ਜਲੰਧਰ, (ਚਾਵਲਾ)- ਲੋਕ ਭਲਾਈ ਮਿਸ਼ਨ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਉਲਾਂਭੇ ਮਿਲੇ ਕਿ ਇੰਨ੍ਹਾਂ ਨੇ ਤਿੰਨਾਂ ਤਖਤਾਂ ਦੀ ਸ਼ਾਨ ਘਟਾਈ ਅਤੇ ਗੁਰੂ ਸਾਹਿਬ ਦੇ ਅਪਮਾਨ ਲਈ ਵੀ ਕਸੂਰਵਾਰ ਰਹੇ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਕਿਸਾਨ ਜਥੇਬੰਦੀਆਂ ਨਾਲ ਸ਼ਰੀਕੇਬਾਜੀ ਕਰਦਿਆਂ ਈਰਖਾ ਵਿਚ ਪੈ ਕੇ ਬਾਦਲ ਦਲ ਨੇ ਗਵਰਨਰ ਨੂੰ ਮੈਮੋਰੰਡਮ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕੀਤੀ ਕਿ ਗਵਰਨਰ ਨੂੰ ਨਵੇਂ ਬਣੇ ਕਾਨੂੰਨ ਦੇ ਮਾਮਲੇ ਵਿਚ ਯਾਦ ਪੱਤਰ ਦੇਣਗੇ ਪਰ ਬਾਦਲ ਦਲ ਨੇ ਅਰਦਾਸ ਨੂੰ ਪੂਰਾ ਕਰਨ ਦੀ ਬਜਾਏ ਗਵਰਨਰ ਨੂੰ ਮੈਮੋਰੰਡਮ ਦਿੱਤੇ ਬਿਨਾਂ ਵਾਪਸ ਆ ਕੇ ਕਿਸਾਨਾਂ ਦਾ ਮਜ਼ਾਕ ਉਡਾਇਆ ਹੈ, ਜਦਕਿ ਬਾਦਲ ਦਲ ਨੂੰ ਉਸੇ ਜਗ੍ਹਾ ’ਤੇ ਕਿਸਾਨਾਂ ਦੇ ਹੱਕ ਵਿਚ ਮੋਰਚਾ ਸ਼ੁਰੂ ਕਰ ਦੇਣਾ ਚਾਹੀਦਾ ਸੀ। ਰਾਮੂਵਾਲੀਆ ਨੇ ਦੋਸ਼ ਲਾਇਆ ਕਿ ਬਾਦਲ ਦਲ ਕਿਸਾਨਾਂ ਦੇ ਮਾਮਲੇ ਵਿਚ ਡਰਾਮੇਬਾਜ਼ੀ ਕਰ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਨੂੰ ਚਾਹੀਦਾ ਹੈ ਕਿ ਉਹ 31 ਕਿਸਾਨ ਜਥੇਬੰਦੀਆਂ ਦੀ ਅਗਵਾਈ ਨੂੰ ਕਬੂਲੇ ਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਸ਼ੰਘਰਸ ਨੂੰ ਬਿਨਾਂ ਸ਼ਰਤ ਸਮਰਥਨ ਦੇਵੇ। ਉਨ੍ਹਾਂ ਨੇ ਸੁਖਦੇਵ ਸਿੰਘ ਢੀਂਡਸਾ ਵਲੋਂ ਕਿਸਾਨ ਜਥੇਬੰਦੀਆਂ ਨੂੰ ਸਮਰਥਨ ਦੇਣ ਦੀ ਸ਼ਲਾਘਾ ਕਰਦਿਆਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਜਥੇਬੰਦੀਆਂ ਸਹਿਯੋਗ ਕਰਨ।
ਡਾ. ਚੀਮਾ ਆਪਣੀ ਜਮਾਨਤ ਵੀ ਬਚਾ ਲਵੇ ਤਾਂ ਸਿਆਸਤ ਛੱਡ ਦਿਆਂਗਾ : ਢੀਂਡਸਾ
NEXT STORY