ਹੁਸ਼ਿਆਰਪੁਰ(ਘੁੰਮਣ)-ਜੇਕਰ ਕਾਂਗਰਸ ਇਨਸਾਫ਼-ਪਸੰਦ ਹੈ ਤਾਂ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਏ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਅਸੀਂ ਰਿਜੈਕਟ ਕਰਦੇ ਹਾਂ ਕਿਉਂਕਿ ਇਸ ਦੀ ਸਾਰੀ ਰਿਪੋਰਟ ਕਾਂਗਰਸ ਭਵਨ 'ਚ ਬਣਾਈ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਤਿੰਨੋਂ ਕਮਿਸ਼ਨ 'ਫਰੈਂਡਲੀ ਕਮਿਸ਼ਨ' ਹਨ, ਜਿਸ 'ਤੇ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਹਨ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਸੁਖਬੀਰ ਸਿੰਘ ਬਾਦਲ ਵੱਲੋਂ ਹੀ ਬਣਾਈ ਗਈ ਸੀ ਤੇ ਉਸ ਸਮੇਂ ਕਾਂਗਰਸ ਦੇ ਕੁੱਝ ਲੀਡਰਾਂ ਦੇ ਕਹਿਣ 'ਤੇ ਹੀ ਅਸੀਂ ਸੀ. ਬੀ. ਆਈ. ਨੂੰ ਇਨਕੁਆਰੀ ਕਰਨ ਬਾਰੇ ਕਿਹਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿੰਨੇ ਵੀ ਕਮਿਸ਼ਨ ਬਣਾਏ ਹਨ, ਇਹ ਸਿਰਫ ਖਾਨਾਪੂਰਤੀ ਤੱਕ ਹੀ ਸੀਮਤ ਹਨ ਤੇ ਕਾਂਗਰਸ ਦੇ ਕਹਿਣ 'ਤੇ ਇਨ੍ਹਾਂ ਦੀਆਂ ਰਿਪੋਰਟਾਂ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਪਾਲ ਇਕ ਨਿਊਟਲ ਵਿਅਕਤੀ ਹੋਣਾ ਚਾਹੀਦਾ ਹੈ। ਮਹਿਤਾਬ ਸਿੰਘ ਗਿੱਲ ਨੂੰ ਲੋਕਪਾਲ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ, ਉਹ ਤਾਂ ਸਿਰਫ ਕਾਂਗਰਸ ਦਾ ਹੀ ਬੰਦਾ ਹੈ, ਜਿਸ ਦੇ ਘਰ ਕੈਪ. ਅਮਰਿੰਦਰ ਸਿੰਘ ਠਹਿਰਦੇ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਜਿਹੜੇ ਲੋਕ ਅੱਜ ਪੰਜਾਬ ਨੂੰ ਮਾੜੇ ਸਮੇਂ ਵੱਲ ਧੱਕ ਕੇ ਮਾਹੌਲ ਖਰਾਬ ਕਰਨ ਦਾ ਯਤਨ ਕਰ ਰਹੇ ਹਨ ਤੇ ਉਨ੍ਹਾਂ ਨੂੰ ਫੰਡਿੰਗ ਕੌਣ ਕਰ ਰਿਹਾ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਇਨਸਾਫ਼ ਦੀ ਕੋਈ ਗੱਲ ਨਹੀਂ ਹੈ, ਸਿਰਫ ਦੂਸਰਿਆਂ 'ਤੇ ਦੋਸ਼ ਮੜ੍ਹਨ ਤੱਕ ਹੀ ਸੀਮਤ ਹਨ। ਜੇਕਰ ਸਾਰੇ ਮਸਲਿਆਂ ਨੂੰ ਹੱਲ ਕਰਨਾ ਹੈ ਤਾਂ ਇਸ ਲਈ ਸਚਾਈ ਦੇ ਰਸਤੇ 'ਤੇ ਚੱਲਣਾ ਪਵੇਗਾ, ਨਹੀਂ ਤਾਂ ਰਾਜਨੀਤੀ ਹੁੰਦੀ ਆਈ ਹੈ ਤੇ ਹੁੰਦੀ ਰਹੇਗੀ। ਸੁਖਪਾਲ ਖਹਿਰਾ ਬਾਰੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਸ ਦੇ ਲੱਥਣ ਦਾ ਮੈਨੂੰ ਬਹੁਤ ਦੁੱਖ ਹੋਇਆ ਹੈ ਅਤੇ ਹਰਪਾਲ ਸਿੰਘ ਚੀਮਾ ਦੇ ਬਣਨ ਦੀ ਖੁਸ਼ੀ ਹੋਈ ਹੈ। ਇਸ ਮੌਕੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਤੇ ਜ਼ਿਲਾ ਪ੍ਰਧਾਨ, ਸਰਬਜੋਤ ਸਿੰਘ ਸਾਬੀ ਮੀਡੀਆ ਕੋਆਰਡੀਨੇਟਰ, ਜਤਿੰਦਰ ਸਿੰਘ ਲਾਲੀ ਬਾਜਵਾ ਸਾਬਕਾ ਚੇਅਰਮੈਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਸ਼੍ਰੋਮਣੀ ਕਮੇਟੀ, ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਅਵਤਾਰ ਸਿੰਘ ਜੌਹਲ ਸਾਬਕਾ ਚੇਅਰਮੈਨ, ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਉੜਮੁੜ ਟਾਂਡਾ, ਕਮਲਜੀਤ ਸਿੰਘ ਤੁਲੀ, ਜਸਜੀਤ ਸਿੰਘ ਥਿਆੜਾ ਸਾਬਕਾ ਚੇਅਰਮੈਨ, ਕਮਲਜੀਤ ਸਿੰਘ ਕੁਲਾਰ, ਤਜਿੰਦਰ ਸਿੰਘ ਸੋਢੀ ਸਾਬਕਾ ਚੇਅਰਮੈਨ, ਬਰਿੰਦਰ ਸਿੰਘ ਪਰਮਾਰ ਜ਼ਿਲਾ ਪ੍ਰਧਾਨ ਆਈ. ਟੀ. ਵਿੰਗ, ਰਾਣਾ ਰਣਵੀਰ ਸਿੰਘ, ਕਰਮਜੀਤ ਸਿੰਘ ਬਬਲੂ ਜੋਸ਼ ਸਮੇਤ ਕਈ ਆਗੂ ਮੌਜੂਦ ਸਨ।
ਕਮਰ ਨਾਲ ਬੰਨ੍ਹ ਕੇ ਲਿਜਾ ਰਿਹਾ ਸੀ ਡੇਢ ਕਿਲੋ ਸੋਨਾ, ਨੌਜਵਾਨ ਕਾਬੂ
NEXT STORY