ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਪੁਨੀਤ ਮਾਨ) : ਪੁਲਸ ਨੇ ਸੋਨੇ ਦੇ ਗਹਿਣੇ ਲੁੱਟਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗਹਿਣਿਆਂ ਸਮੇਤ ਗ੍ਰਿਫਤਾਰ ਕੀਤਾ ਹੈ, ਜਦੋਂਕਿ ਉਨ੍ਹਾਂ ਦੇ 2 ਸਾਥੀਆਂ ਦੀ ਗ੍ਰਿਫਤਾਰੀ ਬਾਕੀ ਹੈ। ਉਕਤ ਗਿਰੋਹ ਨੇ 7 ਲੁੱਟ-ਖੋਹ ਦੀਆਂ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦਿੱਤਾ। ਦੋਸ਼ੀਆਂ ਨੇ ਦੱਸਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਚੋਰੀ ਦੇ ਗਹਿਣਿਆਂ ਨੂੰ ਬੈਂਕ ਵਿਚ ਰੱਖ ਕੇ ਗੋਲਡ ਲੋਨ ਲੈ ਕੇ ਆਪਣੇ ਸ਼ੌਂਕ ਪੂਰੇ ਕਰਦੇ ਸਨ ਅਤੇ ਚਿੱਟਾ ਪੀਂਦੇ ਸਨ।

ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਜੇਸ਼ ਕੁਮਾਰ ਛਿੱਬਰ ਅਤੇ ਐੱਸ. ਐੱਚ. ਓ. ਜਗਜੀਤ ਸਿੰਘ ਨੇ ਦੱਸਿਆ ਕਿ 24 ਅਕਤੂਬਰ 2019 ਨੂੰ ਸਲੋਚਨਾ ਦੇਵੀ ਵਾਸੀ ਬਰਨਾਲਾ ਤੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸਦੇ ਕੰਨ 'ਚੋਂ ਸੋਨੇ ਦੀਆਂ ਵਾਲੀਆਂ ਝਪਟਕੇ ਫਰਾਰ ਹੋ ਗਏ ਸਨ। ਇਸ ਕੇਸ ਦੀ ਤਫਤੀਸ਼ ਦੌਰਾਨ ਪੁਲਸ ਅਧਿਕਾਰੀ ਜਗਤਾਰ ਸਿੰਘ ਨੇ 8 ਜਨਵਰੀ 2020 ਨੂੰ ਉਕਤ ਵਿਅਕਤੀਆਂ ਦੀ ਸ਼ਨਾਖਤ ਕਰ ਕੇ ਲਖਵੀਰ ਸਿੰਘ ਉਰਫ ਲੱਖੀ ਅਤੇ ਸਾਹਿਲਦੀਪ ਸਿੰਘ ਵਾਸੀਆਨ ਭਦੌੜ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ। 10 ਜਨਵਰੀ ਨੂੰ ਮੁਖਬਰੀ ਮਿਲਣ ਦੇ ਆਧਾਰ 'ਤੇ ਬਰਨਾਲਾ ਅਨਾਜ ਮੰਡੀ ਵਿਚ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਇਕ ਬਿਨਾਂ ਨੰਬਰੀ ਮੋਟਰਸਾਈਕਲ ਵੀ ਬਰਾਮਦ ਕੀਤਾ।
ਪੁੱਛਗਿੱਛ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਬਲਜੀਤ ਸਿੰਘ ਵਾਸੀ ਭਦੌੜ ਅਤੇ ਗਗਨਦੀਪ ਸਿੰਘ ਉਰਫ ਬੱਬੂ ਵਾਸੀ ਉਪਲੀ ਨਾਲ ਮਿਲਕੇ ਇਹ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ, ਜਿਸ 'ਚ ਇਨ੍ਹਾਂ ਨੇ ਮਿਲਕੇ ਖੁੱਡੀ ਰੋਡ 'ਤੇ ਸੋਨੇ ਦੀਆਂ ਵਾਲੀਆਂ ਖੋਹੀਆਂ, ਗੋਬਿੰਦ ਕਾਲੋਨੀ ਬਰਨਾਲਾ ਵਿਚ ਵੀ ਵਾਲੀਆਂ ਝਪਟੀਆਂ, ਪੱਤੀ ਰੋਡ ਬਰਨਾਲਾ ਵਿਖੇ ਵੀ ਵਾਲੀਆਂ ਝਪਟੀਆਂ। ਇਸ ਤੋਂ ਇਲਾਵਾ ਸੰਗਰੂਰ, ਸ਼ੇਰਪੁਰ ਅਤੇ ਪਿੰਡ ਰੰਗੀਆਂ 'ਚ ਵੀ ਸੋਨੇ ਦੀਆਂ ਵਾਲੀਆਂ ਦੀ ਲੁੱਟ-ਖੋਹ ਕੀਤੀ ਗਈ। ਉਨ੍ਹਾਂ ਨੇ ਆਪਣੇ ਸਾਥੀ ਬਬਲਜੀਤ ਸਿੰਘ ਦੇ ਨਾਂ 'ਤੇ ਮਥੂਟ ਫਾਇਨਾਂਸ ਕੰਪਨੀ ਭਦੌੜ ਵਿਖੇ-ਵੱਖ ਵੱਖ ਤਰੀਕਾਂ ਨੂੰ ਬੈਂਕ ਕੋਲ ਗੋਲਡ ਗਿਰਵੀ ਰੱਖ ਕੇ 75 ਹਜ਼ਾਰ ਰੁਪਏ ਦਾ ਲੋਨ ਲੈ ਚੁੱਕੇ ਹਨ। ਦੋਸ਼ੀਆਂ ਨੇ ਲੋਨ ਦੇ ਪੈਸਿਆਂ ਨਾਲ ਆਪਣੇ ਸ਼ੌਂਕ ਪੂਰੇ ਕੀਤੇ ਅਤੇ ਚਿੱਟਾ ਵੀ ਪੀਤਾ। ਫਾਇਨਾਂਸ ਕੰਪਨੀ ਨਾਲ ਰਾਬਤਾ ਕਰ ਕੇ ਬੈਂਕ ਵਿਚ ਜਮ੍ਹਾ 5 ਜੋੜੇ ਸੋਨੇ ਦੀਆਂ ਵਾਲੀਆਂ, ਇਕ ਜੋੜਾ ਸੋਨੇ ਦੇ ਕਾਂਟੇ, ਇਕ ਜੋੜਾ ਸਹਾਰੇ, ਜੋ ਕਿ 8 ਗ੍ਰਾਮ ਦੇ ਕਰੀਬ ਬਣਦੇ ਹਨ, ਬਰਾਮਦ ਕੀਤੇ ਗਏ। ਇਨ੍ਹਾਂ ਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਜੇਲ 'ਚੋਂ ਮਿਲੀ ਵਾਈਫਾਈ ਡੌਂਗਲ ਨੇ ਉਡਾਈ ਸੁਰੱਖਿਆ ਏਜੰਸੀਆਂ ਦੀ ਨੀਂਦ
NEXT STORY