ਨਕੋਦਰ, (ਪਾਲੀ)- ਰਹਿਮਤਾਂ ਤੇ ਮੁਰਾਦਾਂ ਦੇ ਘਰ ਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ 35ਵਾਂ ਸਾਲਾਨਾ ਮੇਲਾ ਅੱਜ ਦੇਰ ਰਾਤ ਸਿਖਰਾਂ ਨੂੰ ਛੂੰਹਦਾ ਹੋਇਆ ਸੰਪੰਨ ਹੋ ਗਿਆ। ਦਰਬਾਰ ਦੇ ਮੁੱਖ ਸੇਵਾਦਾਰ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਪਦਮਸ਼੍ਰੀ ਸਾਈਂ ਹੰਸ ਰਾਜ ਹੰਸ ਦਰਵੇਸ਼ ਦੀ ਅਗਵਾਈ ਹੇਠ ਚੱਲੇ ਇਸ ਤਿੰਨ ਰੋਜ਼ਾ ਮੇਲੇ ਦੌਰਾਨ ਲੱਖਾਂ ਸੰਗਤਾਂ ਨੇ ਦਰਬਾਰ ’ਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਜਿੱਥੇ ਦਰਬਾਰ ਵਲੋਂ ਸੰਗਤਾਂ ਲਈ ਖੁੱਲ੍ਹੇ ਪੰਡਾਲ ’ਚ ਲਾਏ ਵਿਸ਼ਾਲ ਲੰਗਰਾਂ ਦੇ ਪ੍ਰਬੰਧ ਦਿਨ ਰਾਤ ਕੀਤੇ ਹੋਏ ਸਨ। ਉਥੇ ਹੀ ਸ਼ਹਿਰ ਦੇ ਵੱਖ-ਵੱਖ ਰਸਤਿਆਂ ’ਚ ਦੁਕਾਨਦਾਰਾਂ, ਧਾਰਮਕ ਤੇ ਸਮਾਜਕ ਜਥੇਬੰਦੀਅਾਂ ਵਲੋਂ ਠੰਡੇ-ਮਿੱਠੇ ਜਲ , ਚਾਹ-ਪਕੌੜਿਆਂ ਅਤੇ ਹੋਰ ਕਈ ਪ੍ਰਕਾਰ ਦੇ ਲੰਗਰ ਲਾਏ ਗਏ।

ਮੇਲੇ ਦੇ ਅੱਜ ਤੀਜੇ ਦਿਨ ਚੱਲੇ ਸੱਭਿਆਚਾਰ ਪ੍ਰੋਗਰਾਮ ’ਚ ਪੰਜਾਬੀ ਗਾਇਕ ਗੁਰਨਾਮ ਭੁੱਲਰ, ਬਲਰਾਜ, ਮਾਸ਼ਾ ਅਲੀ, ਅਰਮਾਨ ਬੇਦਿਲ, ਰੌਕੀ ਸਿੰਘ ਅਤੇ ਹੋਰ ਪ੍ਰਸਿੱਧ ਕਲਾਕਾਰਾਂ ਨੇ ਹਾਜ਼ਰੀ ਲਗਵਾਈ। ਫਿਰ ਮਸ਼ਹੂਰ ਗਾਇਕ ਯੁਵਰਾਜ ਹੰਸ ਜਿਵੇਂ ਹੀ ਸਟੇਜ ’ਤੇ ਪਹੁੰਚੇ ਤਾਂ ਸਾਰਾ ਪੰਡਾਲ ਤਾੜੀਅਾਂ ਦੀ ਅਾਵਾਜ ’ਚ ਗੂੰਜ ਉੱਠਿਆ।
ਯੁਵਰਾਜ ਹੰਸ ਨੇ ਆਪਣੇ ਪਿਤਾ ਅਤੇ ਗੁਰੂ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਪਦਮਸ਼੍ਰੀ ਸਾਈਂ ਹੰਸ ਦਰਵੇਸ਼ ਤੋਂ ਆਸ਼ੀਰਵਾਦ ਲੈ ਕੇ ਆਪਣੇ ਨਵੇਂ-ਪੁਰਾਣੇ ਗੀਤਾਂ ਦੀ ਝੜੀ ਲਾ ਕੇ ਸੰਗਤਾਂ ਦਾ ਦਿਲ ਜਿੱਤ ਲਿਆ। ਗਾਇਕ ਯੁਵਰਾਜ ਹੰਸ ਤੋਂ ਚੇਅਰਮੈਨ ਪਵਨ ਗਿੱਲ, ਰਾਕੇਸ਼ ਕਾਕਾ, ਪ੍ਰਿੰਸ ਗਿੱਲ, ਰਜਿੰਦਰ ਬਿੱਟੂ, ਹਰੀਸ਼ ਟੋਨੀ, ਰਾਜ ਕੁਮਾਰ ਮਹਿੰਮੀ, ਰਮੇਸ਼ ਸੋਂਧੀ, ਕਿਰਨਦੀਪ ਧੀਰ, ਸਤਨਾਮ ਸਿੰਘ ਔਲਖ ਆਦਿ ਨੇ ਨੋਟਾਂ ਦੀ ਭਾਰੀ ਵਰਖਾ ਕੀਤੀ।
ਮੇਲੇ ਦੌਰਾਨ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ, ਸ਼ਹਿਰ ਤੇ ਇਲਾਕਾ ਵਾਸੀ ਅਤੇ ਸੰਤ-ਫਕੀਰ ਤੇ ਮਹਾਪੁਰਸ਼ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ।
ਸਾਈਂ ਹੰਸ ਦਰਵੇਸ਼ ਨੇ ਸੰਗਤਾਂ ਨੂੰ ਵਧਾਈ ਦਿੰਦਿਅਾਂ ਕਿਹਾ ਕਿ ਅਲਮਸਤ ਬਾਪੂ ਬਾਦਸ਼ਾਹ ਜੀ ਇਕ ਉੱਚ ਕੋਟੀ ਦੇ ਫਕੀਰ ਸਨ, ਬਾਪੂ ਜੀ ਦਾ ਇਹ ਮੇਲਾ ਸਾਂਝੀਵਾਲਤਾ ਦਾ ਪ੍ਰਤੀਕ ਹੈ। ਦਰਬਾਰ ’ਤੇ 4 ਵਜੇ ਪਦਮਸ਼੍ਰੀ ਸਾਈਂ ਹੰਸ ਦਰਵੇਸ਼, ਚੇਅਰਮੈਨ ਪਵਨ ਗਿੱਲ ਅਤੇ ਪ੍ਰਬੰਧਕ ਕਮੇਟੀ ਵਲੋਂ ਚਾਦਰ ਚੜ੍ਹਾਉਣ ਉਪਰੰਤ ਇਹ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਸੰਪੰਨ ਹੋਇਆ।
ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਬ੍ਰਿਜ ਭੁਪਿੰਦਰ ਸਿੰਘ ਲਾਲੀ, ਐਡਵੋਕੇਟ ਪਰਮਜੀਤ ਸਿੰਘ ਹਲਕਾ ਇੰਚਾਰਜ ਕਪੂਰਥਲਾ, ਦਰਸ਼ਨ ਸਿੰਘ ਕੋਟ ਕਰਾਰ ਖਾਂ, ਨੰਦ ਲਾਲ, ਮੁਕੇਸ਼ ਵਰਮਾ, ਪਵਨ ਮਹਿਤਾ, ਵਿਸ਼ਵਾਮਿੱਤਰ ਸੋਂਧੀ, ਐੱਮ. ਐੱਲ. ਸ਼ਿੰਗਾਰੀ, ਬਾਬੂ ਲੇਖ ਰਾਜ, ਪਰਮਜੀਤ ਸੇਨ, ਗੁਰਸ਼ਰਨ ਸਿੰਘ ਕੱਲ੍ਹਾ, ਮਨੋਹਰ ਲਾਲ ਬੈਂਸ ਸਾ. ਸਰਪੰਚ ਹੇਰਾਂ, ਸੋਨੀ ਗਿੱਲ ਆਦਿ ਤੋਂ ਇਲਾਵਾ ਸਮੂਹ ਪ੍ਰਬੰਧਕ ਕਮੇਟੀ ਮੈਂਬਰ, ਸੇਵਾਦਾਰ ਅਤੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਹਾਜ਼ਰ ਸਨ।
ਨਰਸਿੰਗ ਦੀ ਵਿਦਿਆਰਥਣ ਵੱਲੋਂ ਹੋਸਟਲ 'ਚ ਖੁਦਕੁਸ਼ੀ
NEXT STORY