ਫਤਿਹਗੜ੍ਹ ਸਾਹਿਬ (ਵਿਪਨ ਬੀਜਾ) : ਫਤਿਹਗੜ੍ਹ ਸਾਹਿਬ ਦੇ ਚੌਟਲੀ ਪਿੰਡ ਵਿਚ ਇਕ ਸਦੀਆਂ ਪੁਰਾਣਾ ਬਰਗਦ ਦਾ ਦਰੱਖਤ ਹੈ। ਇਹ ਰੁੱਖ ਜਿੰਨਾ ਵਿਸ਼ਾਲ ਹੈ, ਉਨਾ ਹੀ ਰਹੱਸਮਈ ਵੀ ਹੈ। ਰਹੱਸਮਈ ਇਸ ਲਈ ਕਿਉਂਕਿ ਇਸ ਵਿਸ਼ਾਲ ਰੁੱਖ ਨਾਲ ਕਈ ਰਹੱਸ ਭਰੀਆਂ ਕਹਾਣੀਆਂ ਤੇ ਮਿੱਥਾਂ ਜੁੜੀਆਂ ਹੋਈਆਂ ਹਨ। ਲਗਭਘ ਕਰੀਬ 2 ਕਿੱਲਿਆਂ ਤੋਂ ਵੱਧ ਜਗ੍ਹਾ 'ਚ ਫੈਲੇ ਇਸ ਰੁੱਖ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਲੋਕ ਇਸ ਨੂੰ ਪੂਜਦੇ ਹਨ। ਇਸ ਜਗ੍ਹਾ 'ਤੇ ਯੱਗ ਹੁੰਦੇ ਹਨ, ਭੰਡਾਰੇ ਚੱਲਦੇ ਹਨ। ਦਰੱਖਤ ਦੀ ਸਾਂਭ ਸੰਭਾਲ ਕਰਨ ਵਾਲੇ ਮਹੰਤ ਬਲਵਿੰਦਰ ਗਿਰੀ ਮੁਤਾਬਕ ਇਹ ਦਰੱਖਤ ਦੁਆਪਰ ਯੁੱਗ ਦਾ ਹੈ, ਜਿਸਦੀਆਂ ਸ਼ਾਖਾਂਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਲੋਕਾਂ ਦੀਆਂ ਇਸ ਜਗ੍ਹਾ ਤੋਂ ਮੰਨਤਾਂ ਪੂਰੀਆਂ ਹੁੰਦੀਆਂ ਹਨ ਅਤੇ ਇਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਵੱਡਾ ਪਰਿਵਾਰਕ ਘਾਟਾ ਵੀ ਝੱਲਣਾ ਪੈਂਦਾ ਹੈ।

ਇਸ ਦਰੱਖਤ ਦੀ ਇਕ ਰਿਸ਼ੀ ਨਾਲ ਮਿਥ ਵੀ ਜੁੜੀ ਹੋਈ ਹੈ, ਜਿਸਨੇ ਇਸ ਜਗ੍ਹਾ 'ਤੇ ਭਗਤੀ ਕੀਤੀ ਤੇ ਉਸਦੀ ਭਬੂਤੀ ਤੋਂ ਇਹ ਬਰੌਟੀ ਦਾ ਦਰੱਖਤ ਪੈਦਾ ਹੋਇਆ ਸੀ। ਹੋਰ ਤਾਂ ਹੋਰ ਲਗਾਤਾਰ ਵੱਧ ਰਹੇ ਇਸ ਬਰਗਦ ਦੇ ਰੁੱਖ ਨੂੰ ਕੋਈ ਵੀ ਕਿਸਾਨ ਆਪਣੀ ਜ਼ਮੀਨ 'ਚ ਅੱਗੇ ਵਧਣ ਤੋਂ ਨਹੀਂ ਰੋਕਦਾ ਬਲਕਿ ਜਿਥੋਂ ਤੱਕ ਇਸਦੀਆਂ ਟਾਹਣੀਆਂ ਜਾਂ ਜੜ੍ਹਾਂ ਪਹੁੰਚੀਆਂ ਹਨ, ਕਿਸਾਨ ਖੁਸ਼ੀ ਨਾਲ ਉਨੀ ਜ਼ਮੀਨ ਛੱਡ ਦਿੰਦੇ ਹਨ। ਲੋਕ ਭੁੱਲ ਕੇ ਵੀ ਇਸ ਦਰਖਤ ਨੂੰ ਛੇੜਦੇ ਨਹੀਂ। ਇਸਦੀਆਂ ਆਪੇ ਟੁੱਟੀਆਂ ਲੱਕੜਾਂ ਵੀ ਸਿਰਫ ਲੰਗਰ ਲਈ ਹੀ ਵਰਤੀਆਂ ਜਾਂਦੀਆਂ ਹਨ।

ਪਿੰਡ ਵਾਸੀਆਂ ਦੀ ਮੰਨੀਏ ਤਾਂ ਜਿਸ ਕਿਸੇ ਨੇ ਵੀ ਇਸ ਦਰੱਖਤ ਦੀ ਲੱਕੜ ਵੱਢਣ ਦੀ ਕੋਸ਼ਿਸ਼ ਕੀਤੀ, ਉਸਨੂੰ ਮੌਤ ਹੀ ਮਿਲੀ। ਹੋਰ ਤਾਂ ਹੋਰ ਕੋਈ ਇਸ ਰੁੱਖ ਦਾ ਪੱਤਾ ਵੀ ਨਹੀਂ ਤੋੜ ਸਕਦਾ। ਅਜਿਹਾ ਨਹੀਂ ਕਿ ਇਸ ਦਰੱਖਤ ਦਾ ਰਹੱਸ ਜਾਨਣ ਲਈ ਇਥੇ ਤਰਕਸ਼ੀਲ ਨਹੀਂ ਆਏ ਪਰ ਜੋ ਵੀ ਆਇਆ ਬੇਰੰਗ ਪਰਤ ਗਿਆ। ਇਸ ਬਰਗਦ ਦੀ ਗੋਦ 'ਚ ਕਈ ਪਸ਼ੂ-ਪੰਛੀਆਂ ਦਾ ਬਸੇਰਾ ਹੈ। ਜ਼ਹਿਰੀਲੇ ਸੱਪ ਵੀ ਬਹੁਤ ਹਨ ਪਰ ਇਨ੍ਹਾਂ ਨੇ ਕਦੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ। ਪਿੰਡ ਵਾਸੀਆਂ ਮੁਤਾਬਕ ਕਈ ਟੀਮਾਂ ਇਥੋਂ ਦਾ ਦੌਰਾ ਕਰ ਚੁੱਕੀਆਂ ਹਨ ਪਰ ਕਿਸੇ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਦੂਰੋਂ-ਨੇੜਿਓਂ ਕਈ ਲੋਕ ਇਸ ਵਿਸ਼ਾਲ ਬਰੋਟੀ ਨੂੰ ਵੇਖਣ ਲਈ ਆਉਂਦੇ ਹਨ। ਲੋਕਾਂ ਨੇ ਇਸ ਜਗ੍ਹਾ ਨੂੰ ਟੂਰਿਜ਼ਮ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ ਹੈ।

ਕਿਹਾ ਇਹ ਵੀ ਜਾਂਦਾ ਹੈ ਕਿ ਇਸ ਦਰੱਖਤ ਦੀਆਂ ਟਹਿਣੀਆਂ ਦੀ ਰਾਖੀ ਜ਼ਹਿਰੀਲੇ ਸੱਪ ਕਰਦੇ ਹਨ। ਇਹ ਸਭ ਅੰਧ ਵਿਸ਼ਵਾਸ ਹੈ ਜਾਂ ਆਸਥਾ ਜਾਂ ਫਿਰ ਅਣਸੁਲਝਿਆ ਰਹੱਸ, ਇਸ ਬਾਰੇ 'ਜਗ ਬਾਣੀ' ਕੋਈ ਟਿੱਪਣੀ ਨਹੀਂ ਕਰਦਾ ਪਰ ਇਹ ਵੀ ਸੱਚ ਹੈ ਕਿ ਕਈ ਕਿੱਲਿਆਂ 'ਚ ਫੈਲਿਆ ਇਹ ਬਰਗਦ ਦਾ ਰੁੱਖ ਆਪਣੇ-ਆਪ 'ਚ ਕਈ ਰਹੱਸ ਸਮੇਟੀ ਬੈਠਾ ਹੈ।

ਪ੍ਰੇਮ ਸਬੰਧਾਂ ਨੇ ਲਈ 17 ਸਾਲਾ ਨੌਜਵਾਨ ਦੀ ਜਾਨ (ਵੀਡੀਓ)
NEXT STORY