ਚੰਡੀਗੜ੍ਹ (ਸੁਸ਼ੀਲ ਰਾਜ) : ਨਗਰ ਨਿਗਮ ਦੇ ਕਰੋੜਾਂ ਰੁਪਏ ਦੇ ਘਪਲੇ ’ਚ ਫਸੇ ਆਈ. ਡੀ. ਐੱਫ. ਸੀ. ਬੈਂਕ ਮੈਨੇਜਰ ਰਿਭਵ ਰਿਸ਼ੀ ਨੇ ਐੱਨ. ਆਰ. ਆਈ. ਦੇ ਖ਼ਾਤੇ ਤੋਂ ਢਾਈ ਕਰੋੜ ਰੁਪਏ ਦੀ ਠੱਗੀ ਕੀਤੀ ਸੀ। ਰਿਭਵ ਨੇ ਐੱਨ. ਆਰ. ਆਈ. ਦੇ ਖ਼ਾਤੇ ਤੋਂ ਕਰੋੜਾਂ ਰੁਪਏ ਪਤਨੀ ਅਤੇ ਫਿਨਟੈਕ ਸਰਵਿਸੇਜ਼ ਕੰਪਨੀ ਦੇ ਖ਼ਾਤੇ ’ਚ ਟਰਾਂਸਫਰ ਕੀਤੇ ਸਨ। ਯੂਨਾਈਟਿਡ ਕਿੰਗਡਮ ਨਿਵਾਸੀ ਤਰਨਜੀਤ ਕੌਰ ਬੈਂਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਸੈਕਟਰ-22 ਸਥਿਤ ਆਈ. ਡੀ. ਐੱਫ. ਸੀ. ਬੈਂਕ ਮੈਨੇਜਰ ਰਿਭਵ ਰਿਸ਼ੀ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਢਾਈ ਕਰੋੜ ਦੀ ਠੱਗੀ, ਧੋਖਾਧੜੀ, ਅਪਰਾਧਿਕ ਵਿਸ਼ਵਾਸਘਾਤ, ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਤਰਨਜੀਤ ਕੌਰ ਬੈਂਸ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਗ੍ਰੇਟਰ ਲੰਦਨ, ਯੂਨਾਈਟੇਡ ਕਿੰਗਡਮ ’ਚ ਰਹਿੰਦੀ ਹੈ।
ਸੈਕਟਰ-21ਏ ’ਚ ਮਕਾਨ ਨੰਬਰ 342 ਨੂੰ ਵੇਚਣ ਲਈ 2020 ’ਚ ਪ੍ਰਕਿਰਿਆ ਸ਼ੁਰੂ ਕੀਤੀ ਸੀ। ਲੈਣ-ਦੇਣ ਸਬੰਧੀ ਪੰਜਾਬ ਨੈਸ਼ਨਲ ਬੈਂਕ ਦੇ ਸੇਵਾਮੁਕਤ ਅਧਿਕਾਰੀ ਆਰ. ਕੇ. ਰਿਸ਼ੀ ਨਾਲ ਸੰਪਰਕ ਕੀਤਾ। ਉਸਨੇ ਆਪਣੇ ਬੇਟੇ ਦੀ ਸੈਕਟਰ-22 ਸਥਿਤ ਆਈ. ਡੀ. ਐੱਫ. ਸੀ. ਬੈਂਕ ਮੈਨੇਜਰ ਰਿਭਵ ਰਿਸ਼ੀ ਨਾਲ ਮੁਲਾਕਾਤ ਕਰਵਾਈ। ਰਿਭਵ ਰਿਸ਼ੀ ਨੇ ਚੰਗੇ ਰਿਟਰਨ ਦੀ ਗੱਲ ਕਹਿੰਦੇ ਹੋਏ ਆਪਣੇ ਬੈਂਕ ’ਚ ਸੇਵਿੰਗ ਅਕਾਊਂਟ ਖੁੱਲ੍ਹਵਾਉਣ ਲਈ ਕਿਹਾ। ਉਨ੍ਹਾਂ ਖ਼ਾਤਾ ਖੁੱਲ੍ਹਵਾ ਕੇ ਲੱਖਾਂ ਰੁਪਏ ਜਮ੍ਹਾਂ ਕਰਵਾ ਦਿੱਤੇ। ਉਹ 4 ਮਾਰਚ, 2020 ਨੂੰ ਭਾਰਤ ਆਏ। ਇਸ ਦੌਰਾਨ ਕੋਵਿਡ-19 ਦੀ ਮਹਾਮਾਰੀ ਕਾਰਨ ਜੂਨ 2020 ’ਚ ਵਾਪਸ ਯੂਨਾਈਟਿਡ ਕਿੰਗਡਮ ਚਲੇ ਗਏ। 2023 ’ਚ ਸਿਰਫ ਇੱਕ ਵਾਰ ਭਾਰਤ ਆਏ ਅਤੇ 6 ਮਾਰਚ, 2023 ਨੂੰ ਚਲੇ ਗਏ। 2023-2024 ਵਿਚਕਾਰ ਰਿਭਵ ਰਿਸ਼ੀ, ਸਬੰਧਿਤ ਰਿਲੇਸ਼ਨਸ਼ਿਪ ਮੈਨੇਜਰ ਅਤੇ ਹੋਰ ਬੈਂਕ ਅਧਿਕਾਰੀਆਂ ਦੇ ਸੰਪਰਕ ’ਚ ਰਹੇ। ਸਾਰੇ ਬੈਂਕ ਨਿਵੇਸ਼ ਯੋਜਨਾਵਾਂ ਅਤੇ ਆਈ. ਪੀ. ਓ. ਦੀ ਜਾਣਕਾਰੀ ਦੇ ਵੱਡਾ ਮੁਨਾਫ਼ੇ ਦੀ ਗੱਲ ਕਹਿੰਦੇ ਸੀ।
ਰਿਭਵ ਰਿਸ਼ੀ ਅਤੇ ਹੋਰ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਦੇ ਪੈਸੇ ਬੈਂਕ ਸਕੀਮ ’ਚ ਜਮ੍ਹਾਂ ਨਹੀਂ ਕੀਤੇ, ਪੈਸਾ ਨਿੱਜੀ ਕੰਪਨੀਆਂ ਅਤੇ ਤੀਜੀ-ਧਿਰ ਦੇ ਖ਼ਾਤਿਆਂ ’ਚ ਟਰਾਂਸਫਰ ਕਰ ਦਿੱਤਾ ਸੀ। ਜਨਵਰੀ-ਫਰਵਰੀ 2025 ’ਚ ਰਿਭਵ ਤੋਂ ਐੱਨ. ਆਰ. ਆਈ. ਖ਼ਾਤੇ ਤੋਂ ਯੂ. ਕੇ. ਖਾਤੇ ਵਿਚ ਇਕ ਕਰੋੜ ਟਰਾਂਸਫਰ ਕਰਨ ਲਈ ਕਿਹਾ। ਇਸ ਦੇ ਬਾਅਦ ਮਾਰਚ 2025 ਤੱਕ ਸਾਰੇ ਨਿਵੇਸ਼ ਬੰਦ ਕਰਨ ਲਈ ਕਿਹਾ। ਰਿਭਵ ਨੇ ਕਿਹਾ ਕਿ 28 ਫਰਵਰੀ, 2025 ਤੱਕ ਇਕ ਕਰੋੜ ਰੁਪਏ ਟਰਾਂਸਫਰ ਕਰ ਦੇਵੇਗਾ, ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਭਰੋਸੇ ਦਿੰਦਾ ਰਿਹਾ। ਮਈ 2025 ’ਚ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਤੋਂ ਰਿਭਵ ਨੇ ਆਪਣੀ ਪਤਨੀ ਦਿੱਵਿਆ ਅਰੋੜਾ ਦੇ ਖ਼ਾਤੇ ਵਿਚ ਪੈਸੇ ਟਰਾਂਸਫਰ ਕੀਤੇ ਹਨ। ਫਰਵਰੀ ਤੱਕ ਰਿਭਵ ਨੇ ਮੂਲ ਰਕਮ ਵਿਆਜ ਸਮੇਤ ਵਾਪਸ ਕਰਨ ਦੀ ਗੱਲ ਕਹੀ। ਸ਼ਿਕਾਇਤਕਰਤਾ ਨੂੰ ਅਖ਼ਬਾਰਾਂ ਰਾਹੀਂ ਰਿਭਵ ਦਾ ਨਾਮ 2590 ਕਰੋੜ ਰੁਪਏ ਦੇ ਘਪਲੇ ’ਚ ਆਉਣ ਅਤੇ ਗ੍ਰਿਫ਼ਤਾਰ ਹੋਣ ਦੀ ਜਾਣਕਾਰੀ ਮਿਲੀ।
ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਬੈਂਕ ਖ਼ਾਤੇ ਤੋਂ ਕਰੋੜਾਂ ਰੁਪਏ ਕੈਪਕੋ ਫਿਨਟੈਕ ਸਰਵਿਸਿਜ਼ ਵਰਗੀਆਂ ਸੰਸਥਾਵਾਂ ਨੂੰ ਟਰਾਂਸਫਰ ਕੀਤੇ ਗਏ ਸਨ ਅਤੇ ਕੁੱਝ ਰਕਮ ਬਾਅਦ ਵਿਚ ਵੱਖ-ਵੱਖ ਕੰਪਨੀਆਂ ਰਾਹੀਂ ਵਾਪਸ ਜਮ੍ਹਾਂ ਕੀਤੀ ਗਈ। 22 ਫਰਵਰੀ, 2026 ਨੂੰ ਬੈਂਕ ਨੇ ਉਨ੍ਹਾਂ ਨੂੰ ਈ. ਮੇਲ ਭੇਜ ਕੇ ਢਾਈ ਕਰੋੜ ਰੁਪਏ ਟਰਾਂਸਫਰ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਤੁਰੰਤ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐੱਨ. ਸੀ. ਆਰ. ਪੀ.) ’ਤੇ ਸ਼ਿਕਾਇਤ ਦਰਜ ਕਰਵਾਈ। ਸੈਕਟਰ-17 ਥਾਣਾ ਪੁਲਸ ਨੇ ਤਰਨਜੀਤ ਕੌਰ ਬੈਂਸ ਦੀ ਸ਼ਿਕਾਇਤ ’ਤੇ ਸੈਕਟਰ-22 ਸਥਿਤ ਆਈ. ਡੀ. ਐੱਫ. ਸੀ. ਬੈਂਕ ਦੇ ਮੈਨੇਜਰ ਰਿਭਵ ਰਿਸ਼ੀ ਅਤੇ ਹੋਰ ਅਧਿਕਾਰੀਆਂ ਵਿਰੁੱਧ ਢਾਈ ਕਰੋੜ ਠੱਗਣ ’ਤੇ ਅਪਰਾਧਿਕ ਵਿਸ਼ਵਾਸਘਾਤ- ਧਾਰਾ 316 (5) ਭਾਰਤੀ ਨਿਆ ਸੰਹਿਤਾ (ਬੀ. ਐੱਨ. ਐੱਸ.), ਧੋਖਾਧੜੀ- ਧਾਰਾ 318 ਬੀ. ਐੱਨ. ਐੱਸ., ਅਪਰਾਧਿਕ ਸਾਜਿਸ਼ ਧਾਰਾ 61 ਬੀ. ਐੱਨ. ਐੱਸ. ਦੇ ਨਾਲ-ਨਾਲ ਕਾਨੂੰਨ ਦੇ ਪ੍ਰਾਸੰਗਿਕ ਪ੍ਰਾਵਧਾਨਾਂ ਤਹਿਤ ਜਾਅਲਸਾਜ਼ੀ, ਧੋਖਾਧੜੀ ਅਤੇ ਬੈਂਕਿੰਗ ਪ੍ਰਣਾਲੀਆਂ ਦੀ ਦੁਰਵਰਤੋਂ ਨਾਲ ਸਬੰਧਿਤ ਹੋਰ ਅਪਰਾਧਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।
ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ
NEXT STORY