ਚੰਡੀਗੜ੍ਹ (ਅੰਕੁਰ ਤਾਂਗੜੀ)- ਪੰਜਾਬ ਕਾਂਗਰਸ 'ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਅੰਦਰੂਨੀ ਸਿਆਸੀ ਘਮਸਾਨ ਵਿਚਕਾਰ ਸ਼ਨੀਵਾਰ ਨੂੰ ਘਟਨਾਕ੍ਰਮ ਤੇਜ਼ ਹੋ ਗਿਆ। ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਇਕ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ, ਜਦਕਿ ਇਸ ਤੋਂ ਤੁਰੰਤ ਬਾਅਦ ਉਹ ਚਰਨਜੀਤ ਸਿੰਘ ਚੰਨੀ ਧੜੇ ਨਾਲ ਮੀਟਿੰਗ ਕਰਨ ਲਈ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ 'ਤੇ ਪਹੁੰਚੇ। ਇਨ੍ਹਾਂ ਲਗਾਤਾਰ ਹੋ ਰਹੀਆਂ ਮੀਟਿੰਗਾਂ ਨੇ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਹੁਣ ਖ਼ਤਮ ਹੋਵੇਗਾ ਜਾਂ ਫਿਰ ਧੜੇਬੰਦੀ ਹੋਰ ਡੂੰਘੀ ਹੋਵੇਗੀ।
ਇਹ ਵੀ ਪੜ੍ਹੋ: ਅਚਾਨਕ ਸਰਕਾਰੀ ਸਕੂਲ 'ਚ ਪੈ ਗਿਆ ਭੜਥੂ! ਇੱਧਰ-ਉੱਧਰ ਭੱਜੀਆਂ ਵਿਦਿਆਰਥਣਾਂ, ਹੈਰਾਨ ਕਰੇਗਾ ਮਾਮਲਾ
ਭੂਪੇਸ਼ ਬਘੇਲ ਪਿਛਲੇ ਚਾਰ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਵੱਖ-ਵੱਖ ਆਗੂਆਂ ਨਾਲ ਲਗਾਤਾਰ ਵਿਚਾਰ-ਵਟਾਂਦਰਾ ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੇ ਰਾਜਾ ਵੜਿੰਗ ਨਾਲ ਮੁਲਾਕਾਤ ਕਰਕੇ ਮੌਜੂਦਾ ਸਿਆਸੀ ਹਾਲਾਤ ਅਤੇ ਸੰਗਠਨਕ ਮਸਲਿਆਂ 'ਤੇ ਚਰਚਾ ਕੀਤੀ। ਇਸ ਤੋਂ ਬਾਅਦ ਉਹ ਚੰਨੀ ਧੜੇ ਦੇ ਸੀਨੀਅਰ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਲਈ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ।
ਚੰਨੀ ਧੜੇ ਦੀ ਇਸ ਮੀਟਿੰਗ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਹੋਰ ਕਈ ਸੀਨੀਅਰ ਆਗੂ ਮੌਜੂਦ ਹਨ। ਇਸ ਕਾਰਨ ਇਸ ਮੀਟਿੰਗ ਨੂੰ ਪੰਜਾਬ ਕਾਂਗਰਸ ਦੇ ਸਿਆਸੀ ਭਵਿੱਖ ਲਈ ਅਹਿਮ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਈ ਤਰ੍ਹਾਂ ਦੀਆਂ ਅਟਕਲਾਂ ਚੱਲ ਰਹੀਆਂ ਸਨ। ਚਰਚਾ ਸੀ ਕਿ ਹਾਈਕਮਾਨ ਸੰਗਠਨ 'ਚ ਕੁਝ ਬਦਲਾਅ ਕਰ ਸਕਦੀ ਹੈ ਅਤੇ ਵੜਿੰਗ ਦੀ ਪ੍ਰਧਾਨਗੀ 'ਤੇ ਵੀ ਸਵਾਲ ਉੱਠ ਰਹੇ ਹਨ। ਹਾਲਾਂਕਿ ਭੂਪੇਸ਼ ਬਘੇਲ ਵੱਲੋਂ ਪਹਿਲਾਂ ਹੀ ਇਹ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਪੰਜਾਬ ਕਾਂਗਰਸ ਦੀ ਅਗਵਾਈ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਹੋਇਆ ਅਤੇ ਰਾਜਾ ਵੜਿੰਗ ਹੀ ਪ੍ਰਧਾਨ ਵਜੋਂ ਕੰਮ ਕਰ ਰਹੇ ਹਨ। ਫਿਰ ਵੀ ਸਿਆਸੀ ਹਲਕਿਆਂ 'ਚ ਚੱਲ ਰਹੀਆਂ ਚਰਚਾਵਾਂ ਨੇ ਅੰਦਰੂਨੀ ਹਲਚਲ ਨੂੰ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ: ਬੱਸ ਅੱਡੇ 'ਤੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭੂਪੇਸ਼ ਬਘੇਲ ਦੀਆਂ ਇਹ ਲਗਾਤਾਰ ਮੀਟਿੰਗਾਂ ਦਾ ਮਕਸਦ ਕਿਸੇ ਇਕ ਧੜੇ ਨੂੰ ਤਰਜੀਹ ਦੇਣਾ ਨਹੀਂ, ਸਗੋਂ ਸਾਰੇ ਆਗੂਆਂ ਦੀ ਰਾਇ ਜਾਣ ਕੇ ਪਾਰਟੀ ਨੂੰ ਇੱਕਜੁਟ ਕਰਨਾ ਹੈ। ਕਾਂਗਰਸ ਹਾਈਕਮਾਨ ਵੀ ਚਾਹੁੰਦੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਇਕਾਈ 'ਚ ਚੱਲ ਰਹੇ ਮਤਭੇਦ ਦੂਰ ਹੋਣ ਅਤੇ ਪਾਰਟੀ ਇਕਜੁੱਟ ਹੋ ਕੇ ਚੋਣੀ ਮੈਦਾਨ ਵਿੱਚ ਉਤਰੇ।
ਫਿਲਹਾਲ ਸਭ ਦੀਆਂ ਨਜ਼ਰਾਂ ਚੰਨੀ ਧੜੇ ਨਾਲ ਚੱਲ ਰਹੀ ਮੀਟਿੰਗ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਮੀਟਿੰਗ ਤੋਂ ਬਾਅਦ ਕੋਈ ਸਾਂਝਾ ਸੰਦੇਸ਼ ਸਾਹਮਣੇ ਆਉਂਦਾ ਹੈ ਜਾਂ ਨਹੀਂ। ਜੇਕਰ ਦੋਵੇਂ ਧੜਿਆਂ ਵਿਚਾਲੇ ਤਾਲਮੇਲ ਬਣਦਾ ਹੈ ਤਾਂ ਇਹ ਪੰਜਾਬ ਕਾਂਗਰਸ ਲਈ ਰਾਹਤ ਦੀ ਗੱਲ ਹੋਵੇਗੀ। ਪਰ ਜੇ ਮਤਭੇਦ ਜਿਉਂ ਦੇ ਤਿਉਂ ਰਹਿੰਦੇ ਹਨ ਤਾਂ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਲਈ ਨਵੀਆਂ ਸਿਆਸੀ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਇਸ ਸਮੇਂ ਪੰਜਾਬ ਕਾਂਗਰਸ ਦੀ ਸਿਆਸਤ ਇੱਕ ਅਹਿਮ ਮੋੜ 'ਤੇ ਖੜ੍ਹੀ ਹੈ। ਭੁਪੇਸ਼ ਬਘੇਲ ਦੀਆਂ ਮੀਟਿੰਗਾਂ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਪਾਰਟੀ ਅੰਦਰ ਚੱਲ ਰਿਹਾ ਘਮਸਾਨ ਠੰਢਾ ਪੈਂਦਾ ਹੈ ਜਾਂ ਫਿਰ ਸਿਆਸੀ ਖਿੱਚੋਤਾਣ ਦਾ ਇਹ ਦੌਰ ਹੋਰ ਲੰਮਾ ਚੱਲਦਾ ਹੈ।
ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ 'ਚ 8 ਕਾਨੂੰਨਗੋਆਂ ਦੇ ਤਬਾਦਲੇ, List 'ਚ ਵੇਖੋ ਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਡਿੱਗਿਆ ਦਰੱਖ਼ਤ, ਜ਼ਮੀਨ 'ਤੇ ਵਿਛੀਆਂ ਬਿਜਲੀ ਦੀਆਂ ਤਾਰਾਂ
NEXT STORY