ਰੂਪਨਗਰ, (ਵਿਜੇ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੁਆਰਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਭਾਜਪਾ ਨਾਲ ਗਠਜੋਡ਼ ਨੂੰ ਅਲਵਿਦਾ ਕਹਿਣਾ ਕਿਸਾਨਾਂ ਦੇ ਖੇਤੀ ਬਿਲਾਂ ਖਿਲਾਫ ਕੀਤੇ ਜਾ ਰਹੇ ਸੰਘਰਸ਼ ਨੂੰ ਤਾਰੋਪੀਡ਼ ਕਰਨ ਦੀ ਸਾਜਿਸ਼ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਇਹ ਆਪਸੀ ਮਿਲੀ ਭੁਗਤ ਹੈ। ਇਹ ਗੱਲ ਇਥੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਹੀ।
ਸ. ਢੀਂਡਸਾ ਇਥੇ ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਆਯੋਜਨ ’ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਬਣਕੇ ਸੁਖਬੀਰ ਸਿੰਘ ਬਾਦਲ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪਿੱਛੇ ਪਾ ਦਿੱਤਾ ਹੈ ਜਦਕਿ ਵੱਡੇ ਬਾਦਲ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਸੀ। ਮੈਂ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਪਰ ਉਹ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਖੇਤੀ ਆਰਡੀਨੈਂਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੁਆਰਾ ਬੀਤੇ ਦਿਨ ਕੀਤਾ ਗਿਆ ਧਰਨਾ ਪ੍ਰਦਰਸ਼ਨ ਵੀ ਕਿਸਾਨਾਂ ਪੱਖੀ ਨਾ ਹੁੰਦਾ ਦਿਖਾਈ ਦਿੱਤਾ ਕਿਉਂਕਿ ਉਨ੍ਹਾਂ ਕਿਸਾਨਾਂ ਦੇ ਹਿਤਾਂ ਦੀ ਗੱਲ ਘੱਟ ਅਤੇ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਗੁਣ ਵਧੇਰੇ ਗਾਏ। ਉਨ੍ਹਾਂ ਕਿਹਾ ਕਿ ਖੇਤੀ ਬਿਲਾਂ ਦੇ ਨਾਂ ’ਤੇ ਧਰਨੇ ਪ੍ਰਦਰਸ਼ਨ ਦੇ ਜ਼ਰੀਏ ਅੱਜ ਵੱਖ-ਵੱਖ ਪਾਰਟੀਆਂ ਆਪਣੀ ਪਾਰਟੀ ਦਾ ਨਾਂ ਚਮਕਾਉਣਾ ਚਾਹੁੰਦੀਆਂ ਹਨ ਜਦਕਿ ਸ਼੍ਰੋ. ਅਕਾਲੀ ਦਲ ਡੈਮੋਕ੍ਰੇਟਿਵ ਕੇਵਲ ਕਿਸਾਨਾਂ ਦੀ ਪਾਰਟੀ ਹੈ ਅਸੀਂ ਕਿਸਾਨਾਂ ਨਾਲ ਖਡ਼੍ਹੇ ਹਾਂ ।
ਸੁਖਬੀਰ ਜੇਕਰ 5 ਸੀਟਾਂ ਵੀ ਜਿੱਤ ਜਾਣ ਤਾਂ ਵੱਡੀ ਗਨੀਮਤ ਹੋਵੇਗੀ
ਉਨ੍ਹਾਂ ਕਿਹਾ ਕਿ ਅਕਾਲੀ ਦਲ (ਡੀ) ਕਿਸਾਨ ਦੇ ਤੌਰ ’ਤੇ ਹੀ ਕਿਸਾਨਾਂ ਦੇ ਸੰਘਰਸ਼ ’ਚ ਉਨ੍ਹਾਂ ਦਾ ਸਾਥ ਦੇਵੇਗੀ। ਇਸ ਦੌਰਾਨ ਫੈਡਰੇਸ਼ਨ ਨਾਲ ਸਬੰਧਤ 9 ਲੋਕਾਂ ਨੇ ਅਕਾਲੀ ਦਲ (ਡੀ) ਦਾ ਹੱਥ ਫਡ਼ਿਆ। ਰਾਜ ਸਭਾ ਮੈਂਬਰ ਦਾ ਅਹੁਦਾ ਛੱਡਣ ਦੇ ਸਵਾਲ ’ਤੇ ਸੁਖਦੇਵ ਸਿੰਘ ਢੀਂਡਸਾ ਨੇ ਪਹਿਲਾਂ ਕਿਹਾ ਕਿ ਜੇਕਰ ਕਿਸਾਨ ਕਹਿਣਗੇ ਤਾਂ ਉਹ ਛੱਡ ਦੇਣਗੇ। ਪਰ ਜਦੋ ਪੱਤਰਕਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਖੁਦ ਦਾ ਸਟੈਂਡ ਕੀ ਹੈ ਤਾਂ ਉਨ੍ਹਾਂ ਕਿਹਾ ਕਿ ਉਹ ਰਾਜ ਸਭਾ ਇਵੇਂ ਹੀ ਛੱਡ ਦੇਣ ਕਿ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਲੋਕ ਸਭਾ ਅਤੇ ਰਾਜ ਸਭਾ ਛੱਡੀ ਹੈ?
ਉਨ੍ਹਾਂ ਕਿਹਾ ਕਿ ਜੇਕਰ ਉਹ ਰਾਜ ਸਭਾ ਮੈਂਬਰ ਤੋਂ ਅਸਤੀਫਾ ਦੇ ਦੇੇਵੇ ਤਾਂ ਇਹ ਸੀਟ ਕਾਂਗਰਸ ਦੇ ਹਿੱਸੇ ’ਚ ਚਲੀ ਜਾਵੇਗੀ ਕੋਈ ਹੋਰ ਅਕਾਲੀ ਦਲ ਦਾ ਐੱਮ.ਪੀ. ਨਹੀ ਬਣ ਸਕਦਾ। ਢੀਂਡਸਾ ਨੇ ਕਿਹਾ ਕਿ ਸੁਖਬੀਰ ਕਹਿੰਦੇ ਹਨ ਕਿ ਉਨ੍ਹਾਂ ਦੇ ਮੱਥੇ ’ਤੇ ਮੁੱਖ ਮੰਤਰੀ ਅਹੁਦਾ ਲਿਖਿਆ ਹੋਇਆ ਹੈ ਜੇਕਰ ਉਹ 5 ਸੀਟਾਂ ਵੀ ਜਿੱਤ ਜਾਣ ਤਾਂ ਵੱਡੀ ਗਨੀਮਤ ਹੋਵੇਗੀ। ਢੀਂਡਸਾ ਨੇ ਕਿਹਾ ਅਕਾਲੀ ਨੇਤਾ ਡਾ. ਦਲਜੀਤ ਸਿੰਘ ਚੀਮਾ ਆਪਣੀ ਜਮਾਨਤ ਵੀ ਬਚਾ ਲਵੇ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਉਹ ਖੁਦ ਕੋਈ ਵੀ ਚੋਣ ਨਹੀਂ ਲਡ਼ਨਗੇ ਜਦਕਿ ਚੋਣ ਲਡ਼ਵਾਉਣਗੇ।
ਪੰਜਾਬ ’ਚ ਲੋਕ ਨਵੀਂ ਪਾਰਟੀ ਚਾਹੁੰਦੇ
ਉਨ੍ਹਾਂ ਕਿਹਾ ਕਿ ਜੋ ਵੀ ਮੈਂਬਰ ਪਾਰਟੀ ਨਾਲ ਜੁੜੇ ਹਨ ਮੈਂ ਯਕੀਨੀ ਦੁਵਾਉਦਾ ਹਾਂ ਕਿ ਪਾਰਟੀ ਇਨ੍ਹਾਂ ਵਰਕਰਾਂ ਦਾ ਬਣਦਾ ਮਾਣ ਸਤਿਕਾਰ ਰੱਖੇਗੀ। ਸਾਰੀਆਂ ਫੈਡਰੇਸ਼ਨਾਂ ਸਾਡੇ ਨਾਲ ਜੁਡ਼ ਗਈਆਂ ਅਤੇ ਹੋਰ ਵੀ ਹੋਲੀ ਹੋਲੀ ਜੁਡ਼ ਰਹੇ ਹਨ। ਪੰਜਾਬ ’ਚ ਲੋਕ ਨਵੀਂ ਪਾਰਟੀ ਚਾਹੁੰਦੇ ਹਨ ਅਤੇ ਅੱਜ ਲੋਕਾਂ ਦਾ ਸਾਡੀ ਪਾਰਟੀ ਨਾਲ ਜੁਡ਼ਨ ਦਾ ਰੁੱਖ ਹੋਇਆ ਹੈ।
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਹ ਖੇਤੀ ਆਰਡੀਨੈਂਸ ਦੇ ਬਿਲਕੁਲ ਖਿਲਾਫ ਹਨ ਅਤੇ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਸਭ ਤੋ ਪਹਿਲਾਂ ਚਿੱਠੀ ਲਿਖੀ ਕਿ ਉਨ੍ਹਾਂ ਦਾ ਇਹ ਗਲਤ ਫੈਸਲਾ ਹੈ। ਢੀਂਡਸਾ ਨੇ ਕਿਹਾ ਕਿ ਖੇਤੀ ਆਰਡੀਨੈਂਸ ’ਚ ਕਾਫੀ ਗੱਲਾਂ ਮਾਡ਼ੀਆਂ ਹਨ। ਕੇਂਦਰ ਸਰਕਾਰ ਦੁਆਰਾ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਮਾਰਕੀਟ ਸਿਸਟਮ ਨੂੰ ਖਤਮ ਕਰ ਦਿੱਤਾ ਜਿਸਦਾ ਪੰਜਾਬ ਨੂੰ ਨੁਕਸਾਨ ਹੈ। ਉਨ੍ਹਾਂਂ ਕਿਹਾ ਕਿ ਮੈਂ ਇੱਕ ਕਿਸਾਨ ਦਾ ਪੁੱਤਰ ਹਾਂ ਅਤੇ ਮੈਂ ਸਮਝਦਾ ਕਿ ਜਿੰਨੀ ਦੇਰ ਕਿਸਾਨ ਸੰਤੁਸ਼ਟ ਨਹੀ ਹੁੰਦੇ ਸੀ ਇਸ ਬਿੱਲ ਨੂੰ ਲਾਗੂ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਦੀ ਪਾਰਟੀ ਖੇਤੀ ਬਿਲਾਂ ਦੇ ਵਿਰੋਧ ’ਚ ਕਿਸਾਨਾਂ ਨਾਲ ਖਡ਼੍ਹੀ ਹੈ ਅਤੇ ਜੇਕਰ ਉਨ੍ਹਾਂ ਨੂੰ ਰਾਜ ਸਭਾ ਦਾ ਅਹੁਦਾ ਵੀ ਛੱਡਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਅਸੀ ਕਿਸਾਨ ਯੂਨੀਅਨਾਂ ਨਾਲ ਮਿਲ ਕੇ ਇਸ ਬਿਲ ਦੇ ਖਿਲਾਫ ਲਡ਼ਾਂਗੇ।
ਅਕਾਲੀ ਦਲ (ਡੀ.) ਐੱਸ.ਜੀ.ਪੀ.ਸੀ. ਚੋਣਾਂ ਲਈ ਪੂਰੀ ਤਰ੍ਹਾਂ ਤਿਆਰ : ਢੀਂਡਸਾ
ਢੀਂਡਸਾ ਨੇ ਕਿਹਾ ਕਿ ਅਗਲੇ ਸਾਲ ਉਨ੍ਹਾਂ ਦੀ ਪਾਰਟੀ ਐੱਸ.ਜੀ.ਪੀ.ਸੀ. ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਐੱਸ.ਜੀ.ਪੀ.ਸੀ. ਚੋਣਾਂ ਕਰਵਾਉਣ ਲਈ ਉਨ੍ਹਾਂ 6 ਮਹੀਨੇ ਪਹਿਲਾਂ ਹੋਮ ਮਨਿਸਟਰ ਨੂੰ ਚਿੱਠੀ ਲਿਖੀ ਸੀ ਪਰ ਇਸ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ, ਰਵੀਇੰਦਰ ਸਿੰਘ ਸਾਡੇ ਨਾਲ ਹੈ ਹੋਰ ਕਈ ਪਾਰਟੀਆਂ ਸਾਡੇ ਨਾਲ ਹਨ ਅਸੀਂ ਐੱਸ.ਜੀ.ਪੀ.ਸੀ. ਚੋਣ ਇਕੱਠੇ ਲਡ਼ਾਂਗੇ।
ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 54 ਨਵੇਂ ਮਾਮਲੇ ਆਏ ਸਾਹਮਣੇ, 145 ਹੋਏ ਠੀਕ
NEXT STORY