ਚੰਡੀਗੜ੍ਹ (ਅੰਕੁਰ) : ਨਵੇਂ ਸਾਲ ਦੇ ਜਸ਼ਨਾਂ ਨੂੰ ਅਮਨ ਅਤੇ ਕਾਨੂੰਨ ਦੇ ਦਾਇਰੇ 'ਚ ਰੱਖਣ ਲਈ ਪੰਜਾਬ ਪੁਲਸ ਨੇ ਇਸ ਵਾਰ ਸਖ਼ਤੀ ਦੇ ਨਾਲ-ਨਾਲ ਵਿਅੰਗਮਈ ਅੰਦਾਜ਼ 'ਚ ਵੀ ਸਪੱਸ਼ਟ ਸੁਨੇਹਾ ਦਿੱਤਾ ਹੈ। ਪੰਜਾਬ ਪੁਲਸ ਵੱਲੋਂ ਜਾਰੀ ਕੀਤੇ ਖ਼ਾਸ ਪੋਸਟਰ ਨੇ ਸਾਫ਼ ਕਰ ਦਿੱਤਾ ਹੈ ਕਿ ਜਸ਼ਨ ਮਨਾਓ ਪਰ ਕਾਨੂੰਨ ਤੋੜ ਕੇ ਨਹੀਂ। ਪੰਜਾਬ ਪੁਲਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਜਾਰੀ ਕੀਤੇ ਇਸ ਪੋਸਟਰ 'ਚ ਹੁੜਦੰਗ ਨੂੰ ਮਚਾਉਣ ਵਾਲਿਆਂ ਲਈ 'ਖ਼ਾਸ ਆਫ਼ਰ' ਦਾ ਐਲਾਨ ਕੀਤਾ ਹੈ। ਪੋਸਟਰ 'ਚ ਸਪੱਸ਼ਟ ਲਫ਼ਜ਼ਾਂ 'ਚ ਲਿਖਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਨਵੇਂ ਸਾਲ ਮੌਕੇ ਸ਼ਰਾਬ ਪੀ ਕੇ ਡਰਾਈਵਿੰਗ, ਸੜਕਾਂ 'ਤੇ ਲੜਾਈ-ਝਗੜਾ ਅਤੇ ਹੁੜਦੰਗਬਾਜ਼ੀ ਜਾਂ ਕਾਨੂੰਨ-ਵਿਵਸਥਾ ਭੰਗ ਕਰਦਾ ਮਿਲਿਆ ਤਾਂ ਉਸ ਲਈ ਸਿਟੀ ਪੁਲਸ ਸਟੇਸ਼ਨ ਵਿੱਚ ਫਰੀ ਐਂਟਰੀ ਤਿਆਰ ਹੈ।
112 'ਤੇ ਕਰੋ ਕਾਲ, ਪੁਲਸ ਖ਼ੁਦ ਆਵੇਗੀ ਸੱਦੇ 'ਤੇ
ਪੋਸਟਰ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਤੁਹਾਡੀ ਨਵੇਂ ਸਾਲ ਦੀ ਰਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇ ਤਾਂ ਤੁਸੀਂ 112 'ਤੇ ਕਾਲ ਕਰ ਕੇ ਪੁਲਸ ਨੂੰ ਸਿੱਧਾ ਸੱਦਾ ਭੇਜ ਸਕਦੇ ਹੋ। ਪੁਲਸ ਤੁਰੰਤ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰੇਗੀ। ਪੁਲਸ ਸਟੇਸ਼ਨ ਦੀ ਬਿਨਾਂ ਟਿਕਟ ਐਂਟਰੀ, 'ਸਪੈਸ਼ਲ ਟ੍ਰੀਟਮੈਂਟ ਤੇ ਪੂਰੀ ਕਾਨੂੰਨੀ ਕਾਰਵਾਈ ਦਾ ਤੋਹਫ਼ਾ ਦਿੱਤਾ ਜਾਵੇਗਾ। ਪੰਜਾਬ ਪੁਲਸ ਨੇ ਪੋਸਟਰ ਰਾਹੀਂ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਨਵੇਂ ਸਾਲ ਦੀ ਖ਼ੁਸ਼ੀ ਮਨਾਉਣਾ ਹਰ ਕਿਸੇ ਦਾ ਹੱਕ ਹੈ ਪਰ ਇਸ ਖ਼ੁਸ਼ੀ ਦੀ ਆੜ 'ਚ ਕਿਸੇ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਸਾਲ ਦੇ ਮੱਦੇਨਜ਼ਰ ਸੂਬੇ ਭਰ 'ਚ ਵਿਸ਼ੇਸ਼ ਕਾਨੂੰਨ-ਵਿਵਸਥਾ ਇੰਤਜ਼ਾਮ ਕੀਤੇ ਗਏ ਹਨ।
ਪੁਲਸ ਮੁਤਾਬਕ 31 ਦਸੰਬਰ ਦੀ ਰਾਤ ਨੂੰ ਸੜਕਾਂ 'ਤੇ ਵਾਧੂ ਨਾਕਾਬੰਦੀ, ਮੋਬਾਇਲ ਪੈਟਰੋਲਿੰਗ ਟੀਮਾਂ ਅਤੇ ਨਿਗਰਾਨੀ ਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ। ਖ਼ਾਸ ਕਰਕੇ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਕਿ ਜਾਵੇਗੀ। ਬੈਥ ਐਨਾਲਾਈਜ਼ਰ ਨਾਲ ਜਾਂਚ ਦੌਰਾਨ ਦੋਸ਼ੀ ਪਾਏ ਜਾਣ 'ਤੇ ਚਲਾਨ, ਲਾਇਸੈਂਸ ਰੱਦ ਅਤੇ ਗ੍ਰਿਫ਼ਤਾਰੀ ਤੱਕ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਪੰਜਾਬ ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿੰਮੇਵਾਰੀ ਨਾਲ ਜਸ਼ਨ ਮਨਾਉਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਦੇਖਣ 'ਤੇ ਤੁਰੰਤ ਪੁਲਸ ਨੂੰ ਸੂਚਿਤ ਕਰਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਸਾਲ ਦਾ ਸਵਾਗਤ ਸੂਬੇ ਭਰ 'ਚ ਅਮਨ, ਕਾਨੂੰਨ ਅਤੇ ਸੁਰੱਖਿਆ ਦੇ ਮਾਹੌਲ 'ਚ ਕਰਵਾਉਣਾ ਪੰਜਾਬ ਪੁਲਸ ਦੀ ਪਹਿਲ ਹੈ।
ਯਾਰਾਂ ਨਾਲ ਪਾਰਟੀ ਕਰਨ ਗਏ 17 ਸਾਲਾ ਮੁੰਡੇ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਲਾਏ ਕਤਲ ਦੇ ਦੋਸ਼
NEXT STORY