ਮਾਛੀਵਾੜ ਸਾਹਿਬ (ਟੱਕਰ) : ਮਾਛੀਵਾੜਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿਹਤ ਵਿਭਾਗ ਵਲੋਂ ਵਿਦਿਆਰਥਣਾਂ ਨੂੰ ਟੀਕੇ ਲਗਾਉਣ ਤੋਂ ਬਾਅਦ ਕਈ ਕੁੜੀਆਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਸਰਕਾਰੀ ਕੰਨਿਆ ਸਕੂਲ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਟੈਟਨੈੱਸ ਦੀ ਵੈਕਸ਼ੀਨੇਸ਼ਨ ਵਿਦਿਆਰਥਣਾਂ ਨੂੰ ਲਗਾਈ ਜਾ ਰਹੀ ਹੈ। ਸਿਹਤ ਵਿਭਾਗ ਵਲੋਂ 150 ਤੋਂ ਵੱਧ ਵਿਦਿਆਰਥਣਾਂ ਨੂੰ ਇਹ ਟੀਕੇ ਲਗਾਏ ਗਏ ਤਾਂ ਇਸ ’ਚੋਂ ਕਰੀਬ 1 ਦਰਜਨ ਵਿਦਿਆਰਥਣਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਜਿਸ ਕਾਰਨ ਉਨ੍ਹਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਘਬਰਾਹਟ ’ਚ ਆ ਕੇ ਬੇਹੋਸ਼ ਹੋ ਕੇ ਡਿੱਗਣ ਲੱਗੀਆਂ। ਵਿਦਿਆਰਥਣਾਂ ਦੀ ਤਬੀਅਤ ਵਿਗੜਦੀ ਦੇਖ ਇੱਕਦਮ ਭਾਜੜਾ ਪੈ ਗਈਆਂ ਜਿਨ੍ਹਾਂ ਨੂੰ ਤੁਰੰਤ ਮਾਛੀਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ।
ਇੱਥੇ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਜਿਨ੍ਹਾਂ ਵਿਦਿਆਰਥਣਾਂ ਦੀ ਟੀਕਾ ਲਗਾਉਣ ਤੋਂ ਬਾਅਦ ਹਾਲਤ ਵਿਗੜੀ ਉਨ੍ਹਾਂ ’ਚ ਮਨਪ੍ਰੀਤ ਕੌਰ ਬੁਰਜ ਪਵਾਤ, ਅਮਨਦੀਪ ਕੌਰ ਗੜ੍ਹੀ ਬੇਟ, ਜਸਪ੍ਰੀਤ ਕੌਰ ਮੰਡ ਸੁੱਖੇਵਾਲ, ਮਨਪ੍ਰੀਤ ਕੌਰ ਝੜੌਦੀ, ਸਹਿਨਾਜ਼ ਮਾਛੀਵਾੜਾ, ਹਰਪ੍ਰੀਤ ਕੌਰ ਮਿੱਠੇਵਾਲ ਅਤੇ ਖੁਸ਼ੀ ਮਾਛੀਵਾੜਾ ਤੋਂ ਇਲਾਵਾ 4 ਹੋਰ ਕੁੜੀਆਂ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ 13 ਮਹੀਨਿਆਂ ਦੇ ਕਾਰਜਕਾਲ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ : ਕੁਲਦੀਪ ਸਿੰਘ ਧਾਲੀਵਾਲ
ਫਿਲਹਾਲ ਇਲਾਜ ਅਧੀਨ ਸਾਰੀਆਂ ਕੁੜੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਜਿਨ੍ਹਾਂ ਦੀ ਡਾਕਟਰ ਆਪਣੀ ਨਿਗਰਾਨੀ ਹੇਠ ਦੇਖਭਾਲ ਕਰ ਰਹੇ ਹਨ। ਵਿਦਿਆਰਥਣਾਂ ਦਾ ਇਲਾਜ ਕਰ ਰਹੇ ਡਾ. ਰਿਸਭ ਦੱਤ ਅਤੇ ਡਾ. ਮਨਿੰਦਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸਰਕਾਰ ਦੀਆਂ ਹਦਾਇਤਾਂ ’ਤੇ ਸਕੂਲ ’ਚ ਵਿਦਿਆਰਥਣਾਂ ਨੂੰ ਵੱਖ-ਵੱਖ ਬੀਮਾਰੀਆਂ ਸਬੰਧੀ ਟੀਕੇ ਲਗਾਏ ਜਾਂਦੇ ਹਨ ਅਤੇ ਅੱਜ ਸਰਕਾਰੀ ਕੰਨਿਆ ਸਕੂਲ ’ਚ ਵੀ ਟੈਟਨੈੱਸ ਦੀ ਵੈਕਸ਼ੀਨੇਸ਼ਨ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਟੀਕੇ ਲਗਾਉਣ ਦੌਰਾਨ ਕੁਝ ਵਿਦਿਆਰਥਣਾਂ ਨੂੰ ਘਬਰਾਹਟ ਹੋਈ ਅਤੇ ਚੱਕਰ ਆਉਣ ਲੱਗ ਪਏ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਆਂਦਾ ਗਿਆ।
ਉਨ੍ਹਾਂ ਕਿਹਾ ਕਿ ਕਰੀਬ 1 ਦਰਜਨ ਵਿਦਿਆਰਥਣਾਂ ਨੂੰ ਇਹ ਸਮੱਸਿਆ ਆਈ ਜਦਕਿ ਬਾਕੀ ਬਿਲਕੁਲ ਤੰਦਰੁਸਤ ਹਨ। ਡਾਕਟਰਾਂ ਅਨੁਸਾਰ ਵਿਦਿਆਰਥਣਾਂ ਦੀ ਤਬੀਅਤ ਕਿਉਂ ਵਿਗੜੀ ਇਸ ਸਬੰਧੀ ਵੈਕਸ਼ੀਨੇਸ਼ਨ ਟੀਕਿਆਂ ਦੀ ਜਾਂਚ ਕਰਵਾਉਣ ਲਈ ਭੇਜਿਆ ਜਾਵੇਗਾ। ਫਿਲਹਾਲ ਜੋ ਵਿਦਿਆਰਥਣਾਂ ਇਲਾਜ ਅਧੀਨ ਹਨ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਪੋਲਿੰਗ ਪ੍ਰਕਿਰਿਆ ਦੌਰਾਨ ਟਵਿਟਰ ’ਤੇ ਵਰਕਰਾਂ ਦਾ ਹੌਸਲਾ ਵਧਾਉਂਦੇ ਰਹੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੰਜਾਬ ਸਰਕਾਰ ਵੱਲੋਂ ਇਸ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਲਈ ਅਰਜ਼ੀਆਂ ਦੀ ਮੰਗ
NEXT STORY