ਚੰਡੀਗੜ੍ਹ, (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਚੰਗਾਲੀਵਾਲਾ ਕਾਂਡ ਦਾ ਮੁੱਦਾ ਪਾਰਲੀਮੈਂਟ 'ਚ ਉਠਾਉਂਦੇ ਹੋਏ ਪੀੜਿਤ ਪਰਿਵਾਰ ਨੂੰ ਇਨਸਾਫ਼ ਲਈ ਕੇਂਦਰੀ ਗ੍ਰਹਿ ਮੰਤਰਾਲੇ ਦਾ ਤੁਰੰਤ ਦਖ਼ਲ ਮੰਗਿਆ ਹੈ। ਸੋਮਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਿਫਰਕਾਲ ਦੌਰਾਨ ਇਸ ਸੰਵੇਦਨਸ਼ੀਲ ਮੁੱਦੇ 'ਤੇ ਭਗਵੰਤ ਮਾਨ ਵਿਸਤਾਰ ਨਾਲ ਬੋਲੇ ਅਤੇ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਰੱਜ ਕੇ ਕੋਸਿਆ। ਭਗਵੰਤ ਮਾਨ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡ ਚੰਗਾਲੀਵਾਲਾ 'ਚ ਇਕ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਪਲਾਸ ਨਾਲ ਨੋਚ ਕੇ 'ਤੇ ਤੇਜ਼ਾਬ ਛਿੜਕਿਆ ਗਿਆ ਅਤੇ ਪਾਣੀ ਮੰਗਣ 'ਤੇ ਪਿਸ਼ਾਬ ਪਿਲਾਇਆ ਗਿਆ, ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ (ਮੁੱਖ ਮੰਤਰੀ) ਕੈ. ਅਮਰਿੰਦਰ ਸਿੰਘ ਛੁੱਟੀਆਂ ਮਨਾਉਣ ਅਤੇ ਸ਼ਿਕਾਰ ਖੇਡਣ ਵਿਦੇਸ਼ ਗਏ ਹਨ ਅਤੇ ਇਸ ਸਮੇਂ ਸੂਬੇ 'ਚ ਕੋਈ ਵੀ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹੈ, ਦੂਜੇ ਪਾਸੇ ਲੋਕ ਸੜਕਾਂ 'ਤੇ ਹਨ ਅਤੇ ਪਰਿਵਾਰ ਪੀ. ਜੀ. ਆਈ. ਚੰਡੀਗੜ੍ਹ 'ਚ ਧਰਨਾ ਲਗਾਈ ਬੈਠੇ ਹਨ। ਮਾਨ ਨੇ ਦੱਸਿਆ ਕਿ ਪਰਿਵਾਰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕਰ ਰਿਹਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਕਿਉਂਕਿ ਇਸ ਸਮੇਂ ਕਿਸੇ ਕੋਲ ਪਰਿਵਾਰ ਦੀ ਮੰਗ ਮੰਨੇ ਜਾਣ ਦਾ ਅਧਿਕਾਰੀ ਨਹੀਂ ਹੈ, ਇਸ ਲਈ ਕੇਂਦਰੀ ਗ੍ਰਹਿ ਮੰਤਰਾਲਾ ਤੁਰੰਤ ਦਖ਼ਲ ਦੇ ਕੇ ਪੰਜਾਬ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਪੀੜਿਤ ਪਰਿਵਾਰ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਵੇ ਤਾਂ ਕਿ ਭਵਿੱਖ 'ਚ ਕੋਈ ਅਜਿਹੀ ਦਰਿੰਦਗੀ ਕਰਨ ਦੀ ਸੋਚ ਵੀ ਨਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਸਕੱਤਰ ਪੰਜਾਬ ਨਾਲ 2 ਵਾਰ ਫ਼ੋਨ 'ਤੇ ਗੱਲ ਕਰ ਚੁੱਕੇ ਹਨ, ਪਰੰਤੂ ਉਹ ਫੈਸਲਾਕੁੰਨ ਹੱਲ ਕੱਢਣ 'ਚ ਬੇਬਸ ਹਨ। ਦਲਿਤ ਕਾਂਗਰਸੀ ਆਗੂ ਅਤੇ ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਪੀੜਿਤ ਪਰਿਵਾਰ ਨੂੰ ਸੰਤੁਸ਼ਟ ਨਹੀਂ ਕਰ ਸਕੇ, ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਛੁੱਟੀਆਂ ਰੱਦ ਕਰਕੇ ਤੁਰੰਤ ਵਾਪਸ ਆਉਣ।
ਲੱਖਾਂ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ 3 ਗ੍ਰਿਫਤਾਰ
NEXT STORY