ਨੂਰਪੁਰਬੇਦੀ (ਸ਼ਮਸ਼ੇਰ ਸਿੰਘ ਡੂਮੇਵਾਲ)— ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਡਿਫੈਂਸ ਨਾਲ ਸਿੱਧੇ ਰੂਪ 'ਚ ਜੁੜੀ ਪਾਕਿਸਤਾਨ ਦੀ ਪੱਤਰਕਾਰ ਆਰੂਸਾ ਆਲਮ ਪੰਜਾਬ ਅੰਦਰ ਨਾ ਸਿਰਫ ਸਰਕਾਰੀ ਰਿਹਾਇਸ਼ ਦੀ ਵਰਤੋਂ ਕਰ ਰਹੀ ਹੈ ਸਗੋਂ ਉਸ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਸਰਕਾਰੀ ਹੈਲੀਕਾਪਟਰ, ਮਸ਼ੀਨਰੀ ਅਤੇ ਲੱਖਾਂ ਰੁਪਏ ਸਰਕਾਰੀ ਖਜ਼ਾਨੇ 'ਚੋਂ ਲੁਟਾ ਕੇ ਸੂਬੇ ਦੀ ਆਰਥਿਕਤਾ ਦੇ ਖਜ਼ਾਨੇ 'ਤੇ ਬੋਝ ਪਾਇਆ ਜਾ ਰਿਹਾ ਹੈ। ਪੰਜਾਬ ਦੇ ਵਜ਼ੀਰ-ਏ-ਆਜ਼ਮ ਨੂੰ ਹੁਣ ਤੱਕ ਨਾ ਤਾਂ ਆਪਣੇ ਵਿਧਾਇਕਾਂ ਨੂੰ ਮਿਲਣ ਦਾ ਸਮਾਂ ਹੈ ਅਤੇ ਨਾ ਹੀ ਉਹ ਦੋ ਸਾਲ ਤੋਂ ਵਧੇਰੇ ਅਰਸਾ ਬੀਤਣ ਦੇ ਬਾਵਜੂਦ ਆਪਣੀ ਕਾਰਗੁਜ਼ਾਰੀ ਦਾ ਕੋਈ ਟਾਈਮ ਟੇਬਲ ਹੀ ਬਣਾ ਸਕੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੀ ਕਿਸਾਨੀ ਅਤੇ ਸੂਬੇ ਦੀ ਆਰਥਿਕਤਾ ਬੁਰੀ ਤਰ੍ਹਾਂ ਲਿਤਾੜੀ ਜਾ ਚੁੱਕੀ ਹੈ। ਇਥੋਂ ਦੇ ਰੋਜ਼ਗਾਰ ਦੇ ਸਾਧਨ, ਟਰਾਂਸਪੋਰਟਰ, ਕੇਬਲ ਅਤੇ ਸ਼ਰਾਬ ਦੇ ਧੰਦੇ 'ਤੇ ਬਾਦਲ ਪਰਿਵਾਰ ਬੁਰੀ ਤਰ੍ਹਾਂ ਕਾਬਜ਼ ਹੋ ਚੁੱਕਾ ਹੈ। ਕਿਸਾਨ ਘਰਾਣਿਆਂ ਦੇ ਨੌਜਵਾਨ ਕੀਮਤੀ ਜ਼ਮੀਨਾਂ ਵੇਚ ਕੇ ਵਿਦੇਸ਼ ਦੀ ਧਰਤੀ 'ਤੇ ਪਰਵਾਸ ਕਰ ਰਹੇ ਹਨ, ਜਿਨ੍ਹਾਂ ਨੂੰ ਬਚਾਉਣ ਦੀ ਅੱਜ ਮੁੱਖ ਲੋੜ ਹੈ। ਬੀਰਦਵਿੰਦਰ ਸਿੰਘ ਨੇ ਜਗਮੀਤ ਸਿੰਘ ਬਰਾੜ ਦੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਨੂੰ ਲੈ ਕੇ ਕਿਹਾ ਕਿ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੇਰਾ ਇਕ ਖਾਸ ਦੋਸਤ ਸਿਆਸੀ ਖੁਦਕੁਸ਼ੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ 'ਚ ਸਿੱਖ ਕੌਮ ਨਾਲ ਫਰਾਡ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨੂੰ ਬਚਾਉਣ 'ਚ ਮੁੱਖ ਭੂਮਿਕਾ ਨਿਭਾਈ ਹੈ। ਇਸ ਦੌਰਾਨ ਖੇਤਰ ਦੇ ਨਾਮਵਰ ਅਕਾਲੀ ਆਗੂ ਸਵ. ਗਿਆਨ ਸਿੰਘ ਪਟਵਾਰੀ ਦੇ ਪਰਿਵਾਰ ਨੇ ਵੀ ਬੀਰਦਵਿੰਦਰ ਸਿੰਘ ਦੇ ਹੱਕ 'ਚ ਨਿਤਰਨ ਦਾ ਐਲਾਨ ਕੀਤਾ।ਇਸ ਮੌਕੇ ਜਥੇ. ਉਜਾਗਰ ਸਿੰਘ ਬਡਾਲੀ, ਸਾਬਕਾ ਆਈ. ਜੀ. ਪਰਮਜੀਤ ਸਿੰਘ ਸਰਾਓ, ਹਰਦਲਜੀਤ ਸਿੰਘ ਖੱਟੜਾ, ਜੀ. ਪੀ.ਐੱਸ. ਗਿੱਲ, ਗਗਨ ਬੈਂਸ, ਪ੍ਰਦੀਪ ਸਿੰਘ ਚਾਹਲ, ਬਲਵਿੰਦਰ ਬੰਟੀ, ਪ੍ਰਭਜੋਤ ਸਿੰਘ, ਸਰਪੰਚ ਭਾਗ ਸਿੰਘ ਡੂਮੇਵਾਲ ਆਦਿ ਸਮੇਤ ਦਰਜਨਾਂ ਆਗੂ ਮੌਜੂਦ ਸਨ।
'ਲਵ ਮੈਰਿਜ' ਹੋਣ ਦੇ ਬਾਵਜੂਦ ਜੀਜੇ ਦਾ ਆਇਆ ਸਾਲੇ ਦੀ ਪਤਨੀ 'ਤੇ ਦਿਲ, ਲੈ ਕੇ ਹੋਇਆ ਫਰਾਰ
NEXT STORY