ਪਟਿਆਲਾ, (ਰਾਜੇਸ਼ ਪੰਜੌਲਾ)- ਇਕ ਪਾਸੇ ਦੇਸ਼ ਦੇ ਕਿਸਾਨ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਪਿਛਲੇ 3 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਹਨ। ਦੂਜੇ ਪਾਸੇ ਪੰਜਾਬ ਦੀ ਸਭ ਤੋਂ ਵੱਡੀ ਖੇਤੀ ਨਾਲ ਸਬੰਧਤ ਸ਼ੈਲਰ ਇੰਡਸਟਰੀ ਨੂੰ ਆਪਣੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਬਾਰਦਾਨਾ ਨਾ ਦੇਣ ਕਾਰਣ ਸੂਬੇ ’ਚ ਹਾਹਾਕਾਰ ਮਚੀ ਹੋਈ ਹੈ। ਜੇਕਰ ਸਰਕਾਰ ਨੇ ਸਮੇਂ ਸਿਰ ਪੰਜਾਬ ਦੇ 4 ਹਜ਼ਾਰ ਦੇ ਲਗਭਗ ਸ਼ੈਲਰਾਂ ਨੂੰ ਬਾਰਦਾਨਾ ਨਾ ਭੇਜਿਆ ਤਾਂ ਹਜ਼ਾਰਾਂ ਕਰੋੜ ਰੁਪਏ ਦੇ ਚੌਲ ਖਰਾਬ ਹੋ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਜਾਣਕਾਰੀ ਦਿੰਦਿਆਂ ਰਾਈਸ ਮਿਲਰਜ਼ ਐਸੋਸੀਏਸ਼ਨ ਪੰਜਾਬ ਦੇ ਸਰਪ੍ਰਸਤ ਦਮੋਦਰ ਸਿੰਘ, ਪ੍ਰਧਾਨ ਗਿਆਨ ਚੰਦ ਭਾਰਦਵਾਜ, ਸੀਨੀਅਰ ਮੀਤ ਪ੍ਰਧਾਨ ਸਤ ਪ੍ਰਕਾਸ਼ ਗੋਇਲ, ਨਰੇਸ਼ ਗੋਇਲ ਨੇ ਦੱਸਿਆ ਕਿ ਸ਼ੈਲਰ ਐਸੋਸੀਏਸ਼ਨ ਦੀਆਂ ਸਰਕਾਰ ਨਾਲ ਹੋਈਆਂ ਵੱਖ-ਵੱਖ ਮੀਟਿੰਗਾਂ ’ਚ ਸ਼ੈਲਰ ਮਾਲਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ 50 ਫੀਸਦੀ ਨਵਾਂ ਬਾਰਦਾਨਾ ਚਾਵਲਾਂ ਦੀ ਸਟੋਰੇਜ਼ ਲਈ ਸ਼ੈਲਰ ਮਾਲਕਾਂ ਨੂੰ ਦਵੇਗੀ ਪਰ ਹੁਣ ਤੱਕ ਇਕ ਥੈਲਾ ਵੀ ਨਹੀਂ ਦਿੱਤਾ ਗਿਆ। ਉਸ ਸਮੇਂ ਸਰਕਾਰ ਨੇ ਕਿਹਾ ਸੀ ਕਿ ਸ਼ੈਲਰ ਮਾਲਕ ਚਾਵਲਾਂ ਨੂੰ ਸੰਭਾਲਣ ਲਈ ਪੁਰਾਣੇ ਬਾਰਦਾਨੇ ਦਾ ਇਸਤੇਮਾਲ ਕਰ ਲੈਣ। ਉਸ ਪੁਰਾਣੇ ਬਾਰਦਾਨੇ ਦੇ ਪੈਸੇ ਸਰਕਾਰ ਦੇ ਦਵੇਗੀ ਪਰ ਸਰਕਾਰ ਨੇ ਧੋਖਾ ਕਰਦੇ ਹੋਏ ਇਸ ਬੋਰੀ ਦਾ ਰੇਟ 22 ਰੁਪਏ ਨਿਰਧਾਰਿਤ ਕਰ ਦਿੱਤਾ ਜੋ ਕਿ ਬਿਲਕੁੱਲ ਗਲਤ ਹੈ। ਅਜੇ ਤੱਕ 22 ਰੁਪਏ ਪ੍ਰਤੀ ਬੋਰੀ ਪੁਰਾਣੇ ਬਾਰਦਾਨੇ ਦੇ ਆਰਡਰ ਵੀ ਜਾਰੀ ਨਹੀਂ ਹੋਏ, ਜਿਸ ਕਰ ਕੇ ਸ਼ੈਲਰ ਮਾਲਕ ਬੇਹੱਦ ਮਾਨਸਿਕ ਤਣਾਅ ’ਚ ਹਨ। ਸਟੋਰੇਜ਼ ਨਾ ਹੋਣ ਕਰ ਕੇ ਚਾਵਲ ਸ਼ੈਲਰਾਂ ’ਚ ਪਿਆ ਹੈ। ਜਦੋਂ ਤੱਕ ਬਾਰਦਾਨਾ ਨਹੀਂ ਆਵੇਗਾ, ਸਟੋਰੇਜ਼ ਨਹੀਂ ਹੋਵੇਗੀ। ਸ਼ੈਲਰਾਂ ਦੀ ਲੇਬਰ ਵਿਹਲੀ ਬੈਠੀ ਹੈ।
ਉਕਤ ਆਗੂਆਂ ਨੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਕੇਂਦਰ ਸਰਕਾਰ ਦੀ ਚਾਲ ਹੋਵੇ। ਜਦੋਂ ਤੱਕ ਇਹ ਚਾਵਲ ਸਟੋਰ ਹੋ ਕੇ ਐੱਫ. ਸੀ. ਆਈ. ਕੋਲ ਜਮ੍ਹਾ ਹੋਣਗੇ, ਉਦੋਂ ਹੀ ਕੇਂਦਰ ਸਰਕਾਰ ਕਣਕ ਦੀ ਖਰੀਦ ਲਈ ਪੰਜਾਬ ਨੂੰ ਪੈਸੇ ਜਾਰੀ ਕਰੇਗੀ। ਜਦੋਂ ਤੱਕ ਪੰਜਾਬ ਸਰਕਾਰ ਚਾਵਲਾਂ ਨੂੰ ਕੇਂਦਰੀ ਪੂਲ ’ਚ ਨਹੀਂ ਭੇਜੇਗੀ, ਉਦੋਂ ਤੱਕ ਕੇਂਦਰ ਸਰਕਾਰ ਕੋਈ ਪੈਸਾ ਜਾਰੀ ਨਹੀਂ ਕਰੇਗੀ, ਜਿਸ ਲਈ ਕਣਕ ਦੀ ਖਰੀਦ ’ਤੇ ਵੀ ਵੱਡਾ ਸੰਕਟ ਖਡ਼੍ਹਾ ਹੋ ਸਕਦਾ ਹੈ। ਐਸੋਸੀਏਸ਼ਨ ਦੇ ਆਗੂਆਂ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ’ਚ ਖੁੱਦ ਦਖਲਅੰਦਾਜ਼ੀ ਕਰਦੇ ਹੋਏ ਸ਼ੈਲਰ ਮਾਲਕਾਂ ਨੂੰ ਨਵਾਂ ਬਾਰਦਾਨਾ ਤੁਰੰਤ ਮੁਹੱਈਆ ਕਰਵਾਉਣ। ਸਰਕਾਰ ਕੋਲ ਜੋ ਕਣਕ ਲਈ ਬਾਰਦਾਨਾ ਪਹੁੰਚਿਆ ਹੈ, ਉਹ ਬਾਰਦਾਨਾ ਚਾਵਲਾਂ ਦੀ ਸਟੋਰੇਜ਼ ਕਰਨ ਲਈ ਦਿੱਤਾ ਜਾਵੇ ਤਾਂ ਜੋ ਚਾਵਲਾਂ ਦੀ ਸੰਭਾਲ ਹੋ ਸਕੇ।
ਇਸ ਮੌਕੇ ਵਿਜੇ ਗੋਇਲ, ਸੁਨੀਲ ਕੁਮਾਰ, ਸੁਭਾਸ਼ ਚੰਦ, ਜਤਿੰਦਰ ਅਸਰਪੁਰ, ਪਵਨ ਸਨੇਜਾ, ਰਮਨਦੀਪ ਰੋਮੀ, ਰਮਜੋਤ ਸਿੰਘ ਰੋਮੀ, ਜਤਿਨ ਗੋਇਲ, ਨਰੇਸ਼ ਗੋਇਲ, ਰੋਹਿਤ ਗੋਇਲ, ਸੁਰਿੰਦਰ ਕੁਮਾਰ ਸੰਘਾ, ਤਰਸੇਮ ਗੁਪਤਾ ਤੇ ਹੋਰ ਆਗੂ ਹਾਜ਼ਰ ਸਨ।
ਕੈਪਟਨ ਨੇ ਹਮੇਸ਼ਾ ਪੰਜਾਬ ਨੂੰ ਕਾਰਪੋਰੇਟ ਦੇ ਹੱਥਾਂ ’ਚ ਸੌਂਪਣ ਦੀ ਕੀਤੀ ਕੋਸ਼ਿਸ਼ : ਮਾਨ
NEXT STORY