ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ)- ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੋਧ 'ਚ ਅੱਜ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲਾ ਪੱਧਰੀ ਰੋਸ ਧਰਨਾ ਪਾਰਟੀ ਦੇ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਦੀ ਅਗਵਾਈ ਹੇਠ ਦਿੱਤਾ ਗਿਆ। ਧਰਨਾਕਾਰੀਆਂ ਨੇ ਸਰਕਾਰ 'ਤੇ ਲੰਘੇ 6 ਮਹੀਨਿਆਂ ਦੌਰਾਨ ਇਕ ਵੀ ਚੋਣ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਾਉਂਦਿਆਂ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਗਿੱਲ ਨੇ ਦੋਸ਼ ਲਾਇਆ ਕਿ ਹਰ ਫਰੰਟ 'ਤੇ ਆਪਣੇ ਮੁੱਢਲੇ ਪੜਾਅ ਉਪਰ ਹੀ 'ਫੇਲ' ਸਾਬਿਤ ਹੋਈ ਕਾਂਗਰਸ ਸਰਕਾਰ ਨੂੰ ਪੰਜਾਬ ਦੇ ਅਣਖੀ ਅਤੇ ਬਹਾਦਰ ਲੋਕ ਅੱਜ ਵੋਟਾਂ ਪਾ ਕੇ ਆਪਣੇ-ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਸੂਬੇ 'ਚ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕਰਜ਼ਾ ਮੁਆਫੀ, ਘਰ-ਘਰ ਨੌਕਰੀ, ਸਮਰਾਟ ਫੋਨ ਸਮੇਤ ਹੋਰ ਕਿਸੇ ਵੀ ਚੋਣ ਵਾਅਦੇ ਨੂੰ ਤਾਂ ਕੀ ਪੂਰਾ ਕਰਨਾ ਸੀ ਸਗੋਂ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਅਜੇ ਤੱਕ ਠੋਸ ਰਣਨੀਤੀ ਹੀ ਨਹੀਂ ਬਣਾਈ ਜਾ ਸਕੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਾਹਰਲੇ ਮੁਲਕਾਂ ਦੀ ਸੈਰ ਕਰ ਰਹੇ ਹਨ, ਜਦਕਿ ਪੰਜਾਬ ਚੁਫਰਿਓਂ ਸਮੱਸਿਆਵਾਂ ਵਿਚ ਘਿਰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ 'ਚੋਂ ਗਏ ਆਗੂ ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੱਧੂ ਸਰਕਾਰ ਚਲਾ ਰਹੇ ਹਨ ਅਤੇ ਹੋਰ ਕਿਸੇ ਦੀ ਵੀ ਦੱਸ-ਪੁੱਛ ਨਹੀਂ। ਉਨ੍ਹਾਂ ਬੀਤੇ ਕੱਲ ਮੋਗਾ ਵਿਖੇ ਲਾਏ ਰੋਜ਼ਗਾਰ ਮੇਲੇ ਨੂੰ ਸਿਰਫ ਡਰਾਮਾ ਦੱਸਦਿਆਂ ਕਿਹਾ ਕਿ ਕੱਲ ਹਜ਼ਾਰਾਂ ਨੌਜਵਾਨ ਹੱਥਾਂ ਵਿਚ ਡਿਗਰੀਆਂ ਫੜੀ ਨਿਰਾਸ਼ ਘਰਾਂ ਨੂੰ ਪਰਤੇ ਹਨ। ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਭਾਰਤੀ ਜਨਤਾ ਪਾਰਟੀ ਲੋਕ ਦੀ ਕਚਹਿਰੀ ਵਿਚ ਹੋਰ ਨੰਗਾ ਕਰੇਗੀ। ਉਨ੍ਹਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਲਾਮਬੰਦੀ ਮੁਹਿੰਮ ਨੂੰ ਤੇਜ਼ ਕਰਨ ਲਈ ਅੱਗੇ ਆਉਣ।
ਇਸ ਦੌਰਾਨ ਅਨਿਲ ਬਾਂਸਲ ਸੀਨੀਅਰ ਡਿਪਟੀ ਮੇਅਰ ਮੋਗਾ, ਰਾਹੁਲ ਗਰਗ, ਨਗਰ ਨਿਗਮ ਮੋਗਾ ਦੇ ਕੌਂਸਲਰ ਵਿਨੈ ਸ਼ਰਮਾ, ਰਾਕੇਸ਼ ਭੱਲਾ, ਬੋਹੜ ਸਿੰਘ ਐੱਮ. ਸੀ., ਵਿਨੀਤ ਚੋਪੜਾ, ਰਾਮ ਸਰੂਪ ਕਾਲਾ, ਭਜਨ ਸਿਤਾਰਾ, ਮੁਨੀਸ਼ ਮੈਨਰਾਏ, ਕੁਲਵੰਤ ਰਾਜਪੂਤ, ਪਵਨ ਕੁਮਾਰ, ਮੇਜਰ ਸਿੰਘ, ਨੱਥਾ ਸਿੰਘ ਬਾਘਾਪੁਰਾਣਾ, ਅਰਸ਼ਪ੍ਰੀਤ ਬਾਘਾਪੁਰਾਣਾ, ਰਾਜਨ ਸੂਦ, ਅਨਮੋਲ ਗੁਪਤਾ ਆਦਿ ਤੋਂ ਇਲਾਵਾ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।
ਪੰਜਾਬ 10 ਸਾਲ ਦੇ ਕੁਸ਼ਾਸਨ ਤੋਂ ਪ੍ਰਸ਼ਾਸਨ ਵੱਲ ਵਧਣ ਲੱਗਾ : ਸਿੱਧੂ
NEXT STORY