ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜਗ ਬਾਣੀ ਅਤੇ ਪੰਜਾਬ ਕੇਸਰੀ ਗਰੁੱਪ ਵਿਰੁੱਧ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਗਈ ਪੋਸਟ ਵਿਚ ਦੋਸ਼ ਲਾਇਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦੀ ਸ਼ਹਿ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਡੀਆ ਸੰਸਥਾਵਾਂ 'ਤੇ ਕੀਤਾ ਗਿਆ ਇਹ ਹਮਲਾ ਪੂਰੀ ਤਰ੍ਹਾਂ ਗੈਰ-ਲੋਕਤੰਤਰਿਕ ਹੈ।
ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਪਹਿਲਾਂ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀ ਸੀ ਅਤੇ ਹੁਣ ਸ਼ਰੇਆਮ ਪ੍ਰੈਸ ਦੇ ਖਿਲਾਫ਼ ਹਮਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਗ ਬਾਣੀ ਅਤੇ ਪੰਜਾਬ ਕੇਸਰੀ ਗਰੁੱਪ ਇਮਾਨਦਾਰ ਪੱਤਰਕਾਰੀ ਦੀ ਮਿਸਾਲ ਹੈ ਅਤੇ ਉਨ੍ਹਾਂ ਦੇ ਖਿਲਾਫ਼ ਛਾਪੇਮਾਰੀ ਕਰਨਾ ਸਰਕਾਰ ਦੀ ਬੌਖਲਾਹਟ ਦਾ ਸਬੂਤ ਹੈ। ਉਨ੍ਹਾਂ ਯਾਦ ਦਿਵਾਇਆ ਕਿ ਐਮਰਜੈਂਸੀ ਦੌਰਾਨ ਵੀ ਪੰਜਾਬ ਕੇਸਰੀ ਅਤੇ ਚੋਪੜਾ ਪਰਿਵਾਰ ਕਦੇ ਸਰਕਾਰ ਅੱਗੇ ਨਹੀਂ ਝੁਕੇ ਸਨ।

ਮਜੀਠੀਆ ਅਨੁਸਾਰ ਆਜ਼ਾਦ ਮੀਡੀਆ ਲੋਕਤੰਤਰ ਦੀ ਰੀੜ ਦੀ ਹੱਡੀ ਹੈ ਅਤੇ ਇਸ 'ਤੇ ਹਮਲਾ ਕਰਨਾ ਲੋਕਾਂ ਦੇ ਜਾਣਕਾਰੀ ਦੇ ਅਧਿਕਾਰ 'ਤੇ ਹਮਲਾ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੱਚ ਬੋਲਣ ਵਾਲੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਸਰਕਾਰ ਦੀ ਤਾਨਾਸ਼ਾਹੀ ਸੋਚ ਨੂੰ ਬੇਨਕਾਬ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੀਡੀਆ 'ਤੇ ਦਬਾਅ ਅਤੇ ਬਦਲੇ ਦੀ ਕਾਰਵਾਈ ਨਾਲ ਸੂਬੇ ਵਿੱਚ 'ਐਮਰਜੈਂਸੀ' ਵਰਗਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪ੍ਰੈਸ ਦੀ ਆਜ਼ਾਦੀ ਲਈ ਮਜਬੂਤੀ ਨਾਲ ਖੜਾ ਹੈ ਕਿਉਂਕਿ ਆਜ਼ਾਦ ਮੀਡੀਆ ਲੋਕਤੰਤਰ ਦੀ ਸਭ ਤੋਂ ਮਜ਼ਬੂਤ ਨੀਂਹ ਹੈ। ਮਜੀਠੀਆ ਨੇ ਭਰੋਸਾ ਦਿੱਤਾ ਕਿ ਅਸੀਂ ਅੱਜ ਵੀ ਪੰਜਾਬ ਕੇਸਰੀ ਗਰੁੱਪ ਦੇ ਨਾਲ ਹਾਂ ਅਤੇ ਪੰਜਾਬ ਦੇ ਮੀਡੀਆ ਨੂੰ ਡਰਾਇਆ ਨਹੀਂ ਜਾ ਸਕਦਾ। ਉਨ੍ਹਾਂ 'ਆਪ' ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਵਿੱਚ ਸੱਚ ਲਿਖਣ ਅਤੇ ਬੋਲਣ 'ਤੇ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ?
ਪੰਜਾਬ ਕੇਸਰੀ ਗਰੁੱਪ 'ਤੇ ਰੇਡਾਂ ਲੋਕਤੰਤਰ 'ਤੇ ਹਮਲਾ : ਜਗਮੋਹਨ ਸਿੰਘ ਕੰਗ
NEXT STORY