ਬਠਿੰਡਾ (ਵੈੱਬ ਡੈਸਕ) : ਬਠਿੰਡਾ ਦੇ ਰਾਮਪੁਰਾ ਫੂਲ ਦੇ ਨੌਜਵਾਨ ਦੀ ਵਾਪਸੀ ਲਈ ਵਿਦੇਸ਼ ਮੰਤਰਾਲਾ ਪੂਰੀ ਤਰ੍ਹਾਂ ਸਰਗਰਮ ਹੈ। ਇਕ ਟਵੀਟ 'ਚ ਇਸ ਦੀ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ਦਿੱਤੀ ਹੈ। ਮਲੇਸ਼ੀਆ 'ਚ ਫਸੇ ਪੰਜਾਬੀ ਨੌਜਵਾਨ ਦੀ ਵਾਪਸੀ ਨੂੰ ਲੈ ਕੇ ਕੈਪਟਨ ਵੱਲੋਂ ਵਿਦੇਸ਼ ਮੰਤਰਾਲਾ ਨੂੰ ਕੀਤੇ ਟਵੀਟ ਮਗਰੋਂ ਐੱਸ. ਜੈਸ਼ੰਕਰ ਨੇ ਟਵੀਟ ਜ਼ਰੀਏ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਸਾਡਾ ਹਾਈ ਕਮਿਸ਼ਨ ਹਿਕੇਲ ਲਗਾਤਾਰ ਹਰਬੰਸ ਦੇ ਸੰਪਰਕ ਵਿਚ ਹੈ। ਹਰਬੰਸ ਨੂੰ13 ਮਈ ਨੂੰ ਵੀਜ਼ਾ ਉਲੰਘਣ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਤੇ 19 ਜੂਨ ਨੂੰ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਸਮੇਂ ਵੀ ਉਹ ਨਜ਼ਰਬੰਦ ਹੈ।ਉਨ੍ਹਾਂ ਅੱਗੇ ਲਿਖਿਆ ਹੈ ਸਾਡੇ ਹਾਈ ਕਮਿਸ਼ਨ ਵੱਲੋਂ ਉਸ ਦੀ ਘਰ ਵਾਪਸੀ ਲਈ ਐਮਰਜੈਂਸੀ ਯਾਤਰਾ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵੀਟ 'ਚ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਵਿਦੇਸ਼ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਐੱਸ. ਜੈਸ਼ੰਕਰ ਨੂੰ ਇਕ ਪੱਤਰ ਲਿਖਿਆ ਹੈ, ਜਿਸ 'ਚ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਅਤੇ ਨੌਜਵਾਨ ਦੀ ਜਲਦ ਭਾਰਤ ਵਾਪਸੀ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਕਰਜ਼ਾ ਲੈ ਕੇ ਏਜੰਟ ਨੂੰ ਦਿੱਤੇ ਸਨ ਪਰ ਏਜੰਟ ਨੇ ਹਰਬੰਸ ਸਿੰਘ ਨੂੰ ਟੂਰਿਸਟ ਵੀਜ਼ਾ 'ਤੇ ਮਲੇਸ਼ੀਆ ਭੇਜ ਦਿੱਤਾ, ਜਿੱਥੇ ਕੁੱਝ ਹੀ ਸਮੇਂ ਬਾਅਦ ਪੁਲਸ ਵੱਲੋਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁੱਤ ਦੇ ਹਿਰਾਸਤ ਵਿਚ ਲਏ ਜਾਣ ਦੀ ਖਬਰ ਸੁਣ ਕੇ ਪਰਿਵਾਰ ਮੈਂਬਰਾਂ ਨੇ ਮਦਦ ਦੀ ਗੁਹਾਰ ਲਗਾਈ ਸੀ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਐੱਸ. ਜੈਸ਼ੰਕਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਸੀ।
ਰਾਹੁਲ ਗਾਂਧੀ ਦੇ ਅਸਤੀਫੇ 'ਤੇ ਮੈਡਮ ਸਿੱਧੂ ਦਾ ਵੱਡਾ ਬਿਆਨ
NEXT STORY