ਲੁਧਿਆਣਾ (ਹਿਤੇਸ਼) : ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਭਲਾਈ ਨੂੰ ਦੇਖਦਿਆਂ ਕੋਰੋਨਾ ਟੈਸਟਾਂ ਲਈ 3 ਨਵੇਂ ਸਰਕਾਰੀ ਕੇਂਦਰ ਖੋਲ੍ਹ ਦਿੱਤੇ ਗਏ ਹਨ। ਹੁਣ ਤਿੰਨ ਨਵੇਂ ਸਰਕਾਰੀ ਕੇਂਦਰਾਂ ਜਵੱਦੀ, ਸੁਭਾਸ਼ ਨਗਰ ਅਤੇ ਗਿਆਸਪੁਰਾ ਵਿਖੇ ਸਥਿਤ ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਵੀ ਕੋਰੋਨਾ ਟੈਸਟ ਕੀਤੇ ਜਾਣਗੇ। ਭਾਰਤ ਭੂਸ਼ਣ ਨੇ ਕਿਹਾ ਕਿ ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਕੋਵਿਡ ਟੈਸਟ ਕਰਵਾਉਣ ਲਈ ਕੁੱਲ ਸਰਕਾਰੀ ਸਹੂਲਤਾਂ ਦੀ ਗਿਣਤੀ 6 ਹੋ ਜਾਵੇਗੀ ਜ਼ਿਕਰਯੋਗ ਹੈ ਕਿ ਇਸ ਸਮੇਂ ਸਿਵਲ ਹਸਪਤਾਲ ਲੁਧਿਆਣਾ, ਚੰਡੀਗੜ੍ਹ ਰੋਡ 'ਤੇ ਵਰਧਮਾਨ ਮਿਲਜ਼ ਨੇੜੇ ਮਦਰ ਚਾਈਲਡ ਹਸਪਤਾਲ ਅਤੇ ਨਹਿਰੂ ਰੋਜ਼ ਗਾਰਡਨ ਨੇੜੇ ਮੈਰੀਟੋਰੀਅਸ ਸਕੂਲ ਵਿਖੇ ਕੋਵਿਡ ਨਮੂਨੇ ਲਏ ਜਾ ਰਹੇ ਹਨ।
ਇਸ ਤੋਂ ਇਲਾਵਾ, ਪੁਲਸ ਲਾਈਨਜ਼ (ਪੁਲਿਸ ਮੁਲਾਜ਼ਮਾਂ ਲਈ) ਅਤੇ ਕੇਂਦਰੀ ਜੇਲ੍ਹ 'ਚ (ਕੈਦੀਆਂ/ਹਵਾਲਾਤੀਆਂ ਲਈ) ਅਤੇ ਮੋਬਾਇਲ ਟੀਮਾਂ ਵੱਲੋਂ ਕੰਟੇਨਮੈਂਟ/ਮਾਈਕਰੋ-ਕੰਟੇਨਮੈਂਟ ਜ਼ੋਨਾਂ 'ਚ ਵੀ ਨਮੂਨੇ ਇਕੱਠੇ ਕੀਤੇ ਜਾਂਦੇ ਹਨ। ਮੰਤਰੀ ਆਸ਼ੂ ਨੇ ਇਸ ਸਬੰਧੀ ਇੱਕ ਰੀਵੀਊ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ 'ਚ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ, ਮੁੱਖ ਮੰਤਰੀ ਦੇ ਓ. ਐਸ. ਡੀ. ਅੰਕਿਤ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਪੁਲਸ ਡਾ. ਸਚਿਨ ਗੁਪਤਾ, ਸਿਵਲ ਸਰਜਨ ਡਾ. ਰਾਜੇਸ਼ ਬੱਗਾ ਹਾਜ਼ਰ ਸਨ।
ਮੰਤਰੀ ਆਸ਼ੂ ਨੇ ਦੱਸਿਆ ਕਿ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਸਿਵਲ ਹਸਪਤਾਲ ਲੁਧਿਆਣਾ ਵਿਖੇ , ਮਦਰ ਚਾਈਲਡ ਹਸਪਤਾਲ ਨੇੜੇ ਵਰਧਮਾਨ ਮਿੱਲਜ਼, ਚੰਡੀਗੜ੍ਹ ਰੋਡ ਅਤੇ ਮੈਰੀਟੋਰੀਅਸ ਸਕੂਲ ਨੇੜੇ ਨਹਿਰੂ ਰੋਜ਼ ਗਾਰਡਨ ਵਿਖੇ ਕੋਵਿਡ-19 ਦੀ ਜਾਂਚ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਸਨ। ਕਿਸੇ ਖ਼ਾਸ ਜਗ੍ਹਾ 'ਤੇ ਅਜਿਹੇ ਵਿਅਕਤੀਆਂ ਦੀ ਆਮਦ ਨੂੰ ਘਟਾਉਣ ਲਈ ਤਿੰਨ ਹੋਰ ਸਥਾਨ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਹਰ ਜਗ੍ਹਾ ਟੈਸਟਿੰਗ ਕਾਊਂਟਰ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸਮਾਜਿਕ ਦੂਰੀ ਨੂੰ ਬਣਾਈ ਰੱਖਿਆ ਜਾ ਸਕੇ।
ਮੰਤਰੀ ਆਸ਼ੂ ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਲੁਧਿਆਣਾ ਨੇ ਲਾਰਡ ਮਹਾਵੀਰਾ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਕੋਵਿਡ ਕੇਅਰ ਸੈਂਟਰ ਵਜੋਂ ਚਲਾਉਣ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਹਸਪਤਾਲਾਂ ਨੂੰ ਸੰਭਾਲਣ ਲਈ ਦੂਜੇ ਨਿੱਜੀ ਹਸਪਤਾਲਾਂ ਨਾਲ ਵੀ ਗੱਲਬਾਤ ਕਰ ਰਹੇ ਹਨ ਤਾਂ ਜੋ ਵਸਨੀਕਾਂ ਨੂੰ ਉੱਤਮ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਲੁਧਿਆਣਾ 'ਚ ਮਰੀਜ਼ਾਂ ਲਈ ਬਿਸਤਰਿਆਂ ਦੀ ਘਾਟ ਨਾ ਹੋਵੇ ਅਤੇ ਹੋਰ ਨਿੱਜੀ ਹਸਪਤਾਲਾਂ ਦੀਆਂ ਸੇਵਾਵਾਂ ਲੋਕਾਂ ਦੇ ਹਿੱਤ 'ਚ ਲਈਆਂ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਦੀ ਭਲਾਈ ਲਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿੱਜੀ ਹਸਪਤਾਲਾਂ 'ਚ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਇੱਕ ਸਮਰਪਿਤ ਪੋਰਟਲ ਤਿਆਰ ਕੀਤਾ ਗਿਆ ਹੈ।
ਇਸ ਪੋਰਟਲ ਰਾਹੀਂ ਹਰੇਕ ਹਸਪਤਾਲ 'ਚ ਖਾਲੀ ਪਏ ਬੈੱਡ ਦੀ ਸਥਿਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਇੱਕ ਖਾਸ ਹਸਪਤਾਲ ਕੋਲ ਖਾਲੀ ਬਿਸਤਰਾ ਨਹੀਂ ਹੁੰਦਾ ਤਾਂ ਮਰੀਜ਼ ਨੂੰ ਨੇੜੇ ਦੇ ਹਸਪਤਾਲ 'ਚ ਤਬਦੀਲ ਕੀਤਾ ਜਾ ਸਕਦਾ ਹੈ। ਹੁਣ ਕੋਈ ਵੀ ਹਸਪਤਾਲ ਖਾਲੀ ਪਏ ਬੈੱਡ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਲੁਕੋ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਇਸ ਪੋਰਟਲ ਦਾ ਸਿੱਧਾ ਕੰਟਰੋਲ ਉਨ੍ਹਾਂ ਤੋਂ ਇਲਾਵਾ ਪੁਲਸ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਹੈ। ਇਸ ਤੋਂ ਇਲਾਵਾ ਜਾਣਕਾਰੀ ਨਿੱਜੀ ਹਸਪਤਾਲਾਂ ਨਾਲ ਵੀ ਸਾਂਝੀ ਕੀਤੀ ਜਾ ਰਹੀ ਹੈ।
ਮਿਸ਼ਨ ਫ਼ਤਿਹ ਦਾ ਮੁੱਖ ਮਕਸਦ ਲੋਕਾਂ ਨੂੰ ਕੋਰੋਨਾ ਦੀ ਸਾਵਧਾਨੀ ਤੇ ਬਚਾਅ ਬਾਰੇ ਜਾਣੂ ਕਰਵਾਉਣਾ : ਸਿੰਗਲਾ
NEXT STORY