ਅੰਮ੍ਰਿਤਸਰ (ਵੜੈਚ)- ਪਿਛਲੀ ਗਠਜੋੜ ਸਰਕਾਰ ਸਮੇਂ ਭਗਤਾਂਵਾਲਾ ਡੰਪ 'ਤੇ ਰੱਜ ਕੇ ਹੋਈ ਰਾਜਨੀਤੀ ਕਾਂਗਰਸ ਸਰਕਾਰ ਆਉਣ ਉਪਰੰਤ ਦਾਅਵਿਆਂ ਤੇ ਵਾਅਦਿਆਂ ਵਿਚ ਦੱਬ ਕੇ ਰਹਿ ਗਈ ਹੈ। ਇਸ ਡੰਪ ਨੂੰ ਹਟਾਉਣ ਲਈ ਲੋਕਾਂ ਨਾਲ ਧਰਨੇ 'ਤੇ ਬੈਠੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਕਾਲੀ ਗੋਲੀ ਖਾ ਕੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਹਵਾਈ ਦਾਅਵੇ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਭਗਤਾਂਵਾਲਾ ਡੰਪ ਦਾ ਦੌਰਾ ਕਰਨਾ ਚਾਹੀਦਾ ਹੈ। ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੀ ਕਈ ਦਿਨ ਭਗਤਾਂਵਾਲਾ ਡੰਪ ਹਟਾਉਣ ਲਈ ਲੋਕਾਂ ਨਾਲ ਧਰਨੇ 'ਤੇ ਬੈਠਦੇ ਰਹੇ। ਹੋਰਨਾਂ ਰਾਜਨੀਤਕ ਤੇ ਸਮਾਜਕ ਲੋਕਾਂ ਨੇ ਵੀ ਆਪਣੀ ਲੀਡਰੀ ਚਮਕਾਉਣ ਲਈ ਡੰਪ 'ਤੇ ਰਾਜਨੀਤੀ ਖੇਡੀ ਸੀ ਪਰ ਸਰਕਾਰ ਬਦਲ ਗਈ ਪਰ ਡੰਪ ਕਾਰਨ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਹੀ ਹਨ। ਡੰਪ ਦੇ ਆਲੇ-ਦੁਆਲੇ ਦੇ ਵਾਰਡਾਂ ਦੇ ਲੋਕਾਂ ਨੇ ਵਿਧਾਨ ਸਭਾ, ਲੋਕ ਸਭਾ ਤੇ ਨਿਗਮ ਚੋਣਾਂ ਦੌਰਾਨ ਕਾਂਗਰਸ ਦਾ ਸਾਥ ਦਿੱਤਾ ਤਾਂ ਕਿ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕੇ।
ਇਲਾਕਾ ਨਿਵਾਸੀਆਂ ਨੀਰੂ, ਵਰਿੰਦਰ ਕੌਰ, ਜੈਇੰਦਰ ਸਿੰਘ, ਹੀਰਾ ਲਾਲ, ਮਹਿੰਦਰ ਸਿੰਘ, ਪਰਮਜੀਤ ਸਿੰਘ, ਬੰਟੀ, ਰਵਿੰਦਰ ਕੌਰ, ਨਵਲ ਚਾਵਲਾ, ਹੇਮ ਰਾਜ ਸ਼ਰਮਾ ਤੇ ਸੰਜੇ ਸ਼ਰਮਾ ਨੇ ਕਿਹਾ ਕਿ ਡੰਪ ਦੀਆਂ ਮੁਸ਼ਕਲਾਂ ਨਾਲ ਆਸ-ਪਾਸ ਦਰਜਨਾਂ ਇਲਾਕਿਆਂ ਦੇ ਹਜ਼ਾਰਾਂ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਬਰਕਰਾਰ ਹਨ। 85 ਵਾਰਡਾਂ ਦਾ ਕੂੜਾ ਉਠਾ ਕੇ ਡੰਪ 'ਤੇ ਸੁੱਟਿਆ ਜਾ ਰਿਹਾ ਹੈ। ਬਦਬੂ 'ਚ ਜਨਤਾ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਲੋਕ ਚਮੜੀ, ਛਾਤੀ, ਉਲਟੀਆਂ, ਦਸਤ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਈ ਲੋਕ ਬੀਮਾਰੀਆਂ ਦੀ ਲਪੇਟ ਵਿਚ ਆ ਕੇ ਮੌਤ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡੰਪ ਨੂੰ ਰਿਹਾਇਸ਼ੀ ਇਲਾਕੇ 'ਚੋਂ ਬਾਹਰ ਕਢਵਾਏ। ਡੰਪ ਦਾ ਪ੍ਰਦੂਸ਼ਣ ਕੁਝ ਹੀ ਕਿਲੋਮੀਟਰ ਦੀ ਦੂਰੀ ਵਾਲੇ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਸ਼ਹੀਦਾਂ ਸਾਹਿਬ, ਸ੍ਰੀ ਦੁਰਗਿਆਣਾ ਮੰਦਰ 'ਤੇ ਵੀ ਅਸਰ ਕਰ ਰਿਹਾ ਹੈ। ਸੰਗਤਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਕੂੜੇ ਦੇ ਡੰਪ ਨੂੰ ਹਮੇਸ਼ਾ ਲਈ ਹਟਾ ਦੇਣਾ ਚਾਹੀਦਾ ਹੈ।
ਬਖਸ਼ੀ ਰਾਮ ਅਰੋੜਾ ਨਹੀਂ ਪਹੁੰਚੇ ਸਨ
ਭਗਤਾਂਵਾਲਾ ਡੰਪ 'ਤੇ ਧਰਨੇ ਦੌਰਾਨ ਬੈਠੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਧਰਨੇ 'ਤੇ ਹਾਜ਼ਰੀਆਂ ਭਰੀਆਂ ਪਰ ਉਸ ਸਮੇਂ ਦੇ ਮੇਅਰ ਬਖਸ਼ੀ ਰਾਮ ਅਰੋੜਾ ਬਾਕੀ ਸ਼ਹਿਰਵਾਸੀਆਂ ਦੀਆਂ ਕੂੜੇ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਧਰਨੇ 'ਤੇ ਨਹੀਂ ਪਹੁੰਚੇ ਸਨ, ਜਿਸ ਕਾਰਨ ਧਰਨਾਕਾਰੀਆਂ ਨੇ ਉਨ੍ਹਾਂ ਖਿਲਾਫ ਪ੍ਰਦਰਸ਼ਨ ਵੀ ਕੀਤੇ ਤੇ ਡੰਪ ਤੋਂ ਲੈ ਕੇ ਨਿਗਮ ਦਫਤਰ ਤੱਕ ਪੈਦਲ ਰੋਸ ਮਾਰਚ ਕੀਤੇ, ਹੁਣ ਦੇਖਣਾ ਹੈ ਕਿ ਨਵੇਂ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਪੰਜਾਬ ਸਰਕਾਰ ਡੰਪ ਨੂੰ ਸ਼ਹਿਰੋਂ ਬਾਹਰ ਕਰਨ ਲਈ ਕੀ ਫੈਸਲੇ ਲੈਂਦੇ ਹਨ।
ਸਾਲਿਡ ਵੇਸਟ ਪ੍ਰਾਜੈਕਟ ਹਵਾ-ਹਵਾਈ
ਗਠਜੋੜ ਸਰਕਾਰ ਦੇ ਸਮੇਂ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਹਿਰ ਦੇ ਕੂੜੇ ਨੂੰ ਟਿਕਾÎਣੇ ਲਾਉਣ ਲਈ ਸਾਲਿਡ ਵੇਸਟ ਪ੍ਰਾਜੈਕਟ ਲਾਉਣ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲੱਗੇ ਪੱਥਰ ਨੂੰ ਦੇਖਣ ਲਈ ਉਹ ਖੁਦ ਮੀਡੀਆ ਨਾਲ ਭਗਤਾਂਵਾਲਾ ਡੰਪ 'ਤੇ ਵੀ ਗਏ ਸਨ ਪਰ ਉਸ ਸਮੇਂ ਤੋਂ ਲੈ ਕੇ ਅਜੇ ਤੱਕ ਪ੍ਰਾਜੈਕਟ ਹਵਾ-ਹਵਾਈ ਹੈ।
ਸੁਲਗਦੇ ਕੂੜੇ ਦੇ ਧੂੰਏਂ 'ਚ ਸਾਹ ਲੈਣਾ ਮੁਸ਼ਕਲ
ਭਗਤਾਂਵਾਲਾ ਡੰਪ ਦੇ ਢੇਰਾਂ 'ਚੋਂ ਪੈਦਾ ਹੋ ਰਹੀਆਂ ਜ਼ਹਿਰੀਲੀਆਂ ਗੈਸਾਂ ਕਰ ਕੇ ਅਕਸਰ ਕੂੜੇ ਨੂੰ ਅੱਗ ਲੱਗਣ ਉਪਰੰਤ ਸੁਲਗਦੇ ਕੂੜੇ 'ਚੋਂ ਨਿਕਲਦੇ ਧੂੰਏਂ ਕਰ ਕੇ ਲੋਕਾਂ ਦੇ ਨੱਕ ਵਿਚ ਦਮ ਆ ਰਿਹਾ ਹੈ। ਕਈ ਵਾਰ ਸੂਚਿਤ ਕਰਨ ਤੋਂ ਬਾਅਦ ਨਿਗਮ ਦੀਆਂ ਫਾਇਰ ਬਿਗ੍ਰੇਡ ਵਾਲੀਆਂ ਗੱਡੀਆਂ ਜ਼ਰੀਏ ਪਾਣੀ ਦੀਆਂ ਬੌਛਾੜਾਂ ਕਰਨ ਉਪਰੰਤ ਵੀ ਅੱਗ ਸ਼ਾਂਤ ਨਹੀਂ ਹੁੰਦੀ। ਜ਼ਹਿਰੀਲੇ ਧੂੰਏਂ ਕਰ ਕੇ ਆਲੇ-ਦੁਆਲੇ ਦੇ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਲੋਕ ਸਾਹ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਨਹੀਂ ਲੱਗਦੇ ਮੈਡੀਕਲ ਚੈੱਕਅਪ ਕੈਂਪ
ਡੰਪ ਦੇ ਆਲੇ-ਦੁਆਲੇ ਦੇ ਕਈ ਜ਼ਰੂਰਤਮੰਦ ਪਰਿਵਾਰਾਂ ਦੇ ਲੋਕ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹਨ। ਪਹਿਲੇ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੇ ਸਮੇਂ ਦੌਰਾਨ ਇਲਾਕੇ ਵਿਚ ਕਈ ਵਾਰ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾ ਕੇ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ ਪਰ ਉਸ ਤੋਂ ਬਾਅਦ ਕਿਸੇ ਰਾਜਨੇਤਾ, ਨਿਗਮ ਅਧਿਕਾਰੀ ਜਾਂ ਸਿਹਤ ਵਿਭਾਗ ਨੇ ਅਧਿਕਾਰੀ ਨੇ ਜਨਤਾ ਦੇ ਹਾਲਾਤ ਨੂੰ ਦੇਖਦਿਆਂ ਮੈਡੀਕਲ ਕੈਂਪ ਨਹੀਂ ਲਾਇਆ।
ਦਲਦਲ ਅਤੇ ਜੀਵ-ਜੰਤੂਆਂ ਨੇ ਜਿਊਣਾ ਕੀਤਾ ਮੁਸ਼ਕਲ
ਡੰਪ 'ਤੇ ਸੁੱਟੇ ਜਾਣ ਵਾਲੇ ਕੂੜੇ 'ਚੋਂ ਪਾਣੀ ਸਿਮ ਕੇ ਨੀਵੀਆਂ ਥਾਵਾਂ 'ਤੇ ਇਕੱਠਾ ਹੋਣ ਨਾਲ ਕੂੜੇ ਦੀ ਦਲਦਲ ਬਣ ਜਾਂਦੀ ਹੈ। ਸੁੱਕੇ ਅਤੇ ਗਿੱਲੇ ਕੂੜੇ ਵਿਚੋਂ ਲੱਖਾਂ ਜੀਵ-ਜੰਤੂ ਪੈਦਾ ਹੋ ਕੇ ਆਸ-ਪਾਸ ਦੇ ਇਲਾਕਿਆਂ ਵਿਚ ਪਹੁੰਚ ਕੇ ਮੁਸ਼ਕਲਾਂ ਪੈਦਾ ਕਰਦੇ ਹਨ। ਗਰਮੀ ਦੇ ਮੌਸਮ ਵਿਚ ਲੋਕਾਂ ਲਈ ਪਲ-ਪਲ ਬਤੀਤ ਕਰਨਾ ਔਖਾ ਹੋ ਜਾਂਦਾ ਹੈ।
ਕਈ ਮਹੀਨੇ ਚੱਲਿਆ ਸੰਘਰਸ਼ ਰਿਹਾ ਬੇਅਸਰ
ਭਗਤਾਂਵਾਲਾ ਡੰਪ ਖਿਲਾਫ ਬਣਾਈ ਸਾਂਝੀ ਸੰਘਰਸ਼ ਕਮੇਟੀ ਵੱਲੋਂ ਕਈ ਮਹੀਨਿਆਂ ਦਾ ਲਗਾਤਾਰ ਚੱਲਿਆ ਸੰਘਰਸ਼ ਵੀ ਰਾਜਨੀਤੀ ਦੀ ਭੇਟ ਚੜ੍ਹਦਿਆਂ ਬੇਅਸਰ ਰਿਹਾ। ਵਾਰਡ ਨੰ. 37, 38 ਤੇ 39 ਦੇ ਦੁਖੀ ਲੋਕਾਂ ਸਮੇਤ ਕੌਂਸਲਰ ਦਲਬੀਰ ਸਿੰਘ ਮੰਮਣਕੇ, ਹਰਮਿੰਦਰ ਕੌਰ, ਸ਼ਾਮ ਤੇ ਦਲਬੀਰ ਕੌਰ ਨੇ ਵੀ ਡੰਪ ਉਠਾਉਣ ਲਈ ਆਵਾਜ਼ ਬੁਲੰਦ ਕੀਤੀ ਹੈ। ਧਰਨਿਆਂ ਵਿਚ ਸਾਬਕਾ ਮੰਤਰੀ ਸਵ. ਸਰਦੂਲ ਸਿੰਘ ਬੰਡਾਲਾ, ਹਰਜਿੰਦਰ ਸਿੰਘ, ਜਸਬੀਰ ਸਿੰਘ ਡਿੰਪਾ, ਗੁਰਜੀਤ ਸਿੰਘ ਔਜਲਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜੀਵ ਭਗਤ, ਜਗਦੀਪ ਸਿੰਘ, ਰਿੰਕੂ ਨਰੂਲਾ ਤੇ ਅਵਤਾਰ ਸਿੰਘ ਟਰੱਕਾਂਵਾਲਾ ਸਮੇਤ ਹੋਰ ਕਈ ਕਾਂਗਰਸੀ, ਅਕਾਲੀ ਦਲ ਬਾਦਲ, ਆਮ ਆਦਮੀ ਪਾਰਟੀ, ਪੰਜਾਬ ਪੀਪਲ ਪਾਰਟੀ ਤੇ ਕਾਮਰੇਡ ਪਾਰਟੀਆਂ ਦੇ ਆਗੂ ਵੀ ਧਰਨੇ ਵਿਚ ਹਾਜ਼ਰੀ ਲਾਉਂਦੇ ਰਹੇ ਪਰ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਉਥੇ ਦੀਆਂ ਉਥੇ ਹੀ ਹਨ।
ਰੋਜ਼ਾਨਾ 700 ਟਨ ਕੂੜਾ ਡੰਪ 'ਤੇ ਜਾ ਰਿਹੈ
ਪੂਰੇ ਸ਼ਹਿਰ ਦਾ ਕਰੀਬ 700 ਟਨ ਕੂੜਾ ਭਗਤਾਂਵਾਲਾ ਡੰਪ 'ਤੇ ਸੁੱਟਿਆ ਜਾ ਰਿਹਾ ਹੈ। ਡੰਪ ਦੀ ਜਗ੍ਹਾ ਜੋ 15 ਫੁੱਟ ਡੂੰਘੀ ਹੁੰਦੀ ਸੀ, ਹੁਣ ਉਥੇ ਕਰੀਬ 75 ਫੁੱਟ ਗੰਦਗੀ ਦੇ ਢੇਰ ਲੱਗ ਚੁੱਕੇ ਹਨ। ਸ਼ਹਿਰ ਵਿਚ ਹੋਰ ਕਈ ਥਾਵਾਂ 'ਤੇ 4-5 ਡੰਪ ਸਨ, ਬਾਕੀ ਸਾਰੇ ਬੰਦ ਹੋ ਚੁੱਕੇ ਹਨ। ਭਗਤਾਂਵਾਲਾ ਡੰਪ ਦੇ ਰੌਲੇ-ਰੱਪੇ ਦੌਰਾਨ ਬਾਕੀ ਡੰਪ ਵਾਲੇ ਸਥਾਨਾਂ 'ਤੇ ਪੁਲਸ ਤੇ ਜ਼ਿਲਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਕੂੜਾ ਸੁੱਟਣ ਦਾ ਯਤਨ ਕੀਤਾ ਪਰ ਉਥੋਂ ਦੀ ਜਨਤਾ ਨੇ ਵੱਸ ਨਹੀਂ ਚੱਲਣ ਦਿੱਤਾ।
ਡੰਪ ਸੰਵਾਰਨ ਲਈ ਆਏ ਸਨ 2 ਕਰੋੜ
ਡੰਪ 'ਤੇ ਹੋਈ ਰਾਜਨੀਤੀ ਦੌਰਾਨ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਰਹੇ ਅਨਿਲ ਜੋਸ਼ੀ ਨੇ ਡੰਪ ਦੇ ਕੂੜੇ ਨੂੰ ਪੱਧਰਾ ਕਰ ਕੇ ਮਿੱਟੀ ਪਵਾਉਣ, ਡੰਪ ਦੀ ਚਾਰਦੀਵਾਰੀ ਕਰ ਕੇ ਬੂਟੇ ਲਾਉਣ ਤੇ ਕੀਟਨਾਸ਼ਕ ਦਵਾਈਆਂ ਦੀ ਸਪ੍ਰੇਅ ਲਈ ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਨੂੰ 2 ਕਰੋੜ ਦਾ ਚੈੱਕ ਵੀ ਦਿੱਤਾ ਸੀ, ਜਿਸ ਨੂੰ ਲੈ ਕੇ ਚਾਰਦੀਵਾਰੀ ਸਮੇਤ ਹੋਰ ਕੰਮ ਵੀ ਕੀਤਾ ਗਿਆ ਪਰ ਇਕ ਦਿਨ ਕੰਧ ਬਣਾਉਣ ਲਈ ਨੀਂਹ ਪੁੱਟਣ ਲਈ ਗਈ ਮਸ਼ੀਨਰੀ ਸਮੇਤ ਨਿਗਮ ਕਰਮਚਾਰੀਆਂ ਨੂੰ ਇਲਾਕਾ ਨਿਵਾਸੀਆਂ ਨੇ ਦੌੜਨ 'ਤੇ ਮਜਬੂਰ ਕਰ ਦਿੱਤਾ ਸੀ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਨੇੜੇ ਆਮ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ
NEXT STORY