ਚੰਡੀਗੜ੍ਹ (ਸ਼ਰਮਾ) - ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ 'ਤੇ ਸੈਂਡ ਸਕੈਂਡਲ ਦਾ ਦੋਸ਼ ਲਾਉਣ ਤੋਂ ਬਾਅਦ ਹੁਣ 'ਲੈਂਡ-ਬੈਂਕ ਸਕੈਂਡਲ' ਦਾ ਦੋਸ਼ ਲਾਇਆ ਹੈ। ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਖਹਿਰਾ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਨੇੜੇ ਸੰਯੂਕ ਪਿੰਡ ਦੀ ਸ਼ਾਮਲਾਟ ਜ਼ਮੀਨ ਜਿਸਦੀ ਰਜਿਸਟਰੀ ਨਹੀਂ ਹੋ ਸਕਦੀ, ਰਾਣਾ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਕਰਵਾ ਦਿੱਤੀ। ਇਸ ਤੋਂ ਇਲਾਵਾ ਇਸੇ ਪਿੰਡ ਦੀ 458 ਕਨਾਲ ਸ਼ਾਮਲਾਟ ਜ਼ਮੀਨ ਦੀ ਵੀ ਗਿਰਦਾਵਰੀ ਆਪਣੇ ਭਰਾ ਤੇ ਭਾਬੀ ਦੇ ਨਾਂ ਕਰਵਾ ਦਿੱਤੀ। ਖਹਿਰਾ ਨੇ ਇਹ ਵੀ ਦੋਸ਼ ਲਾਇਆ ਕਿ ਰਾਣਾ ਗੁਰਜੀਤ ਸਿੰਘ ਨੇ ਕਾਨੂੰਨ ਦੇ ਵਿਰੁੱਧ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਕਰਵਾਈ ਗਈ ਇਸ ਸ਼ਾਮਲਾਟ ਜ਼ਮੀਨ ਨੂੰ ਬੈਂਕ ਕੋਲ ਗਿਰਵੀ ਰੱਖ ਕੇ 109 ਕਰੋੜ ਰੁਪਏ ਦਾ ਕਰਜ਼ਾ ਲਿਆ, ਜਿਸ 'ਚੋਂ 12 ਕਰੋੜ ਦੀ ਕਿਸ਼ਤ ਬੈਂਕ ਵਲੋਂ ਬੀਤੇ ਅਪ੍ਰੈਲ ਮਹੀਨੇ 'ਚ ਜਾਰੀ ਕੀਤੀ ਗਈ। ਖਹਿਰਾ ਨੇ ਕਿਹਾ ਕਿ ਇਹ ਰਾਸ਼ੀ ਸ਼ਾਇਦ ਸੈਂਡ ਸਕੈਮ 'ਚ ਅਮਿਤ ਬਹਾਦੁਰ ਜ਼ਰੀਏ ਵਰਤੋਂ ਕੀਤੀ ਗਈ। ਖਹਿਰਾ ਨੇ ਰਾਣਾ 'ਤੇ ਬੈਂਕ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਬੈਂਕ ਨੂੰ ਚੂਨਾ ਲਗਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਨੂੰਨ ਦੇ ਵਿਰੁੱਧ ਰਾਣਾ ਦੇ ਪਰਿਵਾਰ ਦੀ ਮਲਕੀਅਤ ਬਣੀ ਉਕਤ ਸ਼ਾਮਲਾਟ ਜ਼ਮੀਨ ਦੀ ਕੀਮਤ ਕੁਲੈਕਟਰ ਰੇਟ ਮੁਤਾਬਿਕ 50 ਲੱਖ ਤੋਂ ਜ਼ਿਆਦਾ ਦੀ ਨਹੀਂ ਹੈ, ਫਿਰ ਬੈਂਕ ਨੇ ਇਸ ਜ਼ਮੀਨ ਨੂੰ ਗਿਰਵੀ ਰੱਖ ਕੇ 109 ਕਰੋੜ ਦਾ ਕਰਜ਼ਾ ਕਿਵੇਂ ਦੇ ਦਿੱਤਾ।
ਖਹਿਰਾ ਨੇ ਰਾਣਾ 'ਤੇ ਜਨਤਕ ਤੌਰ 'ਤੇ ਝੂਠ ਬੋਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਾਲ ਹੀ 'ਚ ਕੁਲਵਿੰਦਰ ਸਿੰਘ ਨੂੰ ਆਪਣੀ ਕੰਪਨੀ ਦਾ ਪੁਰਾਣਾ ਕਰਮਚਾਰੀ ਦੱਸਿਆ ਸੀ ਪਰ ਬੀਤੀ 17 ਤੇ 18 ਅਪ੍ਰੈਲ ਨੂੰ ਉਕਤ ਸ਼ਾਮਲਾਟ ਜ਼ਮੀਨ ਦੀ ਰਾਣਾ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਮਾਜਰੀ ਉਪ ਤਹਿਸੀਲ 'ਚ ਹੋਈ ਰਜਿਸਟਰੀ ਲਈ ਪਾਵਰ ਆਫ ਅਟਾਰਨੀ ਉਸਦੇ ਨਾਂ ਸੀ। ਖਹਿਰਾ ਨੇ 'ਲੈਂਡ-ਬੈਂਕ ਸਕੈਂਡਲ' ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਕੈ. ਅਮਰਿੰਦਰ ਸਿੰਘ ਨੂੰ ਤੁਰੰਤ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨਾ ਚਾਹੀਦਾ ਹੈ।
ਜ਼ਿਲਾ ਫੂਡ ਸਪਲਾਈ ਕੰਟਰੋਲਰ ਤੇ 2 ਇੰਸਪੈਕਟਰਾਂ ਖਿਲਾਫ਼ ਕੁਰੱਪਸ਼ਨ ਐਕਟ ਦੇ ਅਧੀਨ ਮਾਮਲਾ ਦਰਜ
NEXT STORY