ਬਾਬਾ ਬਕਾਲਾ ਸਾਹਿਬ (ਅਠੌਲਾ) - ਗਰੀਬ ਦਲਿਤ ਪਰਿਵਾਰ ਨਾਲ ਸਬੰਧਤ ਇਕ ਔਰਤ ਕੁਲਵਿੰਦਰ ਕੌਰ ਵਿਧਵਾ ਗੁਰਦਿਆਲ ਸਿੰਘ ਵਾਸੀ ਭੋਰਸ਼ੀ ਰਾਜਪੂਤਾਂ ਤਹਿਸੀਲ ਬਾਬਾ ਬਕਾਲਾ ਸਾਹਿਬ ਨੇ ਆਪਣੇ ਪਿੰਡ ਦੇ ਕੁਝ ਵਿਅਕਤੀਆਂ 'ਤੇ ਉਸ ਦੇ ਘਰ ਦੀ ਕੰਧ ਢਾਹ ਕੇ ਉਸ 'ਚੋਂ ਜਬਰੀ ਰਾਹ ਕੱਢਣ ਦੇ ਦੋਸ਼ ਲਾਏ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਕੁਲਵਿੰਦਰ ਕੌਰ ਨੇ ਦੋਸ਼ ਲਾਇਆ ਕਿ ਉਹ ਗਰੀਬ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਕੰਮ ਕਰ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ। ਉਸ ਨੇ 9 ਸਾਲ ਪਹਿਲਾਂ ਮੁਖਤਾਰ ਸਿੰਘ ਕੋਲੋਂ 3 ਮਰਲੇ ਜਗ੍ਹਾ ਕਰੀਬ 1 ਲੱਖ 5 ਹਜ਼ਾਰ ਰੁਪਏ 'ਚ ਖਰੀਦੀ ਅਤੇ ਉਸ 'ਤੇ ਉਸ ਨੇ ਮਕਾਨ ਬਣਾਇਆ ਸੀ। ਉਸ ਨੇ ਦੋਸ਼ ਲਾਇਆ ਕਿ ਪਿੰਡ ਦੇ ਵਿਅਕਤੀ ਰਾਣਾ, ਸੋਨੀ, ਬੱਚੋ ਆਦਿ ਉਸ ਨੂੰ 4-5 ਸਾਲਾਂ ਤੋਂ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਬੀਤੇ ਦਿਨੀਂ ਉਨ੍ਹਾਂ ਉਸ ਦੇ ਘਰ ਦੀ ਕੰਧ ਢਾਹ ਕੇ ਜਬਰੀ ਰਾਹ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉਸ ਦੀ ਕੁੱਟਮਾਰ ਵੀ ਕੀਤੀ। ਉਸ ਨੇ ਕਿਹਾ ਕਿ ਇਸ ਸਬੰਧੀ ਥਾਣਾ ਖਿਲਚੀਆਂ ਦੀ ਪੁਲਸ ਨੂੰ ਵੀ ਰਿਪੋਰਟ ਦਰਜ ਕਰਵਾਈ ਗਈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਬਹੁਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਬਚਨ ਸਿੰਘ ਗੁਰੂ ਨਾਨਕਪੁਰਾ ਨੇ ਪੀੜਤਾ ਦੇ ਹੱਕ 'ਚ ਨਿੱਤਰਦਿਆਂ ਕਿਹਾ ਕਿ ਜੇਕਰ ਪੁਲਸ ਤੇ ਪ੍ਰਸ਼ਾਸਨ ਨੇ ਉਕਤ ਔਰਤ ਦੇ ਹੱਕ 'ਚ ਕੋਈ ਸੁਣਵਾਈ ਨਾ ਕੀਤੀ ਤਾਂ ਜਥੇਬੰਦੀ ਵੱਡਾ ਸੰਘਰਸ਼ ਕਰੇਗੀ ਤੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਮੁੱਖ ਮੰਤਰੀ ਤੇ ਡੀ. ਜੀ. ਪੀ. ਪੰਜਾਬ ਤੱਕ ਪਹੁੰਚ ਕੀਤੀ ਜਾਵੇਗੀ।
ਸਰਪੰਚ ਨੇ ਦੋਸ਼ਾਂ ਨੂੰ ਨਕਾਰਿਆ : ਇਸ ਸਬੰਧੀ ਸਰਪੰਚ ਗੁਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਕੰਧ ਢਾਹੁਣ ਲਈ ਨਹੀਂ ਕਿਹਾ ਤੇ ਇਹ ਬੀਬੀ ਸਾਡੇ 'ਤੇ ਝੂਠੇ ਦੋਸ਼ ਲਾ ਰਹੀ ਹੈ। ਇਸ ਸਬੰਧੀ ਥਾਣਾ ਖਿਲਚੀਆਂ ਦੇ ਮੁੱਖ ਮੁਨਸ਼ੀ ਨੇ ਕਿਹਾ ਕਿ ਥਾਣਾ ਮੁਖੀ ਨੇ ਖੁਦ ਜਾ ਕੇ ਮੌਕਾ ਦੇਖਿਆ ਹੈ ਤੇ ਦੋਵਾਂ ਧਿਰਾਂ ਨੂੰ 2 ਵਾਰ ਥਾਣੇ ਵੀ ਸੱਦਿਆ ਹੈ, ਵਿਰੋਧੀ ਧਿਰ ਤਾਂ ਆ ਜਾਂਦੀ ਹੈ ਪਰ ਇਹ ਬੀਬੀ ਨਹੀਂ ਆ ਰਹੀ, ਜੇਕਰ ਆਏਗੀ ਤਾਂ ਹੀ ਮਸਲੇ ਦਾ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ।
ਚਾਈਨਾ ਡੋਰ ਦੀਆਂ 4 ਚਰੱਖੜੀਆਂ ਸਮੇਤ ਗ੍ਰਿਫਤਾਰ
NEXT STORY