ਚੰਡੀਗੜ੍ਹ (ਅਸ਼ਵਨੀ) : ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸਪੱਸ਼ਟ ਕੀਤਾ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਮਰੀਜ਼ ਲਾਪਤਾ ਜਾਂ ਫਰਾਰ ਨਹੀਂ ਹੋਇਆ। ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਗਲਤ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਸਿੱਧੂ ਨੇ ਕਿਹਾ ਕਿ 167 ਲਾਪਤਾ ਵਿਅਕਤੀ ਜਿਨ੍ਹਾਂ ਦਾ ਲੁਧਿਆਣਾ ਦੇ ਸਿਵਲ ਸਰਜਨ ਵਲੋਂ ਜ਼ਿਕਰ ਕੀਤਾ ਗਿਆ ਸੀ, ਕੋਵਿਡ-19 ਦੇ ਸ਼ੱਕੀ ਕੇਸ ਨਹੀਂ ਸਨ, ਪਰ ਇਨ੍ਹਾਂ 'ਚ ਵਿਦੇਸ਼ੀ ਦੌਰਾ ਕਰਨ ਵਾਲੇ ਕੁਝ ਲੋਕ ਸਨ, ਜਿਨਾਂ ਨੂੰ ਭਾਰਤ ਸਰਕਾਰ ਵਲੋਂ ਰਾਬਤਾ ਕਰਨ ਦੇ ਅਧੂਰੇ ਵੇਰਵੇ ਸਾਂਝੇ ਕਰਨ ਕਰਕੇ ਲੱਭਿਆ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਇਨਾਂ ਲੋਕਾਂ ਬਾਰੇ ਹੀ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਉਹ ਕੋਰੋਨਾ ਦੇ ਸ਼ੱਕੀ ਮਾਮਲੇ ਸਨ ਜੋ ਫਰਾਰ ਜਾਂ ਗੁੰਮ ਹੋ ਗਏ।
ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' 'ਤੋਂ ਡਰੀ ਪੰਜਾਬ ਸਰਕਾਰ, 'ਹਜ਼ਾਰਾਂ ਕੈਦੀ' ਕਰੇਗੀ ਰਿਹਾਅ!
ਸਿਹਤ ਮੰਤਰੀ ਅਨੁਸਾਰ 7523 ਯਾਤਰੀਆਂ ਦੀ ਸੂਚੀ ਸੂਬਾ ਸਰਕਾਰ ਨੂੰ ਪ੍ਰਾਪਤ ਹੋਈ ਹੈ, ਇਨ੍ਹਾਂ 'ਚੋਂ 6083 ਨੇ ਨਿਗਰਾਨੀ ਦੀ ਮਿਆਦ ਪੂਰੀ ਕਰ ਲਈ ਹੈ। ਰਾਜ 'ਚ ਟੈਸਟ ਕੀਤੇ ਗਏ ਨਮੂਨਿਆਂ ਦੀ ਕੁੱਲ ਗਿਣਤੀ 117 ਰਹੀ, ਜਿਨ੍ਹਾਂ 'ਚੋਂ ਇਕ ਪਾਜ਼ੀਟਿਵ ਪਾਏ ਜਾਣ ਤੋਂ ਇਲਾਵਾ, 112 ਦੇ ਨੈਗੇਟਿਵ ਪਾਏ ਗਏ ਹਨ। ਚਾਰ ਟੈਸਟਾਂ ਦੀ ਰਿਪੋਰਟ ਹਾਲੇ ਆਉਣੀ ਹੈ। ਅੱਠ ਵਿਅਕਤੀਆਂ ਨੂੰ ਹਸਪਤਾਲਾਂ ਵਿਖੇ ਨਿਗਰਾਨੀ ਹੇਠ ਰੱਖਿਆ ਗਿਆ ਹੈ ਜਦਕਿ 1298 ਘਰਾਂ 'ਚ ਨਿਗਰਾਨੀ ਕੀਤੀ ਜਾ ਰਹੀ ਹੈ।
ਕੈਪਟਨ ਦੀ ਲੋਕਾਂ ਨੂੰ ਅਪੀਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਵਿਡ-19 ਕੋਰੋਨਾ ਵਾਇਰਸ ਨਾਲ ਲੜਨ ਲਈ ਅਸੀਂ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹਾਂ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਲੋਕ ਇਸ ਦੇ ਤੱਥਾਂ ਨੂੰ ਚੰਗੀ ਤਰ੍ਹਾਂ ਸਮਝਣ, ਸਗੋਂ ਸਿਰਫ ਸੁਣਨ 'ਤੇ ਵਿਸ਼ਵਾਸ ਨਾ ਕਰਨ ਅਤੇ ਇਸ ਤੋਂ ਬਚਾਅ ਲਈ ਦੱਸੀਆਂ ਗਈਆਂ ਜ਼ਰੂਰੀ ਗੱਲਾਂ 'ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਰੋਨਾ ਵਾਇਰਸ ਤੋਂ ਬਚਾਅ ਲਈ 24 ਘੰਟੇ ਕੰਮ ਕਰ ਰਹੀ ਹੈ ਪਰ ਅਸੀਂ ਇਸ ਖਿਲਾਫ ਤਾਂ ਹੀ ਜਿੱਤ ਸਕਾਂਗੇ, ਜੇਕਰ ਤੁਸੀਂ ਵੀ ਸਾਡਾ ਸਾਥ ਦਿਓਗੇ ਅਤੇ ਕੋਰੋਨਾ ਬਾਰੇ ਦੱਸੀਆਂ ਜ਼ਰੂਰੀ ਗੱਲਾਂ 'ਤੇ ਅਮਲ ਕਰੋਗੇ।
ਕੋਰੋਨਾ ਕਾਰਨ ਖੁੱਸਿਆ ਰੋਜ਼ਗਾਰ, ਹੁਣ ਤੁਹਾਡੇ ਖਾਤੇ 'ਚ ਹਰ ਮਹੀਨੇ ਪੈਸੇ ਭੇਜੇਗੀ ਸਰਕਾਰ!
NEXT STORY