ਨਾਭਾ (ਭੂਪਾ) : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਫਸਲਾਂ ਦੇ ਸਮਰਥਨ ਮੁੱਲ ’ਚ ਵੱਡਾ ਵਾਧਾ ਕੀਤਾ ਗਿਆ ਪਰ ਕਿਸਾਨਾਂ ਨੂੰ ਇਸ ਦਾ ਲਾਭ ਮਿਲਦਾ ਦਿਖਾਈ ਨਹੀਂ ਦੇ ਰਿਹਾ। ਉਹ ਪ੍ਰਾਈਵੇਟ ਵਪਾਰੀਆਂ ਹੱਥ ਘੱਟ ਰੇਟ ’ਤੇ ਫਸਲ ਵੇਚਣ ਲਈ ਮਜਬੂਰ ਹੋ ਰਹੇ ਹਨ। ਮੱਕੀ ਦੀ ਫਸਲ ਸਬੰਧੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਪਿਛਲੇ ਸਾਲ ਇਸ ਦਾ ਸਮਰਥਨ ਮੁੱਲ 1962 ਰੁਪਏ ਤੈਅ ਕੀਤਾ ਹੋਇਆ ਸੀ ਅਤੇ ਇਸ ਸਾਲ 128 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਦੇ ਹੋਏ 2090 ਰੁਪਏ ਤੈਅ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਅੱਜ ਜਦੋਂ ਮੰਡੀਆਂ ’ਚ ਕਿਸਾਨ ਫਸਲ ਵੇਚਣ ਆ ਰਹੇ ਹਨ ਤਾਂ ਸੁੱਕੀ ਮੱਕੀ ਦਾ ਵੱਧ ਤੋਂ ਵੱਧ ਭਾਅ 1500 ਰੁਪਏ ਪ੍ਰਤੀ ਕੁਇੰਟਲ ਹੀ ਮਿਲ ਰਿਹਾ ਹੈ। ਪਿਛਲੇ ਸਾਲ ਬੇਸ਼ੱਕ ਸਮਰਥਨ ਮੁੱਲ 1962 ਸੀ ਪਰ ਕਿਸਾਨਾਂ ਦੀ ਫਸਲ 1850 ਤੋਂ ਲੈ ਕੇ 2000 ਰੁਪਏ ਪ੍ਰਤੀ ਕੁਇੰਟਲ ਵਿਕੀ, ਜਿਸ ਕਾਰਨ ਉਨ੍ਹਾਂ ਲਈ ਇਹ ਮੁਨਾਫੇ ਵਾਲਾ ਸੌਦਾ ਸੀ ਪਰ ਇਸ ਸਾਲ ਬੇਸ਼ੱਕ ਸਰਕਾਰ ਵੱਲੋਂ ਸਮਰਥਨ ਮੁੱਲ 2090 ਕਰ ਦਿੱਤਾ ਗਿਆ ਪਰ ਵਪਾਰੀਆਂ ਵੱਲੋਂ ਬਹੁਤ ਹੀ ਘੱਟ ਰੇਟ 1500 ਰੁਪਏ ’ਤੇ ਮੱਕੀ ਖਰੀਦਣ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ। ਏਸ਼ੀਆ ਦੀ ਦੂਜੇ ਨੰਬਰ ਨਾਲ ਜਾਣੀ ਜਾਂਦੀ ਨਾਭਾ ਮੰਡੀ ਦੀ ਗੱਲ ਕਰੀਏ ਤਾਂ ਉੱਥੇ ਮੱਕੀ ਦੀ ਇਸ ਵਾਰ ਬੰਪਰ ਫਸਲ ਆ ਰਹੀ ਹੈ ਕਿਉਂਕਿ ਇਲਾਕੇ ’ਚ ਮੱਕੀ ਦੀ ਬਿਜਾਈ ਦਾ ਰਕਬਾ ਵਧਿਆ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਮੀਂਹ ਕਾਰਨ ਚੰਡੀਗੜ੍ਹ ਰੋਡ ਤੇ ਫੋਕਲ ਪੁਆਇੰਟ ’ਚ ਬਣੇ ਹੜ੍ਹ ਵਰਗੇ ਹਾਲਾਤ, ਕਈ ਥਾਈਂ ਦਰੱਖਤ ਤੇ ਸਾਈਨ ਬੋਰਡ ਡਿੱਗੇ
ਜਾਣਕਾਰੀ ਅਨੁਸਾਰ ਮੱਕੀ ਦੀ ਫਸਲ ਪਿਛਲੇ ਸਾਲ ਕਿਸਾਨਾਂ ਲਈ ਲਾਹੇਵੰਦ ਹੋਣ ਕਾਰਨ ਇਸ ਵਾਰ ਪੂਰੇ ਪੰਜਾਬ ’ਚ ਇਸ ਦੀ ਬਿਜਾਈ ਦਾ ਰਕਬਾ ਵਧਿਆ, ਉੱਥੇ ਹੀ ਨਾਲ ਲੱਗਦੇ ਸੂਬਿਆਂ ’ਚ ਕਿਸਾਨਾਂ ਵੱਲੋਂ ਮੱਕੀ ਦੀ ਜ਼ਿਆਦਾ ਕਾਸ਼ਤ ਕੀਤੀ ਗਈ, ਜਿਸ ਕਾਰਨ ਫਸਲ ਦਾ ਭਾਅ ਪਿਛਲੇ ਸਾਲ ਨਾਲੋਂ ਤਕਰੀਬਨ 350 ਤੋਂ 450 ਰੁਪਏ ਪ੍ਰਤੀ ਕੁਇੰਟਲ ਡਿੱਗ ਗਿਆ। ਬੇਸ਼ੱਕ ਨਾਭਾ ਮੰਡੀਆਂ ’ਚ ਮੱਕੀ ਦੀ ਆਮਦ ਜ਼ੋਰਾਂ ’ਤੇ ਹੈ ਪਰ ਜੇਕਰ ਪ੍ਰਾਈਵੇਟ ਵਪਾਰੀ ਸਮਰਥਨ ਮੁੱਲ ਤੋਂ ਘੱਟ ਰੇਟ ’ਤੇ ਹੀ ਫਸਲ ਖਰੀਦਦੇ ਰਹੇ ਤਾਂ ਕਿਸਾਨਾਂ ਨੂੰ ਵੱਡੀ ਆਰਥਿਕ ਮਾਰ ਝੱਲਣੀ ਪੈ ਸਕਦੀ ਹੈ। ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਮੱਕੀ ਦੇ ਕਾਸ਼ਤਕਾਰ ਕਿਸਾਨਾਂ ਲਈ ਸਮਰਥਨ ਮੁੱਲ ’ਤੇ ਫਸਲ ਵੇਚਣ ਦੇ ਪ੍ਰਬੰਧ ਨਾ ਕੀਤੇ ਤਾਂ ਇਹ ਫਸਲ ਕਿਸਾਨਾਂ ਲਈ ਘਾਟੇ ਵਾਲਾ ਸੌਦਾ ਸਾਬਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਪੁਲਸ ਵੱਲੋਂ ਹਥਿਆਰਾਂ ਦੇ ਪ੍ਰਦਰਸ਼ਨ ’ਤੇ ਪੂਰੀ ਤਰ੍ਹਾਂ ਪਾਬੰਦੀ, ਹੁਕਮ ਜਾਰੀ
ਪੰਜਾਬ ਸਰਕਾਰ ਮੱਕੀ ਦੀ ਫਸਲ ਸਮਰਥਨ ਮੁੱਲ ’ਤੇ ਖਰੀਦਣ ਦਾ ਪ੍ਰਬੰਧ ਕਰੇ : ਜੋਗੀ ਗਰੇਵਾਲ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਕੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਮੱਕੀ ਦਾ ਸਮਰਥਨ ਮੁੱਲ 2090 ਰੁਪਏ ਤੈਅ ਕੀਤਾ ਗਿਆ ਹੈ, ਉਹ ਬਹੁਤ ਘੱਟ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਮੰਡੀਆਂ ’ਚ ਕਿਸਾਨਾਂ ਦੀ ਫਸਲ ਪ੍ਰਾਈਵੇਟ ਵਪਾਰੀ 1450 ਰੁਪਏ ਤੋਂ ਲੈ ਕੇ 1550 ਰੁਪਏ ਤੱਕ ਬਹੁਤ ਹੀ ਘੱਟ ਰੇਟ ’ਤੇ ਖਰੀਦ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਪ੍ਰਧਾਨ ਜੋਗੀ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮੱਕੀ ਦੀ ਫਸਲ ਆਪ ਸਮਰਥਨ ਮੁੱਲ ’ਤੇ ਖਰੀਦਣ ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਵਾਜਿਬ ਮੁੱਲ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫਸਲ ਖਰੀਦਣ ਦੇ ਪ੍ਰਬੰਧ ਨਾ ਕੀਤੇ ਤਾਂ ਇਸ ਦੇ ਭਾਅ ’ਚ ਹੋਰ ਵੱਡੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : 25000 ਵੋਲਟ ਦੀਆਂ ਤਾਰਾਂ ਉੱਪਰ ਕਈ ਥਾਵਾਂ ’ਤੇ ਡਿੱਗੇ ਦਰੱਖਤ, ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
25000 ਵੋਲਟ ਦੀਆਂ ਤਾਰਾਂ ਉੱਪਰ ਕਈ ਥਾਵਾਂ ’ਤੇ ਡਿੱਗੇ ਦਰੱਖਤ, ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
NEXT STORY