ਨਾਭਾ (ਜਗਨਾਰ) — ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਨਾਭਾ ਵਲੋਂ ਕਿਸਾਨਾਂ ਨਾਲ ਹੋ ਰਹੀ ਬੇ-ਇਨਸਾਫੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਕੈਦੂਪੁਰ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ, ਨਵੀਂ ਅਨਾਜ ਮੰਡੀ ਨਾਭਾ ਵਿਖੇ ਇਕੱਤਰ ਹੋਏ, ਜਿਥੋਂ ਜਲੂਸ ਦੀ ਸ਼ਕਲ 'ਚ ਨਾਅਰੇਬਾਜੀ ਕਰਦੇ ਉਨ੍ਹਾਂ ਐੱਸ. ਡੀ. ਐੱਮ. ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਜਲੂਸ 'ਚ ਬੈਲਾਂ ਦੀ ਜੋੜੀ ਟਰੈਕਟਰ ਖਿੱਚ ਕੇ ਲਿਆ ਰਹੀ ਸੀ, ਜੋ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦਰਸਾ ਰਹੀ ਸੀ।
ਬੁਲਾਰਿਆਂ ਨੇ ਦੱਸਿਆ ਕਿ ਕਿਸਾਨ ਅੱਜ ਬੁਰੀ ਤਰ੍ਹਾਂ ਨਾਲ ਆਰਥਿਕ ਸੰਕਟ ਦਾ ਸ਼ਿਕਾਰ ਹੋ ਰਹੇ ਹਨ, ਜਿਸ ਤੋਂ ਪਰੇਸ਼ਾਨ ਹੋ ਕੇ ਉਹ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਸੂਬਾ ਤੇ ਕੇਂਦਰ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਦੀ ਅਣਦੇਖੀ ਕਾਰਨ ਦਿਨ-ਬ-ਦਿਨ ਕਿਸਾਨ ਖੁਦਕੁਸ਼ੀਆਂ ਦੀ ਔਸਤ ਵੱਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਔਸਤਨ 33 ਕਿਸਾਨ ਰੋਜ਼ਾਨਾ ਖੁਦਕੁਸ਼ੀ ਕਰ ਰਹੇ ਹਨ ਤੇ 2500 ਕਿਸਾਨ ਰੋਜ਼ਾਨਾ ਖੇਤੀ ਦੇ ਕਿੱਤੇ ਨੂੰ ਅਲਵਿਦਾ ਕਹਿ ਕੇ ਸ਼ਹਿਰਾਂ ਵੱਲ ਪਲਾਇਨ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਫਾਰਮ ਡਿਸਟ੍ਰੈਸ ਦੇ ਰਾਜਨੀਤੀਕਰਨ ਕਾਰਨ ਨਹੀਂ ਹੋ ਰਿਹਾ?
ਉਨ੍ਹਾਂ ਕਿਹਾ ਕਿ ਇਸ ਕਿੱਤੇ ਨਾਲ ਜੁੜੀਆਂ ਤੇਲ ਕੰਪਨੀਆਂ, ਖਾਦ ਵਾਲੀਆਂ ਕੰਪਨੀਆਂ, ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ, ਟ੍ਰੈਕਟਰ ਕੰਪਨੀਆਂ, ਪੰਪ ਸੈਟਸ ਕੰਪਨੀਆਂ ਤੇ ਬੀਜ ਕੰਪਨੀਆਂ ਕਰੋੜਾਂ ਰੁਪਏ ਦਾ ਮੁਨਾਫਾ ਕਮਾ ਰਹੀਆਂ ਹਨ ਤੇ ਕਿਸਾਨ ਤੰਗੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ।
ਇਸ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ 'ਚ ਸਵਾਮੀ ਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਚੁਣਾਵੀਂ ਜੁਮਲਾ ਕਹਿ ਕੇ ਟਾਲ ਦਿੱਤਾ, ਇਥੋਂ ਤਕ ਕਿ ਸੁਪਰੀਮ ਕੋਰਟ 'ਚ ਹਲਫੀਆਂ ਬਿਆਨ ਦੇ ਕੇ ਇਸ ਨੂੰ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਪੰਜਾਬ ਦੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਹਾਂਸਲ ਕਰਨ ਤੋਂ ਬਾਅਦ ਹੁਣ ਉਹ ਕਰਜ਼ਾ ਮੁਆਫੀ ਦੇ ਨਾਂ 'ਤੇ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੀਤੇ ਵਾਅਦੇ ਮੁਤਾਬਕ ਸਰਕਾਰ ਨੇ ਕਿਸਾਨਾਂ ਦਾ ਸਾਰਾ ਕਰਜ਼ ਮੁਆਫ ਨਹੀਂ ਕੀਤਾ ਤਾਂ ਕਿਸਾਨ ਇਸ ਬੇ-ਇਨਸਾਫੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਇਸ ਦਾ ਮੂੰਹ ਤੋੜ ਜਵਾਬ ਦੇਣਗੇ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗਊ ਸੈਸ ਦੇ ਨਾਂ 'ਤੇ ਸਰਕਾਰ ਨੇ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਪਰ ਅਵਾਰਾ ਪਸ਼ੂਆਂ ਨੂੰ ਸੰਭਾਲਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਅੱਜ ਵੀ ਅਵਾਰਾ ਪਸ਼ੂ ਕਿਸਾਨਾਂ ਦੇ ਖੇਤਾਂ 'ਚ ਉਜਾੜਾ ਕਰਦੇ ਹਨ, ਜਿਸ ਕਾਰਨ ਕਿਸਾਨਾਂ ਨੂੰ ਖੇਤਾਂ 'ਚ ਰਾਤਾਂ ਕੱਟਣੀਆਂ ਪੈਂਦੀਆਂ ਹਨ। ਇਹ ਨਹੀਂ ਸੜਕਾਂ 'ਤੇ ਅਵਾਰਾ ਪਸ਼ੂਆਂ ਦੇ ਕਾਰਨ ਹਾਦਸੇ ਵਾਪਰਦੇ ਹਨ ਤੇ ਕਈ ਜਾਨਾਂ ਅਜਾਈ ਚਲੀਆਂ ਜਾਂਦੀਆਂ ਹਨ। ਉਨ੍ਹਾਂ ਸਰਕਾਰ ਨੂੰ ਸਖਤ ਚਿਤਾਵਨੀ ਦਿੱਤੀ ਕਿ ਇਨ੍ਹਾਂ ਅਵਾਰਾਂ ਪਸ਼ੂਆਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਤਾਂ ਕਿਸਾਨ ਇਨ੍ਹਾਂ ਨੂੰ ਸ਼ਹਿਰਾਂ 'ਚ ਛੱਡਣ ਲਈ ਮਜ਼ਬੂਰ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਤੇ ਸਰਕਾਰ ਨੂੰ ਉਸ ਦੇ ਕੀਤੇ ਵਾਅਦੇ ਯਾਦ ਦਿਵਾਉਣ ਲਈ ਕੁਝ ਹੀ ਦਿਨਾਂ 'ਚ ਚੰਡੀਗੜ੍ਹ 'ਚ ਵੱਡੇ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਸ ਇਕੱਠ 'ਚ ਹੋਰਨਾਂ ਤੋਂ ਇਲਾਵਾ ਓਕਾਰ ਸਿੰਘ ਅਗੌਲ ਜਨ. ਸਕੱਤਰ ਪੰਜਾਬ, ਨੇਕ ਸਿੰਘ ਖੋਖ ਸੀਨੀ. ਮੀਤ ਪ੍ਰਧਾਨ ਪੰਜਾਬ, ਘੁੰਮਣ ਸਿੰਘ ਰਾਜਗੜ੍ਹ ਸਕੱਤਰ ਪੰਜਾਬ ਤੇ ਹੋਰ ਕਿਸਾਨ ਵੱਡੀ ਗਿਣਤੀ 'ਚ ਸ਼ਾਮਲ ਸਨ।
ਲੁਧਿਆਣੇ 'ਚ ਵੱਡਾ ਸਿਆਸੀ ਸੰਨ੍ਹ ਲੱਗਣ ਦੀ ਤਿਆਰੀ !
NEXT STORY