ਬਰਗਾੜੀ (ਕੁਲਦੀਪ) - 'ਨਰਿੰਦਰ ਨਾਥ ਦਮੋਦਰ ਦਾਸ ਮੋਦੀ ਦੀ ਅਗਵਾਈ ਵਾਲੀ ਸਰਕਾਰ ਭਾਰਤੀ ਜਮਹੂਰੀਅਤ ਨੂੰ ਖਤਮ ਕਰਨ ਦੇ ਰਾਹ ਪਈ ਹੋਈ ਹੈ। ਸੁਪਰੀਮ ਕੋਰਟ ਦੇ ਜੱਜਾਂ ਵਲੋਂ ਮੋਦੀ ਦੇ ਹੱਥ ਠੋਕੇ ਮੁੱਖ ਜੱਜ ਦੇ ਖਿਲਾਫ ਬਗਾਵਤ ਕਰਨ ਅਤੇ ਚੋਣ ਕਮਿਸ਼ਨਰ ਵਲੋਂ ਭਾਜਪਾ ਅਨੁਸਾਰ ਕੰਮ ਕਰਨਾ ਇਸ ਦੇ ਸਪੱਸ਼ਟ ਸੰਕੇਤ ਹਨ।' ਇਹ ਸ਼ਬਦ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਗੋਬਿੰਦਗੜ (ਦਬੜ੍ਹੀਖਾਨਾ) ਵਿਖੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਫਰੀਦਕੋਟ ਪ੍ਰੋ: ਸਾਧੂ ਸਿੰਘ ਨੇ ਕਹੇ। ਉਨ੍ਹਾਂ ਕਿਹਾ ਕਿ ਚਾਰ ਸੀਨੀਅਰ ਜੱਜਾਂ ਵਲੋਂ ਮੁੱਖ ਜੱਜ ਉਪਰ ਦੋਸ਼ ਲਾ ਕੇ ਪ੍ਰੈਸ ਕਾਨਫਰੰਸ ਕਰਨੀ ਭਾਰਤ ਦੇ ਇਤਿਹਾਸ ਵਿਚ ਅਭੂਤ ਪੂਰਵ ਘਟਨਾ ਹੈ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸਜ਼ਾ ਸੁਣਾਉਣ ਜਾ ਰਹੇ ਜਸਟਿਸ ਲੋਹੀਆ ਦੀ ਮੌਤ ਜਿਸ ਤਰ੍ਹਾਂ ਹੋਈ, ਇਹ ਭਾਰਤੀ ਨਿਆਂਪਾਲਕਾ ਨੂੰ ਝੰਜੋੜ ਦੇਣ ਵਾਲੀ ਘਟਨਾ ਹੈ। ਲੋਕਾਂ ਨੂੰ ਇਨਸਾਫ ਦੇਣ ਵਾਲੇ ਸੁਪਰੀਮ ਕੋਰਟ ਦੇ ਜੱਜ ਲੋਕਾਂ ਦੀ ਕਚਹਿਰੀ ਆ ਕੇ ਅੱਜ ਲੋਕਾਂ ਤੋਂ ਇਨਸਾਫ ਮੰਗ ਰਹੇ ਹਨ। ਇਸ ਲਈ ਨੌਜਵਾਨਾਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਇਨ੍ਹਾਂ ਫਿਰਕੂ ਅਤੇ ਫਾਂਸੀਵਾਦੀ ਤਾਕਤਾਂ ਦੇ ਖਿਲਾਫ ਲਾਮਬੰਦ ਕਰਨ। ਪ੍ਰੋ. ਸਾਧੂ ਸਿੰਘ ਨੇ ਕਿਹਾ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਸਿਫਾਰਸ਼ ਕੀਤੀ ਹੈ। ਬੇਸ਼ਕ ਆਮ ਆਦਮੀ ਪਾਰਟੀ ਚੋਣ ਲੜਣ ਤੋਂ ਨਹੀਂ ਡਰਦੀ ਪਰ ਚੋਣ ਕਮਿਸ਼ਨ ਦਾ ਭਗਵਾਂਕਰਨ ਦੇਸ਼ ਲਈ ਮੰਦਭਾਗਾ ਹੈ। ਉਨ੍ਹਾਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਗੋਬਿੰਦਗੜ ਦੇ ਮੈਂਬਰਾਂ ਦੀ ਮੰਗ 'ਤੇ ਇਥੇ ਜਿੰਮ ਦਾ ਕਮਰਾ ਬਣਾਉਣ ਲਈ ਆਪਣੇ ਅਖਤਿਆਰੀ ਫੰਡ 'ਚੋਂ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਐਡਵੋਕੇਟ ਰਾਜਪਾਲ ਸਿੰਘ ਫਰੀਦਕੋਟ ਨੇ ਕਿਹਾ ਲੋਕ ਰਾਜ ਨੂੰ ਬਚਾਉਣ ਲਈ ਇਸ ਵਕਤ ਸਿਰਫ ਨੌਜਵਾਨ ਅੱਗੇ ਆ ਸਕਦੇ ਹਨ। ਉਨ੍ਹਾਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਜਿੰਮ ਬਣਾ ਕੇ ਵਰਜ਼ਿਸ਼ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ, ਜਿਨ੍ਹਾਂ ਲੋਕਾਂ ਦਾ ਇਥੇ ਸਰਦਾ ਹੈ ਉਨ੍ਹਾਂ ਨੂੰ ਵਿਦੇਸ਼ਾਂ 'ਚ ਜਾ ਕੇ ਰੁਲਣ ਦੀ ਲੋੜ ਨਹੀਂ। ਲਾਇਬ੍ਰੇਰੀ ਸੰਚਾਲਕ ਡਾ: ਅਮਰਜੀਤ ਢਿੱਲੋਂ ਨੇ ਪ੍ਰੋ : ਸਾਧੂ ਸਿੰਘ ਅਤੇ ਐਡਵੋਕੇਟ ਰਾਜਪਾਲ ਸਿੰੰਘ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਇਸ ਮੌਕੇ ਆਪਣੀ ਨਵੀਂ ਕਿਤਾਬ 'ਜਿਥੇ ਦੁਨੀਆਂ ਮੁਕਦੀ ਹੈ' ਪ੍ਰੋ: ਸਾਧੂ ਸਿੰਘ ਨੂੰ ਭੇਂਟ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਨੰਬਰਦਾਰ ਹਰਦੀਪ ਸਿੰਘ ਪੱਪੂ, ਨੰਬਰਦਾਰ ਪਰਮਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
ਪੁਲਸ ਵੱਲੋਂ ਭਗੋੜਾ ਦੋਸ਼ੀ ਕਾਬੂ
NEXT STORY