ਬਾਲਿਆਂਵਾਲੀ (ਸ਼ੇਖਰ): ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਬਾਲਿਆਂਵਾਲੀ ਦੀਆਂ 3 ਕੁੜੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਇਲਾਕੇ ਅੰਦਰ ਸਨਸਨੀ ਫੈਲ ਗਈ। ਇਹ ਤਿਨੋਂ ਕੁੜੀਆਂ ਵੱਖ-ਵੱਖ ਤਿੰਨ ਪਿੰਡਾਂ ਨਾਲ ਸਬੰਧਤ ਹਨ ਜਿਸ ਕਾਰਨ ਪੂਰੇ ਇਲਾਕੇ ਵਿਚ ਹੀ ਸਹਿਮ ਦਾ ਮਾਹੌਲ ਬਣ ਗਿਆ। ਇਸ ਦੌਰਾਨ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੀ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਕਿਉਂਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਕੋਰੋਨਾ ਪਾਜ਼ੇਟਿਵ ਪਾਏ ਜਾਣ ਵਾਲੀਆਂ ਵਿਦਿਆਰਥਣਾਂ ਦੀਆਂ ਜਮਾਤਾਂ ਦੇ ਬਾਕੀ ਬੱਚਿਆਂ ਦਾ ਕੋਰੋਨਾ ਟੈਸਟ ਕੀਤਾ ਹੀ ਨਹੀਂ ਗਿਆ ਜਦ ਕਿ ਇਸ ਮਾਮਲੇ ਵਿਚ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਇਕ ਦੂਜੇ ’ਤੇ ਦੋਸ਼ ਮੜ੍ਹੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸਾਨੂੰ ਸਸਪੈਂਡ ਦੀ ਕੋਈ ਪ੍ਰਵਾਹ ਨਹੀਂ, ਚਾਹੇ ਫਾਂਸੀ ਲੱਗ ਜਾਵੇ ਅਸੀਂ ਸਦਨ ਨਹੀਂ ਚੱਲਣ ਦੇਵਾਂਗੇ: ਪ੍ਰਤਾਪ ਬਾਜਵਾ
ਕੀ ਕਹਿੰਦੇ ਨੇ ਐੱਸ.ਐੱਮ.ਓ.:-
ਇਸ ਮਾਮਲੇ ਬਾਰੇ ਅਸ਼ਵਨੀ ਕੁਮਾਰ ਐੱਸ.ਐੱਮ.ਓ. ਬਾਲਿਆਂਵਾਲੀ ਨੇ ਕਿਹਾ ਕਿ ਸਰਕਾਰੀ ਸਕੂਲ (ਕੁੜੀਆਂ) ਦੀਆਂ +1 ਆਰਟਸ ਗਰੁੱਪ ਦੀਆਂ 2 ਕੁੜੀਆਂ ਅਤੇ +2 ਸਾਇੰਸ ਗਰੁੱਪ ਦੀ 1 ਕੁੜੀ ਪਾਜ਼ੇਟਿਵ ਪਾਈ ਗਈ ਹੈ। ਇਹ ਕੁੜੀਆਂ ਬਾਲਿਆਂਵਾਲੀ, ਭੂੰਦੜ ਅਤੇ ਕੋਟੜਾ ਕੌੜਾ ਪਿੰਡ ਨਾਲ ਸਬੰਧਤ ਹਨ। ਪੂਰੀਆਂ ਜਮਾਤਾਂ ਦਾ ਟੈਸਟ ਨਾ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਸਕੂਲੀ ਅਧਿਆਪਕਾਂ ਨੂੰ ਉਕਤ ਜਮਾਤਾਂ ਦੇ ਸਾਰੇ ਬੱਚਿਆਂ ਦਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ ਪਰ ਉਹ ਗੱਲ ਨੂੰ ਸਮਝ ਨਾ ਸਕੇ ਅਤੇ ਸਾਰੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਜਮਾਤਾਂ ਦੀਆਂ ਵਿਦਿਆਰਥਣਾਂ ਨੂੰ ਆਪਣੇ ਨੇੜਲੇ ਸਿਹਤ ਕੇਂਦਰ ਵਿਚ ਟੈਸਟ ਕਰਵਾਉਣ ਦੀ ਹਦਾਇਤ ਭੇਜੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ.ਸ.ਸ.ਸ. (ਮੁੰਡੇ) ਦੇ +1 ਅਤੇ +2 ਜਮਾਤ ਦੇ ਬੱਚੇ ਟੈਸਟ ਹੋਣ ਬਾਰੇ ਪਤਾ ਲਗਦਿਆਂ ਹੀ ਸਕੂਲ ਵਿਚੋਂ ਦੌੜ ਗਏ ਸਨ ਅਤੇ ਫਿਰ ਛੋਟੇ ਬੱਚਿਆਂ ਦੀ ਸੈਂਪਲਿੰਗ ਕੀਤੀ ਗਈ।
ਇਹ ਵੀ ਪੜ੍ਹੋ : ਮੋਟਰਸਾਈਕਲ-ਪਿੱਕਅਪ ਦੀ ਟੱਕਰ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ,ਘਰ ’ਚ ਵਿਛੇ ਸੱਥਰ
ਕੀ ਕਹਿੰਦੇ ਨੇ ਸਕੂਲ ਪ੍ਰਿੰਸੀਪਲ:-
ਦੂਜੇ ਪਾਸੇ ਸ.ਸ.ਸ.ਸ. ਬਾਲਿਆਂਵਾਲੀ (ਗ) ਦੀ ਪ੍ਰਿੰਸੀਪਲ ਮਨਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਦੇ ਕਹਿਣ ’ਤੇ ਹੀ ਬੱਚਿਆਂ ਨੂੰ ਘਰ ਭੇਜਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਟੀਮ ਕੋਲ ਟੈਸਟ ਕਰਨ ਲਈ ਸਿਰਫ਼ 50 ਕਿੱਟਾਂ ਹੀ ਸਨ ਅਤੇ ਦੁਬਾਰਾ ਟੈਸਟ ਕਰਨ ਲਈ ਉਨ੍ਹਾਂ ਪਾਸ ਕਿੱਟਾਂ ਹੀ ਨਹੀਂ ਬਚੀਆਂ ਸਨ। ਉਨ੍ਹਾਂ ਦੱਸਿਆ ਕਿ ਸਿਹਤ ਅਧਿਕਾਰੀਆਂ ਦੇ ਕਹਿਣ `ਤੇ ਪਾਜ਼ੇਟਿਵ ਪਾਏ ਗਏ 3 ਬੱਚਿਆਂ ਦੇ ਮਾਪਿਆਂ ਨੂੰ ਸੱਦ ਕੇ ਘਰ ਭੇਜ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਕ ਜਮਾਤ ਦੇ 2 ਜਾਂ ਵੱਧ ਬੱਚੇ ਪਾਜ਼ੇਟਿਵ ਪਾਏ ਜਾਣ ਵਾਲੇ ਸਕੂਲ ਨੂੰ 14 ਦਿਨਾਂ ਲਈ ਬੰਦ ਕਰਨ ਦਾ ਆਦੇਸ਼ ਹੈ। ਐੱਸ.ਐੱਮ. ਓ. ਬਾਲਿਆਂਵਾਲੀ ਵਲੋਂ ਉਕਤ ਸਕੂਲ ਨੂੰ 14 ਦਿਨਾਂ ਲਈ ਬੰਦ ਕਰਨ ਸਬੰਧੀ ਲੈਟਰ ਭੇਜਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਧੀ ਨੂੰ ਵਧੀਆ ਖ਼ਿਡਾਰੀ ਬਣਾਉਣ ਲਈ ਛੱਡੀ ਫ਼ੌਜ ਦੀ ਨੌਕਰੀ,ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਪਿਤਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ?
ਗੁਰਪਤਵੰਤ ਸਿੰਘ ਪੰਨੂ ਦੇ ਜੱਦੀ ਪਿੰਡ 'ਚ ਲਹਿਰਾਇਆ ਗਿਆ 'ਤਿਰੰਗਾ' (ਤਸਵੀਰਾਂ)
NEXT STORY