ਚੰਡੀਗੜ੍ਹ (ਬਿਊਰੋ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਸਹੀ ਦਿਸ਼ਾ ਵੱਲ ਅੱਗੇ ਵਧ ਰਹੀ ਹੈ ਅਤੇ ਇਹ ਕਿਸਾਨਾਂ ਨੂੰ ਵੱਖ-ਵੱਖ ਸੰਕਟਾਂ ’ਚੋਂ ਬਾਹਰ ਕੱਢਣ ਲਈ ਪੂਰੀ ਤਰ੍ਹਾਂ ਦਿੜ੍ਹ ਹੈ। ਅੱਜ ਸੀ. ਆਈ. ਆਈ. ਦੇ ਉੱਤਰੀ ਖੇਤਰ ਦੇ ਸਥਾਨਕ ਹੈੱਡਕੁਆਰਟਰ ਵਿਖੇ ਦਿ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਫੇਅਰ ਨੂੰ ਸੰਬੋਧਿਤ ਕਰਦਿਆਂ ਸੰਧਵਾਂ ਨੇ ਕਿਹਾ ਕਿ ਬਦਲਦੀਆਂ ਹਾਲਤਾਂ ’ਚ ਠੋਸ ਅਤੇ ਪ੍ਰਭਾਵੀ ਖੇਤੀ ਨੀਤੀ ਦੀ ਅਣਹੋਂਦ ਕਾਰਨ ਪੰਜਾਬ ’ਚ ਖੇਤੀ ਦਾ ਸੰਕਟ ਵਧਿਆ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨੀ ਨੂੰ ਸੰਕਟ ’ਚੋਂ ਬਹਰ ਕੱਢਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅਨਾਜ ਦੇ ਖੇਤਰ ’ਚ ਆਤਮ-ਨਿਰਭਰ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰਦੂਸ਼ਣ ਤੇ ਖ਼ਰਾਬ ਹਵਾ ’ਤੇ ਭਖ਼ੀ ਸਿਆਸਤ, ਪ੍ਰਤਾਪ ਬਾਜਵਾ ਨੇ ਪੰਜਾਬ ਤੇ ਦਿੱਲੀ ਸਰਕਾਰ ’ਤੇ ਚੁੱਕੇ ਵੱਡੇ ਸਵਾਲ
ਉਨ੍ਹਾਂ ਕਿਹਾ ਕਿ ਸੂਬੇ ਨੂੰ ਝੋਨੇ ਅਤੇ ਕਣਕ ਦੇ ਫਸਲੀ ਚੱਕਰ ’ਚੋਂ ਬਾਹਰ ਕੱਢਣ ਦੀ ਹੁਣ ਡਾਢੀ ਲੋੜ ਹੈ, ਜਿਸ ਵਾਸਤੇ ਖੇਤੀ ਵਿਭਿੰਨਤਾ ਅਪਣਾਉਣ ਦੀ ਲੋੜ ਹੈ। ਇਸ ਨੂੰ ਅਮਲ ’ਚ ਲਿਆਉਣ ਲਈ ਕੇਂਦਰ ਵੱਲੋਂ ਕਣਕ ਅਤੇ ਝੋਨੇ ਤੋਂ ਇਲਾਵਾ ਹੋਰਨਾਂ ਫ਼ਸਲਾਂ ’ਤੇ ਵੀ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਖੇਤੀ ਸੰਕਟ ਦੇ ਹੱਲ ਲਈ ਨਵੀਆਂ ਸਕੀਮਾਂ ਅਤੇ ਨਵੇਂ ਉਪਰਾਲੇ ਅਪਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਅਜਿਹੇ ਮੇਲੇ ਖੇਤੀਬਾੜੀ ਅਤੇ ਬਾਗਬਾਨੀ ’ਚ ਨਵੇਂ ਉਪਰਾਲੇ ਅਤੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕਿਸਾਨ ਮੇਲਿਆਂ ਨੂੰ ਆਯੋਜਿਤ ਕਰ ਕੇ ਕਿਸਾਨੀ ਨੂੰ ਨਵੀਆਂ ਤਕਨੀਕਾਂ ਦਾ ਲਗਾਤਾਰ ਗਿਆਨ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲੇ ਦਿਹਾਤੀ ਇਲਾਕਿਆਂ ’ਚ ਹੋਰ ਵੀ ਚੰਗੇ ਨਤੀਜੇ ਕੱਢ ਸਕਦੇ ਹਨ। ਇਸ ਨਾਲ ਸਰਕਾਰ ਅਤੇ ਹੋਰ ਉਦਯੋਗਪਤੀਆਂ ਦਾ ਕਿਸਾਨਾਂ ਤੱਕ ਪਹੁੰਚ ਆਸਾਨ ਹੋਵੇਗੀ। ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਦੇਸ਼ ’ਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਹਮੇਸ਼ਾ ਤੋਂ ਹੀ ਹਰ ਨਵੀਂ ਤਕਨੀਕ ਅਤੇ ਹਰ ਨਵੀਂ ਖੋਜ ਨੂੰ ਅਪਣਾਉਂਦਾ ਆਇਆ ਹੈ ਅਤੇ ਖੇਤੀ ਵਿਭਿੰਨਤਾ ਲਈ ਬਾਗਵਾਨੀ ਵਧੀਆ ਬਦਲ ਹੈ।
ਲਾਪਤਾ 328 ਸਰੂਪਾਂ ਦੇ ਇਨਸਾਫ਼ ਲਈ ਪੰਥਕ ਜਥੇਬੰਦੀਆਂ ਨੇ ਕੀਤਾ ਰੋਸ ਮਾਰਚ, ਕਿਹਾ- ਸੰਘਰਸ਼ ਜਾਰੀ ਰਹੇਗਾ
NEXT STORY