ਲੁਧਿਆਣਾ (ਨਰਿੰਦਰ) : ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਦੰਗਲ 'ਚ ਜਿੱਥੇ ਕਈ ਸਿਆਸੀ ਆਗੂਆਂ ਵਲੋਂ ਆਪਣੀਆਂ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਹਨ, ਉੱਥੇ ਹੀ ਲੁਧਿਆਣਾ 'ਚ ਇਕ ਰੇਹੜੀ ਚਲਾਉਣ ਵਾਲਾ ਸ਼ਖਸ ਵੀ ਇਸ ਚੋਣ ਦੰਗਲ 'ਚ ਉਤਰ ਗਿਆ ਹੈ। ਜੀ ਹਾਂ, 'ਮਿਸਟਰ ਸਿੰਘ, ਬਰਗਰ ਕਿੰਗ, ਬਾਬਾ ਜੀ ਬਰਗਰ ਵਾਲੇ' ਜਿਨ੍ਹਾਂ ਦਾ ਅਸਲ ਨਾਂ ਰਵਿੰਦਰ ਪਾਲ ਸਿੰਘ ਹੈ, ਵੀ ਇਸ ਵਾਰ ਚੋਣਾਂ ਲੜਨਗੇ। ਰਵਿੰਦਰ ਪਾਲ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਬਾਹਰ ਬਰਗਰ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਨੇ ਆਪਣੀ ਰੇਹੜੀ ਨਾਲ ਇਕ ਪੋਸਟਰ ਲਾ ਰੱਖਿਆ ਹੈ, ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਉਹ ਵੀ ਲੋਕ ਸਭਾ ਚੋਣਾਂ ਲੜਨਾ ਚਾਹੁੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਜਿਹੜੇ ਬੱਚੇ ਰਵਿੰਦਰ ਪਾਲ ਸਿੰਘ ਨੂੰ 'ਜਪੁਜੀ ਸਾਹਿਬ' ਦਾ ਪਾਠ ਸੁਣਾਉਂਦੇ ਹਨ, ਉਨ੍ਹਾਂ ਨੂੰ ਰਵਿੰਦਰ ਪਾਲ ਬਰਗਰ ਮੁਫਤ 'ਚ ਦਿੰਦੇ ਹਨ, ਜਿਸ ਕਾਰਨ ਉਹ 'ਬਾਬਾ ਜੀ ਬਰਗਰ ਵਾਲੇ' ਦੇ ਨਾਂ ਨਾਲ ਮਸ਼ਹੂਰ ਹੋ ਗਏ। ਉੁਨ੍ਹਾਂ ਨੇ ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਤਲੁਜ ਦਰਿਆ 'ਚ ਮਿਲਾਈ ਜਾਂਦੀ ਗੰਦਗੀ ਨਾਲ ਜਿਹੜੇ ਲੋਕ ਜਨਤਾ ਨੂੰ ਕੈਂਸਰ ਵੰਡ ਰਹੇ ਹਨ, ਉਨ੍ਹਾਂ ਨੂੰ ਜੇਕਰ ਤੁਸੀਂ ਸਬਕ ਸਿਖਾਉਣਾ ਚਾਹੁੰਦੇ ਹੋ ਤਾਂ ਮੈਨੂੰ ਵੋਟ ਪਾਓ। ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਜੇਕਰ ਉਹ ਚੋਣਾਂ ਜਿੱਤ ਜਾਂਦੇ ਹਨ ਤਾਂ ਗਰੀਬਾਂ ਦੀ ਭਲਾਈ ਲਈ ਆਪਣੀ ਤਨਖਾਹ ਵਰਤਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਲੜਨ ਲਈ ਪੈਸਿਆਂ ਦੀ ਲੋੜ ਨਹੀਂ ਹੈ। ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਵੋਟਾਂ ਨੇੜੇ ਆਉਂਦਿਆਂ ਹੀ ਸਿਆਸੀ ਲੀਡਰਾਂ ਨੂੰ ਜਨਤਾ ਦੇ ਮੁੱਦੇ ਯਾਦ ਆ ਜਾਂਦੇ ਹਨ ਅਤੇ ਜਿੱਤਣ 'ਤੇ ਇਹ ਜਨਤਾ ਦੀ ਸਾਰ ਹੀ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਗਰੀਬ ਜਨਤਾ ਦੀ ਆਵਾਜ਼ ਬਣਨਗੇ।
ਬਦਮਾਸ਼ਾਂ ਦੀ ਗੁੰਡਾਗਰਦੀ : ਪੁੱਤ ਨਾ ਮਿਲਣ 'ਤੇ ਮਾਂ ਨਾਲ ਕੀਤੀ ਬਦਸਲੂਕੀ
NEXT STORY