ਚੰਡੀਗੜ੍ਹ (ਬਿਊਰੋ) : ਆਮ ਆਦਮੀ ਪਾਰਟੀ ਨੇ ਅੱਜ 'ਆਪ' ਅਤੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾ ਰਹੀ 'ਇਮਾਨਦਾਰ ਰਾਜਨੀਤੀ' ਦੇ ਰਾਹ ’ਚ ਰੁਕਾਵਟਾਂ ਪੈਦਾ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ। ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਸਿਰਫ਼ ‘ਆਪ’ ਜਾਂ ਪੰਜਾਬ ਦੀ ਗੱਲ ਨਹੀਂ ਹੈ, ਭਾਜਪਾ ਆਪਣੇ ਤਾਨਾਸ਼ਾਹੀ ਰਵੱਈਏ ਅਤੇ ਸੀ.ਬੀ.ਆਈ. ਅਤੇ ਈ.ਡੀ. ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨਾਲ ਸਾਡੇ ਲੋਕਤੰਤਰ ਲਈ ਖ਼ਤਰੇ ਪੈਦਾ ਕਰ ਰਹੀ ਹੈ। ਉਹ ਸਿਰਫ਼ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਰੋਕਣਾ ਚਾਹੁੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਿਰਫ਼ ਕੇਜਰੀਵਾਲ ਅਤੇ ‘ਆਪ ਹੀ 2024 ਦੀਆਂ ਆਮ ਚੋਣਾਂ ਵਿੱਚ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਟੱਕਰ ਦੇ ਸਕਦੇ ਹਨ। ਇਹੀ ਕਾਰਨ ਹੈ ਕਿ ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ। ਕੰਗ ਦੇ ਨਾਲ ‘ਆਪ’ ਦੇ ਬੁਲਾਰੇ ਤੇ ਚੇਅਰਮੈਨ ਨੀਲ ਗਰਗ, ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ ਅਤੇ ਗਗਨਦੀਪ ਸਿੰਘ ਵੀ ਮੌਜੂਦ ਸਨ। ਕੰਗ ਨੇ ਕਿਹਾ ਕਿ ਸੀ.ਬੀ.ਆਈ. ਅਤੇ ਈ.ਡੀ. ਨੇ ਅਦਾਲਤ ਵਿੱਚ ਮੰਨਿਆ ਕਿ ਉਨ੍ਹਾਂ ਨੂੰ ਗੋਆ ਵਿੱਚ ਸਿਰਫ਼ 19 ਲੱਖ ਰੁਪਏ ਦੇ ਬਿੱਲ ਮਿਲੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ 100 ਕਰੋੜ ਦੇ ਸ਼ਰਾਬ ਘੁਟਾਲੇ ਬਾਰੇ ਭਾਜਪਾ, ਇਸ ਦੇ ਬੁਲਾਰੇ ਅਤੇ ਉਨ੍ਹਾਂ ਦੇ ਮੀਡੀਆ ਵੱਲੋਂ ਕੀਤਾ ਗਿਆ ਸਾਰਾ ਪ੍ਰਚਾਰ ਝੂਠਾ ਸੀ ਅਤੇ ਇਹ ਸਿਰਫ਼ ਸਾਡੇ ਨੇਤਾਵਾਂ ਅਤੇ ਪਾਰਟੀ ਨੂੰ ਬਦਨਾਮ ਕਰਨ ਲਈ ਸੀ। ਉਨ੍ਹਾਂ ਮੰਨਿਆ ਕਿ ਅੱਜ ਦੇ ਸਮੇਂ ਸਭ ਤੋਂ ਇਮਾਨਦਾਰ, ਜ਼ਿੰਮੇਵਾਰ ਅਤੇ ਹਰਮਨ ਪਿਆਰੀ ਸਿਆਸਤ ਅਰਵਿੰਦ ਕੇਜਰੀਵਾਲ ਦੀ ਸਿਆਸਤ ਹੀ ਹੈ।
ਇਹ ਵੀ ਪੜ੍ਹੋ : ਉਪ-ਚੋਣ ’ਚੋਂ ਅਕਾਲੀ ਦਲ ਮੈਦਾਨ ਛੱਡ ਕੇ ਭੱਜਿਆ, ਕਾਂਗਰਸ ’ਚ ਨਿਰਾਸ਼ਾ ਦਾ ਮਾਹੌਲ : ਹਰਪਾਲ ਚੀਮਾ
‘ਆਪ’ ਆਗੂ ਨੇ ਕਿਹਾ ਕਿ ਸੀ.ਬੀ.ਆ.ਆਈ. ਅਤੇ ਈ.ਡੀ. ਰਾਹੀਂ ਮੋਦੀ ਸਰਕਾਰ ਇੱਕ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸਲ ਵਿੱਚ ਕੋਈ ਵੀ ਸ਼ਰਾਬ ਘੁਟਾਲਾ ਹੋਇਆ ਹੀ ਨਹੀਂ ਹੈ, ਇਸੇ ਕਰਕੇ ਇਹ ਏਜੰਸੀਆਂ ਕੋਈ ਸਬੂਤ ਜਾਂ ਗਵਾਹ ਲੱਭਣ ਵਿੱਚ ਅਸਫਲ ਰਹੀਆਂ ਹਨ। ਪਹਿਲਾਂ ਉਨ੍ਹਾਂ ਨੇ ਰਾਜੇਸ਼ ਜੋਸ਼ੀ ਅਤੇ ਮਨੀਸ਼ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ। ਫਿਰ ਉਨ੍ਹਾਂ ਨੇ ਪੰਜ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਝੂਠ ਬੋਲਣ ਲਈ ਤਸੀਹੇ ਦਿੱਤੇ ਅਤੇ ਕੁੱਟਮਾਰ ਕੀਤੀ। ਉਨ੍ਹਾਂ ਨੇ ਗੋਆ ਵਿੱਚ 20 ਤੋਂ ਵੱਧ ਵਿਕਰੇਤਾਵਾਂ ਤੋਂ ਪੁੱਛਗਿੱਛ ਕੀਤੀ ਪਰ ਫਿਰ ਵੀ ਕੁਝ ਨਹੀਂ ਮਿਲਿਆ। ਕਿਉਂਕਿ ਕੋਈ ਘਪਲਾ ਹੈ ਹੀ ਨਹੀਂ। ਕੰਗ ਨੇ ਕਿਹਾ ਕਿ ਸੀ.ਬੀ.ਆਈ. ਅਤੇ ਈ.ਡੀ. ਨੂੰ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ, ਪਰ ਉਹ ਇੱਕ ਵਾਰ ਫਿਰ ਕ੍ਰਾਂਤੀਕਾਰੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਰੋਕਣ ਦੇ ਆਪਣੇ ਏਜੰਡੇ ਵਿੱਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਅਰਵਿੰਦ ਕੇਜਰੀਵਾਲ ਹੀ ਪਰਿਵਾਰਵਾਦ ਦੀ ਰਾਜਨੀਤੀ ਅਤੇ ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਆਵਾਜ਼ ਉਠਾਉਂਦੇ ਹਨ, ਇਸ ਲਈ ਭਾਜਪਾ ਨੇ ਏਜੰਸੀਆਂ ਅਤੇ ਝੂਠੇ ਕੇਸਾਂ ਰਾਹੀਂ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਪਰ ਲੋਕ ਹੁਣ ਭਾਜਪਾ ਦੇ ਕੂੜ ਪ੍ਰਚਾਰ ਤੋਂ ਜਾਣੂ ਹੋ ਚੁੱਕੇ ਹਨ ਅਤੇ ਉਹ ਸਿਰਫ਼ 'ਆਪ' ਵਰਗੀ ਲੋਕ-ਪੱਖੀ ਪਾਰਟੀ ਦਾ ਹੀ ਸਮਰਥਨ ਕਰਨਗੇ।
ਇਹ ਵੀ ਪੜ੍ਹੋ : CM ਮਾਨ ਨੇ ਰਿੰਕੂ ਦੇ ਹੱਕ 'ਚ ਕੀਤਾ ਰੋਡ ਸ਼ੋਅ, ਕਿਹਾ - 'ਜਲੰਧਰ ਦੇ ਲੋਕਾਂ ਕੋਲ ਇਤਿਹਾਸ ਸਿਰਜਣ ਦਾ ਮੌਕਾ'
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ’ਤੇ ਲਗਾਈ ਰੋਕ ਅਦਾਲਤ ਨੇ ਹਟਾਈ
NEXT STORY