ਫਗਵਾੜਾ (ਹਰਜੋਤ, ਜਲੋਟਾ)— ਕੋਰੋਨਾ ਆਫਤ 'ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਕਿਸੇ ਕਿਸਮ ਦੀ ਮਦਦ ਨਾ ਦੇਣ ਦੀ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕਈ ਸੀਨੀਅਰ ਮੰਤਰੀ ਲਗਾਤਾਰ ਕਹਿ ਰਹੇ ਹਨ। ਸਿਰਫ ਇਹ ਹੀ ਨਹੀਂ, ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਅਪੀਲ ਕੀਤੀ ਕਿ ਉਹ ਜੈਕਾਰੇ ਅਤੇ ਜਾਘੋਸ਼ ਰਾਹੀਂ ਕੇਂਦਰ ਦੇ ਕੰਨਾਂ ਤੱਕ ਪੰਜਾਬ ਦੀ ਆਵਾਜ਼ ਪਹੁੰਚਾਉਣ ਅਤੇ ਫਿਰ ਮਜ਼ਦੂਰ ਦਿਵਸ ਮੌਕੇ ਕਾਂਗਰਸੀਆਂ ਨੇ ਘਰਾਂ ਦੀਆਂ ਛੱਤਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ ਕੇਂਦਰ ਸਰਕਾਰ ਪ੍ਰਤੀ ਰੋਸ ਦਾ ਇਜ਼ਹਾਰ ਕੀਤਾ ਸੀ। ਪਰ ਹੁਣ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਵੱਲੋਂ ਆਪਣੇ ਟਵਿੱਟਰ ਹੈਂਡਲ ਉੱਤੇ ਇਕ ਪੋਸਟ ਪਾ ਕੇ ਕੀਤੀ ਗਈ ਟਿੱਪਣੀ ਨੇ ਕੈਪਟਨ ਸਰਕਾਰ ਨੂੰ ਹੀ ਸਵਾਲਾਂ ਦੇ ਘੇਰੇ 'ਚ ਲਿਆ ਦਿੱਤਾ ਹੈ। ਰਾਮ ਵਿਲਾਸ ਪਾਸਵਾਨ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਦੀ ਯੋਜਨਾ ਦੇ ਕਾਰਣ ਅਨਾਜ ਤਾਲਾਬੰਦੀ 'ਚ ਵੀ ਦੇਸ਼ ਦੇ ਹਰ ਕੋਨੇ 'ਚ ਪਹੁੰਚ ਰਿਹਾ ਹੈ।
ਉਨ੍ਹਾਂ ਅੱਗੇ ਲਿਖਿਆ ਹੈ ਕਿ ਪੀ. ਐੱਮ. ਜੀ. ਕੇ. ਵਾਈ. (ਪ੍ਰਧਾਨ ਮੰਤਰੀ ਗ੍ਰਾਮੀਣ ਕਲਿਆਣ ਯੋਜਨਾ) 'ਚ ਅਪ੍ਰੈਲ ਲਈ ਪੰਜਾਬ ਨੂੰ ਜਾਰੀ ਕੀਤੇ ਗਏ 70, 725 ਟਨ ਅਨਾਜ ਵਿਚੋਂ ਸਿਰਫ 1.38 ਲੱਖ ਲਾਭਪਾਤਰੀਆਂ ਨੂੰ 688 ਟਨ ਦੀ ਵੰਡ ਹੋਈ ਹੈ। ਸੀ. ਐੱਮ (ਕੈਪਟਨ ਅਮਰਿੰਦਰ) ਨੂੰ ਬੇਨਤੀ ਹੈ ਕਿ ਵੰਡ 'ਚ ਤੇਜ਼ੀ ਲਿਆਂਦੀ ਜਾਵੇ। ਕੇਂਦਰੀ ਮੰਤਰੀ ਪਾਸਵਾਨ ਦੇ ਟਵੀਟ 'ਚ ਕੀਤੇ ਇਸ ਖੁਲਾਸੇ ਤੋਂ ਬਾਅਦ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਵੀ ਟਵੀਟ ਕਰਕੇ ਕੈਪਟਨ ਸਰਕਾਰ ਨੂੰ ਪੁੱਛਿਆ ਹੈ ਕਿ 'ਕਿੱਥੇ ਗਾਇਬ ਹੋ ਗਿਆ, ਕੇਂਦਰ ਤੋਂ ਗਰੀਬਾਂ ਲਈ ਆਇਆ ਰਾਸ਼ਨ?'
ਰਾਜੇਸ਼ ਬਾਘਾ ਨੇ ਇਸ ਸਬੰਧੀ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ 'ਚ ਇਕ ਜ਼ਿੰਮੇਵਾਰ ਮੰਤਰੀ ਵੱਲੋਂ ਟਵੀਟਰ 'ਤੇ ਕੀਤੇ ਖੁਲਾਸੇ ਨੇ ਨਾ ਸਿਰਫ ਕੈਪਟਨ ਸਰਕਾਰ ਦੀ ਕਾਰਗੁਜਾਰੀ 'ਤੇ ਵੱਡਾ ਸਵਾਲੀਆ ਨਿਸ਼ਾਨ ਲਾਇਆ ਬਲਕਿ ਖੁਦ ਮੁੱਖ ਮੰਤਰੀ ਦੀ ਗੈਰ ਜਿਮੇਦਾਰਾਨਾ ਗਲਤ ਬਿਆਨਬਾਜ਼ੀ ਦਾ ਵੀ ਪਰਦਾ ਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ 688 ਟਨ ਵੰਡਣ ਤੋਂ ਬਾਅਦ ਬਾਕੀ 70 ਹਜ਼ਾਰ 37 ਟਨ ਅਨਾਜ ਆਖਿਰ ਕਿਥੇ ਗਾਇਬ ਹਇਆ, ਜਨਤਾਂ ਨੂੰ ਇਹ ਜਾਨਣ ਦਾ ਪੂਰਾ ਅਧਿਕਾਰ ਹੈ।
ਬਟਾਲਾ 'ਚ 'ਕੋਰੋਨਾ' ਦੇ ਵੱਡੇ ਧਮਾਕੇ ਤੋਂ ਬਾਅਦ ਕਈ ਪਿੰਡਾਂ ਨੂੰ ਕੀਤਾ ਸੀਲ
NEXT STORY