂ 25,000 ਰੁਪਏ ਨਗਦ ਜਮਾਂ ਕਰਵਾਉਣੇ ਪੈਣਗੇ ਜਾਂ 6/7 ਸਮਾਰਟ ਕਾਰਡ ਲਿਆ ਕੇ ਦੇ ਦਿਓ, ਤਾਂ ਹੀ ਇਲਾਜ ਸ਼ੁਰੂ ਹੋ ਸਕਦਾ ਹੈ। ਸੁਖਵਿੰਦਰ ਕੌਰ ਦੇ ਪਰਿਵਾਰ ਨੇ ਮਜਬੂਰੀਵੱਸ ਆਪਣੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੇ ਸਮਾਰਟ ਕਾਰਡ ਇਸ ਹਸਪਤਾਲ ਵਿਖੇ ਜਮ੍ਹਾਂ ਕਰਵਾ ਦਿੱਤੇ। ਇਸ ਤੋਂ ਬਾਅਦ ਉਕਤ ਹਸਪਤਾਲ ਵੱਲੋਂ ਸੁਖਵਿੰਦਰ ਕੌਰ ਦੇ ਪਿੱਤੇ ਦੀ ਪੱਥਰੀ ਦਾ ਇਲਾਜ ਸ਼ੁਰੂ ਕੀਤਾ ਗਿਆ।
ਇਸ ਹਸਪਤਾਲ ਦੇ ਪ੍ਰਬੰਧਕਾਂ ਨੇ ਆਪਣੀ ਘਪਲੇਬਾਜ਼ੀ ਨੂੰ ਲੁਕਾਉਣ ਲਈ ਸੁਖਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ (ਜਿਨ੍ਹਾਂ ਦੇ ਸਿਹਤ ਸਮਾਰਟ ਕਾਰਡ ਲਏ ਸਨ) ਨੂੰ ਹਸਪਤਾਲ ਦੇ ਬੈੱਡ ਉੱਪਰ ਲਿਟਾ ਕੇ ਵੀਡੀਓ ਵੀ ਬਣਾਈ ਅਤੇ ਉਨ੍ਹਾਂ ਪਾਸੋਂ ਕੋਰੇ ਕਾਗਜ਼ਾਂ 'ਤੇ ਦਸਤਖ਼ਤ ਕਰਵਾਏ ਅਤੇ ਕਿਹਾ ਕਿ ਜੇਕਰ ਕੋਈ ਫੋਨ ਆਵੇ ਤਾਂ ਕਹਿਣਾ ਕਿ ਸਾਡਾ ਆਪਰੇਸ਼ਨ ਹੋਇਆ ਹੈ, ਜਦੋਂ ਕਿ ਉਨ੍ਹਾਂ ਤਿੰਨਾਂ ਨੂੰ ਕੋਈ ਬੀਮਾਰੀ ਵੀ ਨਹੀਂ ਸੀ। ਜਾਂਚ ਮੁਤਾਬਕ ਹਸਪਤਾਲ ਵੱਲੋਂ ਸੁਖਵਿੰਦਰ ਕੌਰ ਅਤੇ ਉੁਸ ਦੇ ਪਰਿਵਾਰ ਦੇ ਮੈਂਬਰਾਂ ਦਾ ਵੀ ਆਪਰੇਸ਼ਨ ਕੀਤਾ ਜਾਣਾ ਦਰਸਾ ਕੇ 25000/25000 ਹਜ਼ਾਰ ਦਾ ਕਲੇਮ ਕੀਤਾ ਗਿਆ, ਜਿਸ ਤੋਂ ਇਹ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਇਸ ਹਸਪਤਾਲ ਵੱਲੋਂ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ 'ਚ ਵੱਡੇ ਪੱਧਰ ਦਾ ਘਪਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ 'ਚ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਨਾਮੀ ਨਿੱਜੀ ਹਸਪਤਾਲਾਂ ਵੱਲੋਂ ਵੱਡੇ ਪੱਧਰ 'ਤੇ ਇਸ ਤਰਾਂ ਦੇ ਫਰਜ਼ੀਵਾੜੇ ਨੂੰ ਅੰਜਾਮ ਦੇ ਕੇ ਇਫਕੋ ਟੋਕੀਓ ਬੀਮਾ ਕੰਪਨੀ ਪਾਸੋਂ ਜਾਅਲੀ ਕਲੇਮ ਹਾਸਲ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ 'ਅਨਾਜ ਮੰਡੀਆਂ'
ਕੀ ਹੈ ਆਯੂਸ਼ਮਾਨ ਭਾਰਤ ਯੋਜਨਾ
ਜ਼ਿਕਰਯੋਗ ਹੈ ਕਿ 20.08.2019 ਨੂੰ ਸ਼ੂਰੂ ਕੀਤੀ ਗਈ 'ਆਯੂਸ਼ਮਾਨ ਭਾਰਤ ਯੋਜਨਾ' ਤਹਿਤ ਦੇਸ਼ ਦੇ 10 ਕਰੋੜ ਤੋਂ ਜ਼ਿਆਦਾ ਗਰੀਬ/ਲੋੜਵੰਦ, ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਭਾਰਤ ਸਰਕਾਰ ਵੱਲੋਂ ਇਸ ਯੋਜਨਾ ਲਈ 60 ਫ਼ੀਸਦੀ ਅਤੇ ਸੂਬਾ ਸਰਕਾਰਾਂ ਵੱਲੋਂ 40 ਫ਼ੀਸਦੀ ਵਿੱਤੀ ਸਹਾਇਤਾ ਵੱਜੋਂ ਬਤੌਰ ਪ੍ਰੀਮੀਅਮ ਇਫਕੋ ਟੋਕੀਓ ਕੰਪਨੀ ਨੂੰ ਦਿੱਤਾ ਜਾ ਰਿਹਾ ਹੈ। ਪੰਜਾਬ ਸੂਬੇ 'ਚ ਇਹ ਯੋਜਨਾ 'ਸਰਬੱਤ ਸਿਹਤ ਬੀਮਾ ਯੋਜਨਾ' ਅਧੀਨ ਚੱਲ ਰਹੀ ਹੈ, ਜਿਸ ਅਨੁਸਾਰ ਲਗਭਗ 1000 ਰੁਪਏ ਦੀ ਰਕਮ ਸੂਬਾ ਸਰਕਾਰ ਵੱਲੋਂ ਬਤੌਰ ਪ੍ਰੀਮੀਅਮ ਪ੍ਰਤੀ ਪਰਿਵਾਰ ਇਸ ਬੀਮਾ ਕੰਪਨੀ ਨੂੰ ਸਲਾਨਾ ਅਦਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਗਰੀਬ/ਲੋੜਵੰਦ ਪਰਿਵਾਰਾਂ ਨੂੰ ਸਮਾਰਟ ਕਾਰਡ ਜਾਰੀ ਕੀਤਾ ਜਾਂਦਾ ਹੈ। ਇਸ ਸਮਾਰਟ ਕਾਰਡ ਰਾਹੀਂ ਉੁਸ ਵਿਅਕਤੀ ਨੂੰ ਜਾਂ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਜੇਕਰ ਕੋਈ ਗੰਭੀਰ ਬੀਮਾਰੀ ਹੋ ਜਾਂਦੀ ਹੈ ਤਾਂ ਉਹ ਇਸ ਸਕੀਮ ਅਧੀਨ ਹਸਪਤਾਲ ਦਾਖ਼ਲ ਹੋ ਕੇ 5,00,000 ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਦਾ ਹੈ। ਇਸ ਯੋਜਨਾ ਦੀ ਨਿਗਰਾਨੀ ਸਟੇਟ ਹੈਲਥ ਅਥਾਰਟੀ, ਪੰਜਾਬ ਸਿਹਤ ਤੇ ਪਰਿਵਾਰ ਭਲਾਈ ਮਹਿਕਮਾ ਕਰ ਰਿਹਾ ਹੈ।
ਨੋਟ : ਪੰਜਾਬ ਦੇ ਨਿੱਜੀ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਉਪਰੋਕਤ ਘਪਲੇਬਾਜ਼ੀ ਬਾਰੇ ਦਿਓ ਆਪਣੀ ਰਾਏ
ਜਲੰਧਰ ਦੇ ਠੱਗ ਦਾ ਹੈਰਾਨੀਜਨਕ ਕਾਰਾ, ਜਾਅਲੀ ਬਿੱਲਾਂ ਨਾਲ ਇੰਝ ਮਾਰੀ ਕਰੀਬ 200 ਕਰੋੜ ਦੀ ਠੱਗੀ
NEXT STORY