ਨਵਾਂਸ਼ਹਿਰ/ਬੰਗਾ (ਤ੍ਰਿਪਾਠੀ, ਮਹਿਤਾ, ਮਨੋਰੰਜਨ, ਪੂਜਾ, ਮੂੰਗਾ, ਰਾਕੇਸ਼, ਚਮਨ, ਭਾਰਤੀ, ਭਟੋਆ) - ਸੱਭਿਆਚਾਰਕ ਮਾਮਲੇ, ਸੈਰ ਸਪਾਟਾ ਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਆਖਿਆ ਕਿ ਪੰਜਾਬ ਸਰਕਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ (23 ਮਾਰਚ) ਰਾਜ ਭਰ 'ਚ 'ਯੁਵਾ ਸਸ਼ਕਤੀਕਰਨ ਦਿਵਸ' ਵਜੋਂ ਮਨਾਏਗੀ। ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਦੇ ਵਿਸਤਾਰ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ ਸ. ਸਿੱਧੂ ਨੇ ਆਖਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 23 ਮਾਰਚ ਨੂੰ ਕੌਮੀ ਪੱਧਰ ਉਤੇ 'ਯੁਵਾ ਸਸ਼ਕਤੀਕਰਨ ਦਿਵਸ' ਵਜੋਂ ਮਨਾਏ ਜਾਣ ਲਈ ਪੱਤਰ ਲਿਖ ਕੇ ਬੇਨਤੀ ਕਰਨਗੇ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਕੌਮੀ ਨਾਇਕ ਵਜੋਂ ਸਨਮਾਨੇ ਜਾਂਦੇ ਹਨ ਇਸ ਲਈ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਯੁਵਾ ਸਸ਼ਕਤੀਕਰਨ ਦੇ ਪ੍ਰੇਰਨਾਸ੍ਰੋਤ ਵਜੋਂ ਲੈਂਦੇ ਹੋਏ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਐਵਾਰਡ ਵੀ ਸਥਾਪਿਤ ਕੀਤਾ ਜਾਵੇਗਾ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਦੇ ਵਿਸਤਾਰ ਕਾਰਜਾਂ ਨੂੰ ਮੁਕੰਮਲ ਕਰਨ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵੱਲੋਂ ਭੇਜੇ 2 ਕਰੋੜ ਰੁਪਏ ਦਾ ਚੈੱਕ ਵਿਧਾਇਕ ਅੰਗਦ ਸਿੰਘ ਤੇ ਈ.ਓ. ਨਵਾਂਸ਼ਹਿਰ ਨੂੰ ਸੌਂਪਦਿਆਂ ਉਨ੍ਹਾਂ ਆਖਿਆ ਕਿ ਮਿਊਜ਼ੀਅਮ ਦਾ ਬਿਜਲੀ ਯੰਤਰਾਂ ਤੇ ਲਾਈਟਾਂ ਨਾਲ ਸਬੰਧਤ ਕੰਮ ਹਰ ਹਾਲ 'ਚ 31 ਜਨਵਰੀ ਤੱਕ ਪੂਰਾ ਕੀਤਾ ਜਾਵੇ।
ਇਸ ਤੋਂ ਪਹਿਲਾਂ ਉਨ੍ਹਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ 'ਤੇ ਸਿਜਦਾ ਵੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਮਿਊਜ਼ੀਅਮ ਦੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਵਾਸਤੇ ਕੇਂਦਰ ਕੋਲੋਂ 8 ਕਰੋੜ ਰੁਪਏ ਦੀ ਮੰਗ ਵੀ ਰੱਖੀ ਹੈ। ਉਨ੍ਹਾਂ ਨੇ ਨਾਲ ਹੀ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ ਨੂੰ 15 ਫ਼ਰਵਰੀ ਤੱਕ ਲਾਈਟ ਤੇ ਸਾਊਂਡ ਦਾ ਕੰਮ ਮੁਕੰਮਲ ਕਰਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 23 ਮਾਰਚ ਨੂੰ ਇਸ ਮਿਊਜ਼ੀਅਮ ਨੂੰ ਲੋਕ ਅਰਪਣ ਕਰਨਗੇ। ਉਨ੍ਹਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸਥਿਤ ਜੱਦੀ ਘਰ ਦੇ ਨੇੜੇ ਸੈਲਾਨੀਆਂ ਦੀ ਸਹੂਲਤ ਲਈ 'ਟਾਇਲਟ ਬਲਾਕ' ਤਿਆਰ ਕਰਨ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸ਼ਹੀਦ-ਏ-ਆਜ਼ਮ ਨਾਲ ਸਬੰਧਤ ਕੁਝ ਵਸਤਾਂ ਨਵੀਂ ਦਿੱਲੀ ਵਿਖੇ ਪ੍ਰਦਰਸ਼ਨੀ ਲਈ ਜਾਣ ਤੋਂ ਬਾਅਦ, ਵਾਪਸ ਨਾ ਆਉਣ 'ਤੇ ਉਨ੍ਹਾਂ ਨੇ ਇਨ੍ਹਾਂ ਵਸਤਾਂ ਦੀ ਪੜਤਾਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਜੇਲ ਡਾਇਰੀ ਨੂੰ ਰਾਜ ਦੇ ਸਮੂਹ ਸਕੂਲਾਂ ਤੱਕ ਮੁਫ਼ਤ ਪੁੱਜਦੀ ਕਰਨ ਲਈ ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਭਤੀਜੇ ਅਭੇ ਸਿੰਘ ਸੰਧੂ ਨਾਲ ਤਾਲਮੇਲ ਕੀਤਾ ਹੈ। ਸ. ਸਿੱਧੂ ਅਨੁਸਾਰ ਉਹ ਪਹਿਲੇ ਪੜਾਅ 'ਚ ਇਸ ਕਾਰਜ ਲਈ 25 ਲੱਖ ਰੁਪਏ ਆਪਣੇ ਵਿਭਾਗ ਵੱਲੋਂ ਦੇਣਗੇ।
ਕੇਬਲ ਖ਼ਪਤਕਾਰਾਂ ਕੋਲੋਂ ਐਂਟਰਟੇਨਮੈਂਟ ਕਰ ਅਗਾਊਂ ਵਸੂਲੇ ਜਾਣ ਦੇ ਸੁਆਲਾਂ 'ਤੇ ਸ. ਸਿੱਧੂ ਨੇ ਆਖਿਆ ਕਿ ਇਹ ਟੈਕਸ ਵਿਧਾਨ ਸਭਾ 'ਚ ਬਿੱਲ ਪਾਸ ਹੋਣ ਤੋਂ ਬਾਅਦ ਹੀ ਵਸੂਲੀਯੋਗ ਹੋਵੇਗਾ ਇਸ ਲਈ ਕੇਬਲ ਆਪ੍ਰੇਟਰ ਇਸ ਦੀ ਹੁਣ ਤੋਂ ਵਸੂਲੀ ਨਹੀਂ ਕਰ ਸਕਦੇ। ਇਸ ਮੌਕੇ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ, ਡੀ.ਸੀ. ਅਮਿਤ ਕੁਮਾਰ, ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੋਨਾਲੀ ਗਿਰਿ, ਐੱਸ.ਡੀ.ਐੱਮ. ਬੰਗਾ ਆਦਿਤਿਆ ਉੱਪਲ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਆਦਿ ਮੌਜੂਦ ਸਨ।
ਪੇਂਡੂ ਮਜ਼ਦੂਰ ਯੂਨੀਅਨ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ
NEXT STORY