ਜਲੰਧਰ (ਪੁਨੀਤ)–ਬਿਜਲੀ ਬਿੱਲਾਂ ਦੀ ਅਦਾਇਗੀ ਕਰਨ ਵਿਚ ਕੋਤਾਹੀ ਵਰਤ ਰਹੇ ਡਿਫ਼ਾਲਟਰਾਂ ਖ਼ਿਲਾਫ਼ ਪਾਵਰਕਾਮ ਨੇ ਵੱਡੀ ਮੁਹਿੰਮ ਚਲਾਉਂਦੇ ਹੋਏ 330 ਕੁਨੈਕਸ਼ਨਾਂ ਨੂੰ ਕੱਟ ਦਿੱਤਾ। ਦੂਜੇ ਪਾਸੇ 289 ਖ਼ਪਤਕਾਰਾਂ ਤੋਂ ਡੰਡੇ ਦੇ ਜ਼ੋਰ ’ਤੇ 2.87 ਕਰੋੜ ਰੁਪਏ ਦੀ ਵਸੂਲੀ ਕਰਦੇ ਹੋਏ ਵੱਡਾ ਟਾਰਗੈੱਟ ਹਾਸਲ ਕੀਤਾ। ਨਾਰਥ ਜ਼ੋਨ ਦੇ ਹੈੱਡ ਚੀਫ਼ ਇੰਜੀ. ਰਮੇਸ਼ ਲਾਲ ਸਾਰੰਗਲ ਦੀ ਪ੍ਰਧਾਨਗੀ ਵਿਚ ਚਲਾਈ ਗਈ ਰਿਕਵਰੀ ਮੁਹਿੰਮ ਦੀ ਅਗਵਾਈ ਵਿਚ ਸੁਪਰਿੰਟੈਂਡੈਂਟ ਇੰਜੀਨੀਅਰ ਅਤੇ ਸਰਕਲ ਹੈੱਡ ਸੁਰਿੰਦਰਪਾਲ ਸੋਂਧੀ ਵੱਲੋਂ ਕੀਤੀ ਗਈ। ਇਸ ਕੜੀ ਤਹਿਤ ਕਮਰਸ਼ੀਅਲ ਅਤੇ ਇੰਡਸਟਰੀ ਦੇ ਨਾਲ-ਨਾਲ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਘਰੇਲੂ ਖ਼ਪਤਕਾਰਾਂ ਦੇ ਕੁਨੈਕਸ਼ਨ ਵੀ ਕੱਟੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਮੁਫ਼ਤ ਬਿਜਲੀ ਦੀ ਆੜ ਵਿਚ 300 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਵਾਲੇ ਸੈਂਕੜੇ ਖ਼ਪਤਕਾਰਾਂ ਵੱਲੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਸੀ। ਲਗਾਤਾਰ ਵਧ ਰਹੀ ਡਿਫ਼ਾਲਟਰ ਰਾਸ਼ੀ ਦੀ ਵਸੂਲੀ ਲਈ ਪਾਵਰਕਾਮ ਨੇ ਸਖ਼ਤੀ ਕਰਦੇ ਹੋਏ 330 ਕੁਨੈਕਸ਼ਨ ਕੱਟੇ। ਹਾਲ ਹੀ ਵਿਚ ਜਲੰਧਰ ਸਰਕਲ ਦੇ ਸੁਪਰਿੰਟੈਂਡੈਂਟ ਇੰਜੀਨੀਅਰ ਦਾ ਚਾਰਜ ਸੰਭਾਲਣ ਵਾਲੇ ਸੁਰਿੰਦਰਪਾਲ ਸਿੰਘ ਸੋਂਧੀ ਵੱਲੋਂ ਰਿਕਵਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸ਼ੁੱਕਰਵਾਰ ਹੋਣ ਵਾਲੀ ਕਾਰਵਾਈ ਤੋਂ ਪਹਿਲਾਂ ਵੀਰਵਾਰ ਸ਼ਾਮੀਂ ਉਨ੍ਹਾਂ ਆਪਣੇ ਦਫ਼ਤਰ ਵਿਚ ਡਿਵੀਜ਼ਨ ਦੇ ਸਾਰੇ ਐਕਸੀਅਨਾਂ ਨੂੰ ਬੁਲਾ ਕੇ ਮੀਟਿੰਗ ਕੀਤੀ। ਇਸ ਦੌਰਾਨ ਸਾਰੀਆਂ ਡਿਵੀਜ਼ਨਾਂ ਅਧੀਨ 5-5 ਟੀਮਾਂ ਗਠਿਤ ਕੀਤੀਆਂ ਗਈਆਂ।

ਇਹ ਵੀ ਪੜ੍ਹੋ : ਠੰਡ ਨਾਲ ਮਰੇ 4 ਦਿਨ ਦੇ ਬੱਚੇ ਨੂੰ ਕਬਰ 'ਚੋਂ ਬਾਹਰ ਕੱਢ ਕਰਵਾਇਆ ਜਾਵੇਗਾ ਪੋਸਟਮਾਰਟਮ
ਇਸੇ ਕੜੀ ਤਹਿਤ ਸ਼ੁੱਕਰਵਾਰ ਸਵੇਰੇ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ 5 ਡਿਵੀਜ਼ਨਾਂ ਵਿਚ 25 ਟੀਮਾਂ ਨੇ ਮੁਹਿੰਮ ਚਲਾਉਂਦਿਆਂ ਕੁੱਲ 2 ਕਰੋੜ 87 ਲੱਖ 72 ਹਜ਼ਾਰ ਰੁਪਏ ਦੀ ਰਿਕਵਰੀ ਕਰਕੇ ਵੱਡਾ ਟੀਚਾ ਹਾਸਲ ਕੀਤਾ। ਨਾਰਥ ਜ਼ੋਨ ਦੇ ਹੈੱਡ ਚੀਫ਼ ਇੰਜੀ. ਰਮੇਸ਼ ਲਾਲ ਸਾਰੰਗਲ ਨੇ ਕਿਹਾ ਕਿ ਲੰਮੇ ਸਮੇਂ ਤੋਂ ਅਦਾਇਗੀ ਨਾ ਕਰਨ ਵਾਲੇ ਖ਼ਪਤਕਾਰਾਂ ਖ਼ਿਲਾਫ਼ ਇਹ ਮੁਹਿੰਮ ਚਲਾਈ ਗਈ ਹੈ। ਜਨਵਰੀ ਵਿਚ 10 ਕਰੋੜ ਤੋਂ ਵੱਧ ਦੀ ਰਿਕਵਰੀ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦੇ ਲਈ ਸਮੇਂ-ਸਮੇਂ ’ਤੇ ਕਾਰਵਾਈ ਜਾਰੀ ਰਹੇਗੀ।
ਦੂਜੇ ਪਾਸੇ ਕਈ ਖ਼ਪਤਕਾਰਾਂ ਨੇ ਕੁਨੈਕਸ਼ਨ ਕੱਟੇ ਜਾਣ ਦੇ ਤੁਰੰਤ ਬਾਅਦ ਆਨਲਾਈਨ ਪੈਸੇ ਜਮ੍ਹਾ ਕਰਵਾ ਦਿੱਤੇ ਅਤੇ ਕੱਟਿਆ ਹੋਇਆ ਕੁਨੈਕਸ਼ਨ ਦੋਬਾਰਾ ਜੁੜਵਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਕਾਰਵਾਈ ਤੋਂ ਬਾਅਦ ਪੈਸੇ ਜਮ੍ਹਾ ਕਰਵਾਉਣ ਦੀ ਥਾਂ ਖ਼ਪਤਕਾਰਾਂ ਨੂੰ ਸਮੇਂ ’ਤੇ ਆਪਣਾ ਬਿੱਲ ਅਦਾ ਕਰਨਾ ਚਾਹੀਦਾ ਹੈ ਤਾਂ ਕਿ ਵਿਭਾਗ ਨੂੰ ਐਕਸ਼ਨ ਲੈਣ ਦੀ ਲੋੜ ਨਾ ਪਵੇ।

ਵੈਸਟ ਦੇ ਐਕਸੀਅਨ ਜਸਪਾਲ ਸਿੰਘ ਨੇ ਕੀਤੀ 1.45 ਕਰੋੜ ਦੀ ਵਸੂਲੀ
ਇਸ ਮੁਹਿੰਮ ਤਹਿਤ ਜਲੰਧਰ ਦੀਆਂ 5 ਡਿਵੀਜ਼ਨਾਂ ਦੇ ਐਕਸੀਅਨ ਫ਼ੀਲਡ ਵਿਚ ਤਾਇਨਾਤ ਰਹੇ। ਕਈ ਥਾਵਾਂ ’ਤੇ ਦਿੱਕਤ ਪੇਸ਼ ਆਉਣ ’ਤੇ ਐਕਸੀਅਨਾਂ ਨੇ ਖ਼ੁਦ ਜਾ ਕੇ ਕੁਨੈਕਸ਼ਨ ਕਟਵਾਏ। ਇਸੇ ਲੜੀ ਵਿਚ ਵੈਸਟ ਡਿਵੀਜ਼ਨ ਦੇ ਐਕਸੀਅਨ ਸੰਨੀ ਭਾਂਗਰਾ ਦੀ ਟੀਮ ਨੇ 60 ਕੁਨੈਕਸ਼ਨ ਕੱਟਦੇ ਹੋਏ 69.08 ਲੱਖ ਵਸੂਲ ਕੀਤੇ। ਦੂਜੇ ਪਾਸੇ ਫਗਵਾੜਾ ਡਿਵੀਜ਼ਨ ਦੇ ਐਕਸੀਅਨ ਹਰਦੀਪ ਕੁਮਾਰ ਦੀ ਅਗਵਾਈ ਵਿਚ 61 ਕੁਨੈਕਸ਼ਨ ਕੱਟਦੇ ਹੋਏ 24.25 ਲੱਖ, ਕੈਂਟ ਡਿਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ ਨੇ 50 ਕੁਨੈਕਸ਼ਨਾਂ ਨੂੰ ਕਟਵਾਉਂਦੇ ਹੋਏ 10.97 ਲੱਖ ਰੁਪਏ ਵਸੂਲ ਕੀਤੇ। ਈਸਟ ਡਿਵੀਜ਼ਨ ਦੇ ਐਕਸੀਅਨ ਜਸਪਾਲ ਸਿੰਘ ਨੇ ਸਭ ਤੋਂ ਵੱਧ ਰਿਕਵਰੀ ਕਰਦੇ ਹੋਏ 80 ਕੁਨੈਕਸ਼ਨ ਕਟਵਾਉਂਦਿਆਂ 1.45 ਕਰੋੜ 27 ਹਜ਼ਾਰ ਰੁਪਏ ਵਸੂਲ ਕੀਤੇ। ਮਾਡਲ ਟਾਊਨ ਦੇ ਐਕਸੀਅਨ ਜਸਪਾਲ ਸਿੰਘ ਪਾਲ ਨੇ 31 ਕੁਨੈਕਸ਼ਨਾਂ ’ਤੇ ਕਾਰਵਾਈ ਕਰਦੇ ਹੋਏ 38.14 ਲੱਖ ਦੀ ਰਕਮ ਵਸੂਲ ਕੀਤੀ।
ਇਹ ਵੀ ਪੜ੍ਹੋ : ਠੱਗੀ ਦਾ ਅਨੋਖਾ ਤਰੀਕਾ, ਬੈਂਕ ਕਰਮਚਾਰੀ ਬਣ ਕਰਵਾਈ ਐਪ ਡਾਊਨਲੋਡ, ਫਿਰ ਜੋ ਕੀਤਾ ਸੁਣ ਹੋਵੋਗੇ ਹੈਰਾਨ
1 ਲੱਖ ਤੋਂ ਵੱਧ ਬਕਾਇਆ ਰਾਸ਼ੀ ’ਚ 250 ਤੋਂ ਵੱਧ ਘਰੇਲੂ ਕੁਨੈਕਸ਼ਨ
ਅਧਿਕਾਰੀਆਂ ਨੇ ਕਿਹਾ ਕਿ ਅਜੇ ਟੈਂਪਰੇਰੀ ਤੌਰ ’ਤੇ ਕੁਨੈਕਸ਼ਨ ਕੱਟਿਆ ਗਿਆ ਹੈ, ਜੇਕਰ ਬਿੱਲ ਦੀ ਅਦਾਇਗੀ ਵਿਚ ਦੇਰੀ ਹੋਈ ਤਾਂ ਪੱਕੇ ਤੌਰ ’ਤੇ ਡਿਸਕੁਨੈਕਟ ਕਰ ਦਿੱਤਾ ਜਾਵੇਗਾ। ਉਕਤ ਮੁਹਿੰਮ 1 ਲੱਖ ਤੋਂ ਵੱਧ ਦੀ ਬਕਾਇਆ ਰਾਸ਼ੀ ਵਾਲੇ ਖਪਤਕਾਰਾਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ। ਅੱਜ ਬਣਾਈ ਗਈ ਲਿਸਟ ਵਿਚ ਕਮਰਸ਼ੀਅਲ ਅਤੇ ਉਦਯੋਗਾਂ ਨਾਲ ਜੁੜੇ 500 ਤੋਂ ਵੱਧ ਕੁਨੈਕਸ਼ਨਾਂ, ਜਦਕਿ 250 ਤੋਂ ਵੱਧ ਘਰੇਲੂ ਖ਼ਪਤਕਾਰਾਂ ਨੂੰ ਟਾਰਗੈੱਟ ’ਤੇ ਰੱਖਿਆ ਗਿਆ ਸੀ। ਵਿਭਾਗ ਨੇ ਘਰੇਲੂ ਖ਼ਪਤਕਾਰਾਂ ’ਤੇ ਵੀ ਡੰਡਾ ਚਲਾਉਣ ਵਿਚ ਕੋਈ ਕਮੀ ਨਹੀਂ ਛੱਡੀ ਅਤੇ ਸੈਂਕੜੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਦੇ ਹੋਏ ਜਲਦ ਤੋਂ ਜਲਦ ਅਦਾਇਗੀ ਕਰਨ ਨੂੰ ਕਿਹਾ ਹੈ।

ਇਸ ਮਹੀਨੇ 1000 ਕੁਨੈਕਸ਼ਨਾਂ ਤੋਂ ਵਸੂਲੀ ਦਾ ਟਾਰਗੈੱਟ: ਇੰਜੀ. ਸੋਂਧੀ
ਸਰਕਲ ਹੈੱਡ ਤੇ ਸੁਪਰਿੰਟੈਂਡੈਂਟ ਇੰਜੀ. ਸੁਰਿੰਦਰਪਾਲ ਸੋਂਧੀ ਨੇ ਕਿਹਾ ਕਿ ਜਨਵਰੀ ਮਹੀਨੇ ਵਿਚ 1000 ਕੁਨੈਕਸ਼ਨਾਂ ਤੋਂ ਵਸੂਲੀ ਕਰਨ ਦਾ ਟਾਰਗੈੱਟ ਰੱਖਿਆ ਗਿਆ ਹੈ। ਜਿਹੜੇ ਖ਼ਪਤਕਾਰ ਲੰਮੇ ਸਮੇਂ ਤੋਂ ਅਦਾਇਗੀ ਨਹੀਂ ਕਰ ਰਹੇ, ਉਨ੍ਹਾਂ ਦੀਆਂ ਲਿਸਟਾਂ ਤਿਆਰ ਕਰਵਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਲਈ ਏਰੀਅਰ ਬਣਿਆ ਪ੍ਰੇਸ਼ਾਨੀ ਦਾ ਸਬੱਬ, 9600 ਦਾ ਬਿੱਲ ਵੇਖ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇੰਤਕਾਲ ਦੀ ਉਡੀਕ ’ਚ ਬੈਠੇ ਲੋਕਾਂ ਲਈ ਚੰਗੀ ਖ਼ਬਰ, ਮੁੱਖ ਮੰਤਰੀ ਨੇ ਟਵੀਟ ਕਰਕੇ ਦਿੱਤੀ ਅਹਿਮ ਜਾਣਕਾਰੀ
NEXT STORY