ਭੋਗਪੁਰ(ਸੂਰੀ): ਬੁੱਧਵਾਰ ਦੇਰ ਰਾਤ ਜਲੰਧਰ-ਜੰਮੂ ਰਾਸ਼ਟਰੀ ਮਾਰਗ 'ਤੇ ਭੋਗਪੁਰ ਸ਼ਹਿਰ ਦੇ ਵਾਰਡ ਡੱਲੀ ਸਾਹਮਣੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਨੌਜ਼ਵਾਨ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਦੇਰ ਰਾਤ ਸਤੀਸ਼ ਕੁਮਾਰ ਉਰਫ ਰਿੰਕੂ (23) ਪੁੱਤਰ ਭਜਨ ਸਿੰਘ ਵਾਸੀ ਪਿੰਡ ਭਟਨੂਰਾ ਲੁਬਾਣਾ, ਜਿਸ ਦੇ ਪਿਤਾ ਭਜਨ ਸਿੰਘ ਕਿਸੇ ਬੀਮਾਰੀ ਕਾਰਨ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਨੂੰ ਮਿਲਣ ਲਈ ਅਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੋਗਪੁਰ ਤੋਂ ਜਲੰਧਰ ਵੱਲ ਜਾ ਰਿਹਾ ਸੀ। ਸਤੀਸ਼, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ, ਜਦੋਂ ਭੋਗਪੁਰ ਨੇੜਲੇ ਪਿੰਡ ਡੱਲੀ ਸਾਹਮਣੇ ਪੁੱਜਾ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਟੱਕਰਾ ਗਿਆ। ਟੱਕਰ ਇੰਨੀ ਜ਼ਿਆਦਾ ਜ਼ੋਰਦਾਰ ਸੀ ਕਿ ਸਤੀਸ਼ ਕੁਮਾਰ ਨੇ ਹਾਦਸੇ ਵਾਲੀ ਥਾਂ 'ਤੇ ਹੀ ਦਮ ਤੋੜ ਦਿੱਤਾ। ਇਕੱਤਰ ਹੋਏ ਲੋਕਾਂ ਨੇ ਇਸ ਹਾਦਸੇ ਦੀ ਸੂਚਨਾ ਭੋਗਪੁਰ ਪੁਲਸ ਨੂੰ ਦਿੱਤੀ ਅਤੇ ਥਾਣੇਦਾਰ ਸਤਪਾਲ ਸਿੰਘ ਬਾਜਵਾ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਵੱਲੋਂ ਇਸ ਹਾਦਸੇ ਸਬੰਧੀ ਮ੍ਰਿਤਕ ਸਤੀਸ਼ ਦੇ ਚਾਚੇ ਕਰਨੈਲ ਸਿੰਘ ਦੇ ਬਿਆਨਾਂ ਹੇਠ ਕਾਰਵਾਈ ਕੀਤੀ ਗਈ ਹੈ। ਕਰਨੈਲ ਸਿੰਘ ਨੇ ਇਸ ਹਾਦਸੇ ਨੂੰ ਕੁਦਰਤੀ ਦੱਸਿਆ ਹੈ ਅਤੇ ਕੋਈ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪੁਲਸ ਵੱਲੋਂ ਧਾਰਾ 174 ਦੇ ਹੇਠ ਕਾਰਵਾਈ ਕਰਕੇ ਸਤੀਸ਼ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੂੰ ਚੈਲੰਜ
6 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਤੀਸ਼ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੇ ਪਿਤਾ ਭਜਨ ਸਿੰਘ ਦਿਲ ਦੀ ਬੀਮਾਰੀ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਜਲੰਧਰ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਕਾਂਗਰਸ ਤੇ ਕੇਂਦਰ 'ਤੇ ਵਰ੍ਹੇ ਸੁਖਬੀਰ ਬਾਦਲ, ਕਿਹਾ- ਦੋਵਾਂ ਨੇ ਮਿਲ ਕੇ ਕਿਸਾਨਾਂ ਨਾਲ ਕੀਤਾ ਧੋਖਾ
ਇਕ ਮਹੀਨੇ ਤੋਂ ਪੁਲਸ ਪੈਟਰੋਲਿੰਗ ਗੱਡੀ ਬੰਦ, ਐਂਬੂਲੈਂਸ ਨਾ ਮਿਲਣ ਕਾਰਨ ਦੋ ਘੰਟੇ ਸੜਕ 'ਚ ਪਈ ਰਹੀ ਲਾਸ਼
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੁਲਸ ਪ੍ਰਸ਼ਾਸਨ ਵੱਲੋਂ ਕੁਰੇਸ਼ੀਆਂ ਪੁਲਸ ਨਾਕੇ ਤੱਕ ਪੁਲਸ ਪੈਟਰੋਲਿੰਗ ਗੱਡੀ ਨੰਬਰ 16 ਕਈ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ। ਇਸ ਪੈਟਰੋਲਿੰਗ ਗੱਡੀ ਦਾ ਸਟਾਫ ਕੋਈ ਵੀ ਸੜਕ ਹਾਦਸਾ ਵਾਪਰਨ 'ਤੇ ਤੁਰੰਤ ਮੌਕੇ 'ਤੇ ਪੁੱਜ ਜਾਂਦਾ ਸੀ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲਾਂ ਵਿਚ ਪੁਹੰਚਾ ਦਿੱਤਾ ਜਾਂਦਾ ਸੀ। ਪਿਛਲੇ ਇਕ ਮਹੀਨੇ ਤੋਂ ਪੁਲਸ ਪ੍ਰਸ਼ਾਸਨ ਵੱਲੋਂ ਇਸ ਮਾਰਗ 'ਤੇ ਚੱਲਣ ਵਾਲੀ ਪੈਟਰੋਲਿੰਗ ਗੱਡੀ ਨੰਬਰ 16 ਨੂੰ ਬੰਦ ਕਰ ਦਿੱਤਾ ਗਿਆ ਹੈ। ਬੀਤੀ ਰਾਤ ਵਾਪਰੇ ਹਾਦਸੇ ਵਿਚ ਮਾਰੇ ਗਏ ਸਤੀਸ਼ ਦੀ ਲਾਸ਼ ਜਲੰਧਰ ਲੈ ਕੇ ਜਾਣ ਲਈ ਭੋਗਪੁਰ ਦੇ ਹਸਪਤਾਲ ਮਾਲਕਾਂ ਵੱਲੋਂ ਪੁਲਸ ਨੂੰ ਐਂਬੂਲੈਂਸ ਗੱਡੀ ਨਾ ਦਿੱਤੀ ਗਈ, ਜਿਸ ਕਾਰਨ ਮ੍ਰਿਤਕ ਦੀ ਲਾਸ਼ ਦੋ ਘੰਟੇ ਦੇ ਕਰੀਬ ਸੜਕ ਵਿਚਾਲੇ ਪਈ ਰਹੀ। ਆਖਰ ਭੋਗਪੁਰ ਦੇ ਇਕ ਹਸਪਤਾਲ ਦੇ ਪ੍ਰਬੰਧਕਾਂ ਨੇ ਜਲੰਧਰ ਗਈ ਆਪਣੀ ਐਂਬਲੈਂਸ ਨੂੰ ਵਾਪਸ ਮੰਗਵਾ ਕੇ ਮ੍ਰਿਤਕ ਦੀ ਲਾਸ਼ ਨੂੰ ਜਲੰਧਰ ਸਿਵਲ ਹਸਪਤਾਲ ਭੇਜਿਆ।
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੂੰ ਚੈਲੰਜ
NEXT STORY