ਲੁਧਿਆਣਾ (ਸਲੂਜਾ) - ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ 1144 ਕਰੋੜ ਰੁਪਏ ਦੇ ਲੁਧਿਆਣਾ ਸਿਟੀ ਸੈਂਟਰ ਘਪਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦਿੱਤੇ ਜਾਣ 'ਤੇ ਕਿਹਾ ਕਿ ਇਸ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਮੌਜੂਦਾ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਵਿਚਕਾਰ ਹੋਇਆ ਗੁਪਤ ਰਾਜਨੀਤਕ ਸਮਝੌਤਾ 'ਤੇ ਖੇਡਿਆ ਜਾ ਰਿਹਾ ਦੋਸਤਾਨਾ ਮੈਚ ਅੱਜ ਜੱਗ ਜ਼ਾਹਿਰ ਹੋ ਗਿਆ ਹੈ।
ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਸ਼ੋਅਕਾਜ ਨੋਟਿਸ ਜਾਰੀ ਕਰਦੇ ਹੋਏ ਮਾਮਲੇ ਨੂੰ ਪੰਜਾਬ ਤੋਂ ਬਾਹਰ ਸ਼ਿਫਟ ਕੀਤਾ ਜਾਵੇ। ਇਸ ਦੇ ਨਾਲ ਹੀ ਖਹਿਰਾ ਨੇ ਲੁਧਿਆਣਾ ਕੋਰਟ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਵਿਜੀਲੈਂਸ ਵੱਲੋਂ ਜੋ ਮਾਮਲੇ ਨੂੰ ਬੰਦ ਕਰਨ ਸਬੰਧੀ ਕਲੋਜਰ ਰਿਪੋਰਟ ਸੌਂਪੀ ਗਈ ਹੈ, ਉਸ ਨੂੰ ਮਨਜ਼ੂਰ ਨਾ ਕੀਤਾ ਜਾਵੇ, ਕਿਉਂਕਿ ਸਿਟੀ ਸੈਂਟਰ ਘਪਲੇ 'ਚ ਕੈਪਟਨ ਅਮਰਿੰਦਰ ਸਿੰਘ ਸਮੇਤ 35 ਲੋਕ ਸ਼ਾਮਲ ਹਨ। ਖਹਿਰਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿਟੀ ਸੈਂਟਰ ਘਪਲੇ ਵਿਚ ਪੰਜਾਬ ਦੀ ਜਨਤਾ ਨੂੰ ਬਾਦਲ ਤੇ ਕੈਪਟਨ ਦੋਵਾਂ ਨੇ ਹੀ ਗੁੰਮਰਾਹ ਕੀਤਾ ਹੈ, ਇਸ ਦੇ ਨਾਲ ਹੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਪੰਜਾਬ 'ਤੇ ਆਰਥਿਕ ਤੌਰ 'ਤੇ ਵੀ ਬੋਝ ਪਾਇਆ ਹੈ। ਖਹਿਰਾ ਨੇ ਕਿਹਾ ਕਿ ਬਾਦਲਾਂ ਨੂੰ ਬਚਾਉਣ ਲਈ ਕੈਪਟਨ ਨੇ ਆਪਣੇ ਸਾਰੇ ਮੰਤਰੀਆਂ ਦੇ ਹੱਥ ਬੰਨ੍ਹ ਦਿੱਤੇ ਹਨ।
ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਹਾਈਕੋਰਟ ਵਿਚ ਰਿੱਟ ਦਾਇਰ ਕਰਨ ਜਾ ਰਹੇ ਹਨ, ਜਿਸ ਤਹਿਤ ਉਹ ਇਹ ਮੰਗ ਕਰਨਗੇ ਕਿ ਸਿਟੀ ਸੈਂਟਰ ਘਪਲੇ ਦੇ 1144 ਕਰੋੜ ਰੁਪਏ ਦੋਸ਼ੀਆਂ ਤੋਂ ਕਵਰ ਕਰਵਾਏ ਜਾਣ। ਇਸ ਮੌਕੇ ਡਿਪਟੀ ਐੱਲ. ਓ. ਪੀ. ਸਰਬਜੀਤ ਕੌਰ ਮਾਣੂਕੇ, ਵਿਧਾਇਕ ਜਗਤਾਰ ਸਿੰਘ ਜੱਗਾ, ਅਹਿਬਾਬ ਸਿੰਘ ਗਰੇਵਾਲ, ਦਲਜੀਤ ਸਿੰਘ ਭੋਲਾ ਗਰੇਵਾਲ ਤੇ ਹੋਰ ਮੌਜੂਦ ਸਨ।
5-6 ਸਾਲਾਂ ਤੋਂ ਟੁੱਟੀ ਗਲੀ ਦਾ ਨਹੀਂ ਹੋ ਰਿਹਾ ਨਿਰਮਾਣ
NEXT STORY