ਫਿਰੋਜ਼ਪੁਰ/ ਮੋਹਾਲੀ (ਕੁਮਾਰ, ਪਰਮਜੀਤ ਸੋਢੀ, ਖੁੱਲਰ) : ਭਾਰਤ ਅਤੇ ਪਾਕਿਸਤਾਨ ਵਿਚਾਲੇ ਲਗਾਤਾਰ ਵੱਧ ਰਹੇ ਤਣਾਅ ਦਰਮਿਆਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਬਾਅਦ ਫਿਰੋਜ਼ਪੁਰ ਅਤੇ ਮੋਹਾਲੀ ਜ਼ਿਲ੍ਹਿਆਂ 'ਚ ਜ਼ਰੂਰੀ ਚੀਜ਼ਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ 'ਤੇ ਪਾਬੰਦੀ ਲਾ ਦਿੱਤੀ ਗਈ ਹੈ।
ਭੰਡਾਰਨ 'ਤੇ ਮਨਾਹੀ ਦੇ ਹੁਕਮ
ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਵੱਲੋਂ ਜਨਤਕ ਹਿੱਤਾਂ ਦੀ ਰਾਖੀ ਅਤੇ ਜ਼ਰੂਰੀ ਵਸਤੂਆਂ ਦੀ ਨਿਰਵਿਘਨ ਉਪਲੱਬਧਤਾ ਨੂੰ ਕਾਇਮ ਰੱਖਣ ਲਈ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ ਅਤੇ ਭੰਡਾਰਨ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਕਿਸੇ ਵੀ ਵਿਅਕਤੀ, ਵਪਾਰੀ ਆਦਿ ਨੂੰ ਜ਼ਰੂਰੀ ਵਸਤੂਆਂ ਦਾ ਭੰਡਾਰ ਕਰਨ ਦੀ ਇਜਾਜ਼ਤ ਨਹੀਂ ਹੈ, ਜਿਸ ’ਚ ਅਨਾਜ, ਪਸ਼ੂਆਂ ਦਾ ਚਾਰਾ, ਦੁੱਧ ਅਤੇ ਡੇਅਰੀ ਪ੍ਰੋਡਕਟ, ਪੈਟਰੋਲ, ਡੀਜ਼ਲ, ਦਵਾਈਆਂ ਆਦਿ ਤੋਂ ਇਲਾਵਾ ਰੋਜ਼ਾਨਾ ਲੋੜ ਦੀਆਂ ਵਸਤਾਂ ਸ਼ਾਮਲ ਹਨ। ਉਨ੍ਹਾਂ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਸੰਯਮ ਨਾਲ ਅਤੇ ਸੋਚ-ਵਿਚਾਰ ਕੇ ਖ਼ਰੀਦਦਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਘਬਰਾਹਟ ’ਚ ਆ ਕੇ ਧੜਾਧੜ ਖ਼ਰੀਦਦਾਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਐਮਰਜੈਂਸੀ ਹਾਲਾਤ ਜਾਂ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨਾਲ ਖੜ੍ਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸਵੇਰੇ-ਸਵੇਰੇ ਸਾਇਰਨ ਵੱਜਣੇ ਸ਼ੁਰੂ, ਮੋਹਾਲੀ ਵੀ ਅਲਰਟ 'ਤੇ
ਮੋਹਾਲੀ ’ਚ ਜ਼ਰੂਰੀ ਵਸਤੂਆਂ ਦੇ ਭੰਡਾਰਨ ਅਤੇ ਜਮ੍ਹਾਂਖੋਰੀ ’ਤੇ ਪਾਬੰਦੀ
ਮੋਹਾਲੀ (ਰਣਬੀਰ) : ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਵੀਰਵਾਰ ਸ਼ਾਮ ਨੂੰ ਜ਼ਿਲ੍ਹੇ ’ਚ ਜ਼ਰੂਰੀ ਵਸਤੂਆਂ ਦੇ ਭੰਡਾਰਨ ਤੇ ਜਮ੍ਹਾਂਖੋਰੀ ’ਤੇ ਪਾਬੰਦੀ ਲਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਖਾਣ-ਪੀਣ ਦੀਆਂ ਵਸਤੂਆਂ, ਪੈਟਰੋਲ-ਡੀਜ਼ਲ, ਚਾਰਾ ਤੇ ਹੋਰ ਰੋਜ਼ਾਨਾ ਲੋੜੀਂਦੀਆਂ ਵਸਤੂਆਂ ਦੇ ਭੰਡਾਰਨ ਨੂੰ ਰੋਕਣ ਲਈ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਿਸੇ ਵੀ ਵਿਅਕਤੀ, ਵਪਾਰੀ ਜਾਂ ਸੰਸਥਾ ਨੂੰ ਜ਼ਰੂਰੀ ਵਸਤੂਆਂ ਦੇ ਭੰਡਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ’ਚ ਅਨਾਜ ਤੇ ਵਸਤੂਆਂ, ਚਾਰਾ, ਦੁੱਧ ਤੇ ਡੇਅਰੀ ਉਤਪਾਦ, ਪੈਟਰੋਲ ਤੇ ਹੋਰ ਬਾਲਣ ਤੇ ਰੋਜ਼ਾਨਾ ਲੋੜਾਂ ਦੀਆਂ ਵਸਤੂਆਂ ਸ਼ਾਮਲ ਹਨ। ਅਜਿਹੀ ਕਿਸੇ ਵੀ ਸ਼ਿਕਾਇਤ ਦੀ ਸੂਰਤ ’ਚ ਨਾਗਰਿਕ ਜਮ੍ਹਾਂਖੋਰੀ, ਕਾਲਾਬਾਜ਼ਾਰੀ ਜਾਂ ਕੀਮਤਾਂ ’ਚ ਹੇਰਾ-ਫੇਰੀ ਦੇ ਕਿਸੇ ਵੀ ਮਾਮਲੇ ਦੀ ਸ਼ਿਕਾਇਤ ਸਬੰਧਿਤ ਅਧਿਕਾਰੀਆਂ ਨੂੰ ਕਰ ਸਕਦੇ ਹਨ। ਸ਼ਿਕਾਇਤ ਕਰਨ ਲਈ ਕੰਟਰੋਲ ਰੂਮ ਦੇ ਸੰਪਰਕ ਵੇਰਵੇ ਇਸ ਤਰ੍ਹਾਂ ਹਨ
ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ (ਜ਼ਰੂਰੀ ਵਸਤੂਆਂ/ਪੈਟਰੋਲ ਡੀਜ਼ਲ/ਆਦਿ ਲਈ) : 99152-19038
ਪਸ਼ੂ ਪਾਲਣ ਵਿਭਾਗ (ਪਸ਼ੂ ਪਾਲਣ ਸੇਵਾਵਾਂ ਲਈ) : 98159-91677
ਮੰਡੀ ਬੋਰਡ (ਮੰਡੀ ਨਾਲ ਸਬੰਧਿਤ ਸਬਜ਼ੀਆਂ ਆਦਿ ਲਈ) : 94642-92474
ਮਾਰਕਫੈੱਡ ਤੇ ਮਿਲਕਫੈੱਡ (ਪਸ਼ੂਆਂ ਦੇ ਚਾਰੇ ਲਈ) : 78883-27611, 95015-02846
ਡੀ.ਐੱਮ., ਮਾਰਕਫੈੱਡ (ਸੁੱਕੇ ਰਾਸ਼ਨ ਲਈ): 78883-27611, 95922-22077
ਡੀ. ਐੱਮ, ਵੇਰਕਾ, (ਦੁੱਧ ਤੇ ਡੇਅਰੀ ਉਤਪਾਦਾਂ ਲਈ) : 84279-00558
ਇਹ ਵੀ ਪੜ੍ਹੋ : ਵੱਧਦੇ ਤਣਾਅ ਵਿਚਾਲੇ ਰੱਦ ਹੋਈਆਂ ਮੁਲਾਜ਼ਮਾਂ ਦੀਆਂ ਛੁੱਟੀਆਂ! ਜਾਰੀ ਹੋਏ ਸਖ਼ਤ ਹੁਕਮ
ਘਬਰਾਓ ਨਹੀਂ, ਸੁਚੇਤ ਰਹੋ- ਜ਼ਿਲ੍ਹਾ ਮੈਜਿਸਟ੍ਰੇਟ
ਜਲਾਲਾਬਾਦ (ਜਤਿੰਦਰ, ਆਦਰਸ਼) : ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਆਈ. ਏ. ਐੱਸ. ਨੇ ਵਰਤਮਾਨ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਪਰ ਸੁਚੇਤ ਰਹਿਣ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਅਤੇ ਹਰ ਸਥਿਤੀ ਤੇ ਨਜਰ ਰੱਖੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਲੋਕਾਂ ਨੂੰ ਜਾਣੂੰ ਕਰਦਿਆਂ ਕਿਹਾ ਕਿ ਕਿਸੇ ਵੀ ਅਪਾਤ ਸਥਿਤੀ ਪ੍ਰਤੀ ਸੁਚੇਤ ਰਹਿਣ ਲਈ ਕੁਝ ਮੁੱਢਲੇ ਨਿਯਮ ਹਨ, ਜਿਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਖ਼ਤਰੇ ਦਾ ਸੰਕੇਤ ਮਿਲੇ ਤਾਂ ਸਭ ਤੋਂ ਪਹਿਲਾਂ ਕਿਸੇ ਇਮਾਰਤ ਦੇ ਅੰਦਰ ਸ਼ਰਨ ਲੈਣੀ ਹੈ। ਜੇਕਰ ਇਮਾਰਤ ਬਹੁ-ਮੰਜ਼ਿਲ੍ਹਾ ਹੋਵੇ ਤਾਂ ਉਸਦੇ ਹੇਠਲੇ ਤਲ ਤੇ ਆ ਜਾਓ। ਹਰ ਤਰ੍ਹਾਂ ਦੀ ਲਾਈਟ ਬੰਦ ਕਰ ਦਿਓ। ਗੈਸ ਸਿੰਲਡਰ ਦੀ ਸਪਲਾਈ ਵੀ ਵਰਤੋਂ ਨਾ ਹੋਣ ਸਮੇਂ ਬੰਦ ਰੱਖੋ। ਘਰ ਦੇ ਅੰਦਰ ਵੀ ਕਿਸੇ ਕੋਨੇ ਵਿਚ ਦੀਵਾਰ ਨਾਲ ਲੁਕੋ। ਖਿੜਕੀ ਵਿਚ ਨਾ ਆਓ। ਜਦ ਤੱਕ ਆਮ ਹਾਲਾਤ ਦਾ ਸੰਕੇਤ ਨਹੀਂ ਮਿਲਦਾ. ਬਾਹਰ ਨਾ ਨਿਕਲੋ। ਜੇਕਰ ਨੇੜੇ ਇਮਾਰਤ ਨਾ ਹੋਵੇ ਤਾਂ ਕਿਸੇ ਦਰਖੱਤ ਦੀ ਓਟ ਲਈ ਜਾਵੇ। ਜੇਕਰ ਵਾਹਨ ਚਲਾ ਰਹੇ ਹੋ ਤਾਂ ਵਾਹਨ ਸੜਕ ਕਿਨਾਰੇ ਰੋਕ ਉਸਦੀਆਂ ਲਾਈਟਾਂ ਬੰਦ ਕਰਕੇ ਧਰਤੀ ਤੇ ਛਾਤੀ ਦੇ ਭਾਰ ਲੇਟ ਲਵੋ ਅਤੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰ ਲਵੋ। ਉਨ੍ਹਾਂ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਰਾਤ ਸਮੇਂ ਕੋਈ ਵੀ ਗੈਰ-ਜ਼ਰੂਰੀ ਲਾਈਟ ਨਾ ਜਗਾਈ ਜਾਵੇ ਅਤੇ ਖ਼ਤਰੇ ਸਮੇਂ ਇਨਵਰਟਰ, ਜਨਰੇਟਰ ਸਮੇਤ ਕਿਸੇ ਵੀ ਤਰੀਕੇ ਨਾਲ ਕੋਈ ਰੌਸ਼ਨੀ ਨਹੀਂ ਕਰਨੀ ਹੈ। ਸਾਉਣ ਸਮੇਂ ਵੀ ਯਕੀਨੀ ਕਰੋ ਕਿ ਘਰ ਦੇ ਬਾਹਰ ਜਾਂ ਅੰਦਰ ਦੀ ਕਿਸੇ ਲਾਈਟ ਦੀ ਰੌਸ਼ਨੀ ਬਾਹਰ ਨਾ ਜਾ ਰਹੀ ਹੋਵੇ ਅਤੇ ਲਾਈਟਾਂ ਬੰਦ ਕਰ ਦਿਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਪਾਕਿ ਵਿਚਾਲੇ ਜੰਗ ਨੂੰ ਲੈ ਕੇ ਭਵਿੱਖਬਾਣੀ, ਇੰਨੇ ਦਿਨਾਂ ਤੱਕ ਰਹੇਗੀ ਹਮਲੇ ਦੀ ਮਿਆਦ
NEXT STORY