ਚੰਡੀਗੜ੍ਹ (ਰਮਨਜੀਤ) : ਪੰਜਾਬ ’ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਮਾਮਲੇ ਅਤੇ ਦੇਸ਼ ਵਿਚੋਂ ਸਭ ਤੋਂ ਜ਼ਿਆਦਾ ਮੌਤ ਦਰ ਪੰਜਾਬ ਵਿਚ ਹੋਣ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਹ ਸਭ ਪਿਛਲੇ ਤਿੰਨ ਦਹਾਕਿਆਂ ਵਿਚ ਇਕ ਰਣਨੀਤੀ ਤਹਿਤ ਖਰਾਬ ਕੀਤਾ ਗਏ ਸਿਹਤ ਸੇਵਾਵਾਂ ਦੇ ਢਾਂਚੇ ਦਾ ਨਤੀਜਾ ਹੈ। ਸੂਬੇ ’ਚ ਸਿਹਤ ਸੇਵਾਵਾਂ ਦੀ ਮਾੜੀ ਹਾਲਤ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ’ਚ ਅੱਜ ਤੱਕ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਹੀ ਸਰਕਾਰਾਂ ਰਹੀਆਂ ਹਨ। ਸੂਬੇ ਦੇ ਲੋਕ ਇਕ ਪਾਰਟੀ ਦੀ ਸਰਕਾਰ ਤੋਂ ਦੁਖੀ ਹੋ ਕੇ ਦੂਜੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਂਪਦੇ ਰਹੇ ਹਨ ਪਰ ਕੈਪਟਨ ਅਤੇ ਬਾਦਲ ਨੇ ਨਿੱਜੀ ਹਸਪਤਾਲਾਂ ਨੂੰ ਵਧਾਉਣ ਦੇ ਚੱਕਰ ’ਚ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਕਰ ਦਿੱਤਾ। ਜੇ ਪਿਛਲੇ 4 ਸਾਲਾਂ ਦੀ ਗੱਲ ਕਰੀਏ ਤਾਂ ਕੈਪਟਨ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਠੀਕ ਕਰਨ ਲਈ ਕੀ ਉਪਰਾਲੇ ਕੀਤੇ ਗਏ ਹਨ, ਇਸ ਦਾ ਜਵਾਬ ਕਾਂਗਰਸ ਦੇ ਆਗੂਆਂ ਕੋਲ ਨਹੀਂ ਹੈ। ਚੀਮਾ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਬੇਹੱਦ ਖ਼ਰਾਬ ਹੈ। ਕੈਪਟਨ ਸਰਕਾਰ ਨੇ ਪਿਛਲੇ ਸਾਢੇ 4 ਸਾਲਾਂ ਵਿਚ ਇਕ ਵੀ ਨਵਾਂ ਸਰਕਾਰੀ ਹਸਪਤਾਲ ਨਹੀਂ ਬਣਾਇਆ। ਜਿਹੜੇ ਸਰਕਾਰੀ ਹਸਪਤਾਲ ਹਨ, ਉਨ੍ਹਾਂ ’ਚ ਵੀ ਸਾਧਨਾਂ ਅਤੇ ਮੈਡੀਕਲ ਸਟਾਫ਼ ਦੀ ਘਾਟ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਟੀਕਾਕਰਨ ਮੁਹਿੰਮ 'ਚ ਕਪੂਰਥਲਾ ਜ਼ਿਲ੍ਹੇ ਦਾ ਇਹ ਪਿੰਡ ਰਿਹਾ ਮੋਹਰੀ
ਅੱਜ ਹਸਪਤਾਲਾਂ ’ਚ ਨਾ ਡਾਕਟਰ ਹਨ, ਨਾ ਚੰਗੀਆਂ ਲੈਬੋਰੇਟਰੀਆਂ ਹਨ, ਨਾ ਦਵਾਈਆਂ, ਨਾ ਆਕਸੀਜਨ ਅਤੇ ਨਾ ਹੀ ਵੈਂਟੀਲੇਟਰ। ਕੈਪਟਨ ਸਰਕਾਰ ਸਿਹਤ ਸੇਵਾਵਾਂ ਨੂੰ ਚੰਗਾ ਕਰਨ ਦੀ ਥਾਂ ਆਪਣਾ ਝੂਠਾ ਪ੍ਰਚਾਰ ਕਰਦੀ ਰਹੀ ਹੈ ਪਰ ਕੋਰੋਨਾ ਨੇ ਸੂਬੇ ਵਿਚਲੀ ਸਿਹਤ ਸੇਵਾਵਾਂ ਦੀ ਮਾੜੀ ਵਿਵਸਥਾ ਨੂੰ ਉਜਾਗਰ ਕਰ ਦਿੱਤਾ ਹੈ। ਅੱਜ ਪੰਜਾਬ ਵਿਚ ਪੂਰੇ ਦੇਸ਼ ਵਿਚੋਂ ਜ਼ਿਆਦਾ ਮੌਤ ਦਰ 2.8 ਫੀਸਦੀ ਹੈ। ਜਦੋਂ ਕਿ ਦਿੱਲੀ ਵਿਚ ਪੰਜਾਬ ਨਾਲੋਂ ਜ਼ਿਆਦਾ ਕੋਰੋਨਾ ਪੀੜਿਤ ਮਰੀਜ਼ ਅਤੇ ਸੰਘਣੀ ਵਸੋਂ ਹੋਣ ਦੇ ਬਾਵਜੂਦ ਉਥੇ ਮੌਤ ਦਰ 1.39 ਫੀਸਦੀ ਹੈ ਭਾਵ ਪੰਜਾਬ ਨਾਲੋਂ ਅੱਧੀ ਹੈ। ਸਿਹਤ ਸੇਵਾਵਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਬਾਰੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜੀਆਂ ਸਰਕਾਰਾਂ ਆਪਣੇ ਅਦਾਰਿਆਂ ਨੂੰ ਵੇਚਣ ’ਤੇ ਲੱਗੀਆਂ ਹੋਈਆਂ ਹਨ, ਅੱਜ ਉਨ੍ਹਾਂ ਨੂੰ ਆਕਸੀਜਨ ਪਲਾਂਟ ਲਾਉਣੇ ਪੈ ਰਹੇ ਹਨ ਅਤੇ ਵਿਦੇਸ਼ਾਂ ਤੋਂ ਵੀ ਆਕਸੀਜਨ ਗੈਸ ਖਰੀਦਣੀ ਪੈ ਰਹੀ ਹੈ। ਕੋਰੋਨਾ ਨੇ ਸਾਨੂੰ ਸਿਖਾਇਆ ਹੈ ਕਿ ਸਰਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਨਾ ਕਿ ਉਨ੍ਹਾਂ ਨੂੰ ਵੇਚਣ ਦੀ, ਜਿਸ ਦੀ ਉਦਾਹਰਨ ਦਿੱਲੀ ਤੋਂ ਮਿਲਦੀ ਹੈ ਜਿਥੇ ਕੇਜਰੀਵਾਲ ਸਰਕਾਰ ਨੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਨੂੰ ਚੰਗਾ ਬਣਾਇਆ ਹੈ, ਜਿਸ ਕਰਕੇ ਦਿੱਲੀ ਦੇ ਲੋਕਾਂ ਦੀ ਜਾਨ ਬਚ ਰਹੀ ਹੈ।
ਇਹ ਵੀ ਪੜ੍ਹੋ : ‘ਛੋਟੇ ਅਪਰਾਧਾਂ ’ਚ ਜੂਨ ਤਕ ਨਾ ਹੋਵੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ’ : ਚੀਫ਼ ਜਸਟਿਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੰਜਾਬ ਦੇ ਜ਼ਿਲ੍ਹਾ ਰੂਪਨਗਰ 'ਚ ਆਕਸੀਜਨ ਤੇ ਕੋਰੋਨਾ ਵੈਕਸੀਨ ਦੀ ਨਹੀਂ ਕੋਈ ਘਾਟ
NEXT STORY