ਜਲੰਧਰ, (ਧਵਨ)- ਪੰਜਾਬ ਕਾਂਗਰਸ ਕਮੇਟੀ ਨੇ ਅੱਜ ਬਾਦਲਾਂ 'ਤੇ ਮੋੜਵਾਂ ਵਾਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਡੁੱਬਿਆ ਹੋਇਆ ਜਹਾਜ਼ ਪੰਜਾਬ ਨੂੰ ਦਿੱਤਾ, ਜੋ ਪੂਰੀ ਤਰ੍ਹਾਂ ਕੰਗਾਲੀ ਦੇ ਰਸਤੇ 'ਤੇ ਆ ਚੁੱਕਾ ਸੀ। ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਰੁਣ ਵਾਲੀਆ ਨੇ ਕਿਹਾ ਕਿ ਇਸ ਡੁੱਬੇ ਹੋਏ ਜਹਾਜ਼ ਨੂੰ ਉਭਾਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਰਭੂਰ ਕੋਸ਼ਿਸ਼ਾਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਰੋਜ਼ਾਨਾ ਕੈਪਟਨ ਸਰਕਾਰ 'ਤੇ ਝੂਠੇ ਦੋਸ਼ ਲਾ ਰਹੇ ਹਨ, ਜਦੋਂਕਿ ਅਸਲੀਅਤ ਇਹ ਹੈ ਕਿ ਕੈਪਟਨ ਨੂੰ ਮੁੱਖ ਮੰਤਰੀ ਬਣਿਆ ਅਜੇ 6 ਮਹੀਨੇ ਦਾ ਸਮਾਂ ਹੋਇਆ ਹੈ। ਅਗਲੇ 2-3 ਮਹੀਨਿਆਂ ਵਿਚ ਲੋਕ ਭਲਾਈ ਦੇ ਕੰਮ ਪੂਰੇ ਜੋਬਨ 'ਤੇ ਹੋਣਗੇ। ਕੈਪਟਨ ਲਗਾਤਾਰ ਮਿਹਨਤ ਕਰਦੇ ਹੋਏ ਰੋਜ਼ਾਨਾ ਬੈਠਕਾਂ ਕਰ ਰਹੇ ਹਨ ਤੇ ਪੰਜਾਬ ਨੂੰ ਉੱਚਾ ਚੁੱਕਣ 'ਚ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਤਾਂ ਆਪਣੇ ਰਾਜ ਵਿਚ ਨੌਜਵਾਨਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਲੈਪਟਾਪ ਤੱਕ ਨਹੀਂ ਦਿੱਤੇ ਸਨ। ਬੇਰੋਜ਼ਗਾਰੀ ਅਕਾਲੀ ਸ਼ਾਸਨ ਦੀ ਦੇਣ ਹੈ, ਜਿਨ੍ਹਾਂ ਨੇ ਪੰਜਾਬ ਨੂੰ ਨਸ਼ਿਆਂ ਵੱਲ ਧੱਕ ਦਿੱਤਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਪ ਆਗੂ ਸੁਖਪਾਲ ਸਿੰਘ ਖਹਿਰਾ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਲਈ ਲਗਾਤਾਰ ਝੂਠੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਮੁਕਾਬਲਾ ਖਹਿਰਾ ਕਦੀ ਵੀ ਨਹੀਂ ਕਰ ਸਕਦੇ। ਰਾਣਾ ਗੁਰਜੀਤ ਸਿੰਘ ਨੇ ਤਾਂ ਖਹਿਰਾ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਭੁਲੱਥ ਹਲਕੇ ਵਿਚ ਪ੍ਰੋਗਰਾਮ ਕਰ ਕੇ ਦੇਖ ਲੈਣ। ਕਾਂਗਰਸ ਉਨ੍ਹਾਂ ਨਾਲੋਂ ਵੱਡਾ ਪ੍ਰੋਗਰਾਮ ਆਯੋਜਿਤ ਕਰੇਗੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਬੜੀ ਮਿਹਨਤ ਕਰ ਰਹੀ ਹੈ ਤਾਂ ਜੋ ਜਨਤਾ ਨੂੰ ਰਾਹਤ ਮਿਲ ਸਕੇ। ਦੂਜੇ ਪਾਸੇ ਅਕਾਲੀਆਂ ਨੇ ਤਾਂ ਆਪਣੇ ਸ਼ਾਸਨਕਾਲ ਵਿਚ ਹਰ ਖੇਤਰ ਵਿਚ ਮਾਫੀਆ ਰਾਜ ਕਾਇਮ ਕਰ ਦਿੱਤਾ ਸੀ। ਲੋਕ ਇਸ ਨੂੰ ਕਿਵੇਂ ਭੁੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਅਗਲੇ 15 ਵਰ੍ਹਿਆਂ ਤੱਕ ਜਨਤਾ ਅਕਾਲੀਆਂ ਨੂੰ ਮੁਆਫ ਕਰਨ ਵਾਲੀ ਨਹੀਂ। ਇਸ ਲਈ ਅਕਾਲੀ ਆਗੂਆਂ ਨੂੰ ਸੱਤਾ ਵਿਚ ਆਉਣ ਦਾ ਸੁਪਨਾ ਹੁਣ ਨਹੀਂ ਦੇਖਣਾ ਚਾਹੀਦਾ।
ਪਦਮਸ਼੍ਰੀ ਮਾਲਿਨੀ ਅਵਸਥੀ ਦੀ ਵੀ ਫੇਸਬੁੱਕ ਪੋਸਟ ਚਰਚਾ 'ਚ
NEXT STORY