ਫਿਰੋਜ਼ਪੁਰ (ਮਲਹੋਤਰਾ) : ਰਾਜਸਥਾਨ ਵਾਸੀ ਇੱਕ ਵਿਅਕਤੀ ਨੂੰ ਫਿਲਮੀ ਸਟਾਈਲ 'ਚ ਘੇਰਾ ਪਾ ਕੇ ਉਸ ਦੇ ਨਾਲ ਕੁੱਟਮਾਰ ਕਰਨ ਵਾਲੇ ਉਸਦੇ ਸਹੁਰੇ ਅਤੇ 6 ਹੋਰ ਲੋਕਾਂ ਦੇ ਖ਼ਿਲਾਫ਼ ਥਾਣਾ ਕੈਂਟ ਪੁਲਸ ਨੇ ਪਰਚਾ ਦਰਜ ਕੀਤਾ ਹੈ। ਘਟਨਾ ਆਰਮੀ ਪੁੱਲ ਦੇ ਕੋਲ ਵਾਪਰੀ। ਪੀੜਤ ਵਿਪਲਦੀਪ ਸਿੰਘ ਵਾਸੀ ਗੜਸਾਨਾ ਰਾਜਸਥਾਨ ਹਾਲ ਆਬਾਦ ਬੇਦੀ ਕਾਲੋਨੀ ਨੇ ਪੁਲਸ ਨੂੰ ਬਿਆਨ ਦੇ ਕੇ ਦੱਸਿਆ ਕਿ ਸੋਮਵਾਰ ਉਹ ਆਪਣੀ ਕਾਰ 'ਚ ਫਾਜ਼ਿਲਕਾ ਤੋਂ ਫਿਰੋਜ਼ਪੁਰ ਵੱਲ ਆ ਰਿਹਾ ਸੀ।
ਜਦੋਂ ਉਹ ਕੇ. ਵੀ. ਸਕੂਲ ਦੇ ਕੋਲ ਆਰਮੀ ਪੁੱਲ 'ਤੇ ਸੀ ਤਾਂ 2 ਕਾਰਾਂ 'ਚ ਉਸਦਾ ਪਿੱਛਾ ਕਰ ਰਹੇ ਲੋਕਾਂ ਨੇ ਗੱਡੀ ਅੱਗੇ ਲਗਾ ਕੇ ਉਸ ਨੂੰ ਰੋਕ ਲਿਆ। ਇੱਕ ਗੱਡੀ ਵਿਚੋਂ ਉਸਦਾ ਸਹੁਰਾ ਚਰਨਜੀਤ ਸਿੰਘ ਵਾਸੀ ਅਨੂਪਗੜ੍ਹ, ਉਸਦਾ ਜੀਜਾ ਰਾਮ ਸਿੰਘ ਵਾਸੀ ਵਿਜੈਨਗਰ, ਸਵਰਣਜੀਤ ਸਿੰਘ ਜ਼ਿਲ੍ਹਾ ਗੰਗਾਨਗਰ, ਗਣੇਸ਼ ਸਿੰਘ ਵਾਸੀ ਜਲਾਲਾਬਾਦ ਨਿਕਲੇ, ਜਦਕਿ ਦੂਜੀ ਗੱਡੀ ਵਿਚੋਂ ਉਨ੍ਹਾਂ ਦੇ ਤਿੰਨ ਅਣਪਛਾਤੇ ਸਾਥੀ ਬਾਹਰ ਨਿਕਲੇ।
ਸਾਰਿਆਂ ਨੇ ਉਸ ਨੂੰ ਘੇਰਾ ਪਾ ਲਿਆ, ਚਰਨਜੀਤ ਸਿੰਘ ਨੇ ਲਲਕਾਰਦੇ ਹੋਏ ਕਿਹਾ ਕਿ ਮੇਰੀ ਕੁੜੀ ਨੂੰ ਤੰਗ ਕਰਨ ਦਾ ਮਜ਼ਾ ਇਸ ਨੂੰ ਚਖਾ ਦਿਓ, ਜਿਸ ਤੋਂ ਬਾਅਦ ਸਾਰਿਆਂ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਜ਼ਖਮੀ ਕਰ ਦਿੱਤਾ। ਥਾਣਾ ਕੈਂਟ ਦੇ ਏ. ਐੱਸ. ਆਈ. ਸਲਵਿੰਦਰ ਸਿੰਘ ਦੇ ਅਨੁਸਾਰ ਸ਼ਿਕਾਇਤ ਦੇ ਆਧਾਰ 'ਤੇ ਸੱਤਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਛੋਟੇ ਹਾਥੀ ਅਤੇ ਕਾਰ ਦੀ ਟੱਕਰ ਉਪਰੰਤ ਕਾਰ ਨਹਿਰ 'ਚ ਡਿੱਗੀ
NEXT STORY