ਬਾਬਾ ਬਕਾਲਾ ਸਾਹਿਬ (ਅਠੌਲ਼ਾ) : ਬਾਬਾ ਬਕਾਲਾ ਸਾਹਿਬ ਵਿਖੇ ਨਸ਼ੇ ਰੁਕਣ ਦਾ ਨਾਂ ਨਹੀਂ ਲੈ ਰਹੇ। ਸਿਵਲ ਹਸਪਤਾਲ ਵਿਖੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਬੀਤੇ ਕੱਲ ਹੀ ਸਾਬਕਾ ਟੀਚਰ ਮਨਜੀਤ ਸਿੰਘ ਕੰਬੋ ਦੇ ਇਕ ਬੰਦ ਘਰ 'ਚ ਕਾਰ ਖੜ੍ਹੀ ਸੀ, ਜਿਸ ਦੇ 4 ਟਾਇਰ ਚੋਰਾਂ ਨੇ ਲਾਹ ਲਏ 'ਤੇ ਕੋਠੇ ਉੱਪਰ ਚਾੜ੍ਹ ਕੇ ਲਿਜਾਣ ਲੱਗੇ , ਜਦ ਖੜਾਕ ਹੋਇਆ ਤਾਂ ਗੁਆਂਢੀਆਂ ਦੇ ਰੌਲਾ ਪਾਉਣ 'ਤੇ ਉਹ ਚੋਰ ਟਾਇਰ ਛੱਡਕੇ ਭੱਜ ਗਏ।
ਇਸੇ ਤਰ੍ਹਾਂ ਅੱਜ ਗਲੀ ਸੁਨਿਆਰਿਆਂ ਵਾਲੀ ਅਤੇ ਮਹਿੰਦਰ ਸਿੰਘ ਚੱਕੀ ਵਾਲੇ ਦੇ ਨਜ਼ਦੀਕ ਇਕ ਨਸ਼ੱਈ ਨੌਜਵਾਨ ਵੱਲੋਂ ਨਸ਼ੇ ਦੀ ਪੂਰਤੀ ਲਈ ਪਰਿਵਾਰ ਵੱਲੋਂ ਪੈਸੇ ਨਾ ਦਿੱਤੇ ਜਾਣ 'ਤੇ ਆਪਣੇ ਹੀ ਘਰ ਨੂੰ ਅੱਗ ਲਾ ਕੇ ਸਾੜ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨਸ਼ੇੜੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਸਾਡਾ ਲੜਕਾ ਸ਼ਮਸ਼ੇਰ ਸਿੰਘ (24 ) ਪੁੱਤਰ ਜਸਵੰਤ ਸਿੰਘ, ਜੋ ਕਿ ਅਜੇ ਕੁਆਰਾ ਹੈ ਅਤੇ ਨਸ਼ਿਆਂ ਦਾ ਆਦੀ ਹੈ, ਨੇ ਆਪਣੀ ਮਾਤਾ ਕੋਲੋਂ ਨਸ਼ੇ ਦੀ ਪੂਰਤੀ ਲਈ 10,000/- ਰੁਪਏ ਦੀ ਮੰਗ ਕੀਤੀ। ਉਸ ਦੀ ਮਾਤਾ ਨੇ ਇੰਨੀ ਰਕਮ ਦੇਣ ਤੋਂ ਇਨਕਾਰ ਕੀਤਾ ਤਾਂ ਨੌਜਵਾਨ ਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ, ਜਿਸ ਕਾਰਣ ਘਰ 'ਚ ਪਿਆ ਟੀ. ਵੀ. ਅਲਮਾਰੀ, ਫਰਿੱਜ, ਗੀਜ਼ਰ, ਕੂਲਰ, ਬੈੱਡ-ਗੱਦੇ, ਪੱਖੇ ਅਤੇ ਹੋਰ ਜ਼ਰੂਰੀ ਸਾਮਾਨ ਸੜ ਕੇ ਸਵਾਹ ਹੋ ਗਿਆ। ਕਰੀਬ ਡੇਢ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪਰਿਵਾਰ ਵੱਲੋਂ ਪੁਲਸ ਚੌਕੀ ਬਾਬਾ ਬਕਾਲਾ ਸਾਹਿਬ ਵਿਖੇ ਰਿਪੋਰਟ ਦਰਜ ਕਰਾਉੇਣ ਉਪਰੰਤ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਦੇਖੋ ਮੋਦੀ ਸਰਕਾਰ ਦੇ ਬਜਟ 'ਤੇ ਕੀ ਬੋਲੇ ਸੁਖਬੀਰ ਬਾਦਲ
NEXT STORY