ਜਲੰਧਰ— ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਜਗੀਰ ਕੌਰ ਵੱਲੋਂ ਅੱਜ ਜਲੰਧਰ ਵਿਖੇ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗੀਰ ਕੌਰ ਨੇ '84 ਕਤਲੇਆਮ ਦੇ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਾਰੀ ਕੀਤੀ ਵੀਡੀਓ ਦੇ ਆਧਾਰ 'ਤੇ ਸਾਫ-ਸਾਫ ਦਿੱਸ ਰਿਹਾ ਹੈ ਕਿ ਸਿੱਖ ਕੌਮ ਦੇ ਦੋਸ਼ੀ ਜਗਦੀਸ਼ ਟਾਈਟਲਰ ਆਪਣਾ ਜ਼ੁਲਮ ਖੁਦ ਕਬੂਲ ਰਿਹਾ ਹੈ। ਇਸ ਦੇ ਆਧਾਰ 'ਤੇ ਉਸ ਨੂੰ ਤੁਰੰਤ ਗ੍ਰਿਫਤਾਰ ਕਰਕੇ ਪਰਚਾ ਦਰਜ ਕੀਤਾ ਜਾਵੇ ਅਤੇ ਉੱਚੀ ਪੱਧਰੀ ਜਾਂਚ ਕੀਤੀ ਜਾਵੇ।
ਉਸ ਨੇ ਕਿਹਾ ਕਿ ਸਮੁੱਚੇ ਸਮਾਜ ਦੇ ਅੱਗੇ ਕਾਂਗਰਸ ਦਾ ਦਰਿੰਦਗੀ ਭਰਿਆ ਚਿਹਰਾ ਸਾਹਮਣੇ ਆਇਆ ਹੈ, ਜਿਸ 'ਚ ਸਾਫ ਤੌਰ 'ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖੁਦ ਬਿਆਨ ਦੇ ਰਿਹਾ ਹੈ ਕਿ ਕਿਵੇਂ ਸਿੱਖ ਕੌਮ 'ਤੇ ਕਾਂਗਰਸੀ ਆਗੂਆਂ ਨੇ ਕਿਸ ਤਰ੍ਹਾਂ ਜ਼ੁਲਮ ਢਾਇਆ। ਜਗੀਰ ਕੌਰ ਨੇ ਕਿਹਾ ਕਿ ਦੋਸ਼ੀ ਖਿਲਾਫ 5 ਵੀਡੀਓਜ਼ ਜਾਰੀ ਹੋਈਆਂ ਹਨ, ਜਿਸ 'ਚ ਉਹ ਸਾਫ-ਸਾਫ ਗੱਲ ਕਰ ਰਿਹਾ ਕਿ ਉਸ ਨੇ ਗਾਂਧੀ ਪਰਿਵਾਰ ਦੀ ਸਰਪਰਸਤੀ ਹੇਠ 100 ਦੇ ਕਰੀਬ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਅਤੇ ਕਿਵੇਂ ਕਰੋੜਾਂ ਦਾ ਲੈਣ-ਦੇਣ ਕਰਕੇ ਆਪਣੀ ਜਾਇਦਾਦ ਬਣਾਈ। ਇਨ੍ਹਾਂ ਵੀਡੀਓਜ਼ 'ਚ ਸਵਿੱਸ ਬੈਂਕ ਦੇ ਖਾਤਿਆਂ ਵਾਲੀ ਕੰਪਨੀ, ਕਿਵੇਂ ਵਿਸ਼ੇਸ਼ ਤੌਰ 'ਤੇ ਨਿਆਪਾਲਿਕਾ ਨੂੰ ਪ੍ਰਭਾਵਿਤ ਕੀਤੇ ਜਾਣ ਅਤੇ ਹੋਰ ਵੀ ਕਾਫੀ ਸਿਆਸੀ ਅਹੁਦਿਆਂ 'ਤੇ ਕਿਵੇਂ ਪਹੁੰਚਿਆ ਦੀ ਗੱਲ ਕੀਤੀ ਹੈ।
ਜਗੀਰ ਨੇ ਕਿਹਾ ਕਿ ਸਿੱਖ ਕੌਮ ਦੇ 33 ਸਾਲ ਤੋਂ ਹਿਰਦੇ ਵਲੂੰਧਰੇ ਹੋਏ ਹਨ ਕਿ ਉਨ੍ਹਾਂ ਨੂੰ ਇਸ ਦੇਸ਼ 'ਚ ਦੂਜਾ ਦਰਜਾ ਦੇ ਕੇ ਉਨ੍ਹਾਂ ਨਾਲ ਵਿਤਕਰਾਂ ਕਰਦਿਆਂ ਉਨ੍ਹਾਂ 'ਤੇ ਕਾਤਲ ਸ਼ਰੇਆਮ ਸਮਾਜ 'ਚ ਆਜ਼ਾਦ ਘੁੰਮ ਰਹੇ ਹਨ ਅਤੇ ਕਾਂਗਰਸ ਵੱਲੋਂ ਉੱਚ ਅਹੁਦੇ ਦੇ ਕੇ ਨਿਵਾਜਿਆ ਵੀ ਜਾ ਰਿਹਾ ਹੈ। ਜਦਕਿ ਦੋਸ਼ੀ ਵੱਲੋਂ ਖੁਦ ਵੀਡੀਓ 'ਚ ਆਪਣੇ ਜ਼ੁਲਮ ਕਬੂਲੇ ਗਏ ਹਨ। ਕਿੰਨੀ ਵਾਰ ਕਮਿਸ਼ਨ ਬਣੇ ਐੱਸ. ਆਈ. ਟੀ. ਬਣੀਆਂ ਪਰ ਫੇਰ ਵੀ ਅੱਖਾਂ ਅੱਜ ਵੀ ਇਨਸਾਫ ਨੂੰ ਉਡੀਕ ਰਹੀਆਂ ਹਨ। ਉਨ੍ਹਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੁਪਰੀਮ ਕੋਰਟ, ਸੀ. ਬੀ. ਆਈ. ਰਿਜ਼ਰਵ ਬੈਂਕ ਈ. ਡੀ. ਅਤੇ ਦਿੱਲੀ ਪੁਲਸ ਤੋਂ ਮੰਗ ਕੀਤੀ ਹੈ ਕਿ ਜਗਦੀਸ਼ ਨੂੰ ਤੁਰੰਤ ਗ੍ਰਿਫਤਾਰ ਕਰਕੇ ਉੱਚ ਪੱਧਰੀ ਜਾਂਚ ਕਰਕੇ ਟਾਈਟਲਰ ਖਿਲਾਫ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਸਿੱਖਾਂ ਨੂੰ ਇਨਸਾਫ ਮਿਲ ਸਕੇ। ਇਸ ਮੌਕੇ 'ਤੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ, ਪਰਮਜੀਤ ਸਿੰਘ ਰਾਏਪੁਰ, ਗੁਰਪ੍ਰੀਤ ਸਿੰਘ ਖਾਲਸਾ, ਸਤਿੰਦਰ ਸਿੰਘ ਪੀਤਾ, ਮਨਿੰਦਰ ਪਾਲ ਸਿੰਘ ਗੁੰਬਰ ਹਾਜ਼ਰ ਸਨ।
ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਦੋਰਾਂਦਲਾ ਵਿਖੇ ਲਗਾਇਆ ' ਲੋਕ ਸੇਵਾਵਾਂ ' ਕੈਂਪ
NEXT STORY