ਚੰਡੀਗੜ੍ਹ : ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਵਿਚ ਪਾਰਟੀ ਦੀ ਹੋਈ ਸ਼ਰਮਨਾਕ ਹਾਰ ਦੇ ਚੱਲਦੇ ਇਕ ਵਾਰ ਫਿਰ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਿਰਕਰੀ ਹੋਈ ਹੈ। ਸੂਬੇ ਦੇ ਬਾਗੀ ਵਿਧਾਇਕਾਂ ਦੇ ਗੁੱਟ ਦੀ ਸਲਾਹ ਨਾ ਮੰਨਣਾ ਉਨ੍ਹਾਂ 'ਤੇ ਭਾਰੀ ਪਿਆ ਹੈ। ਜ਼ਿਲਾ ਪ੍ਰੀਸ਼ਦ ਚੋਣਾਂ ਵਿਚ 'ਆਪ' ਨੂੰ ਇਕ ਵੀ ਸੀਟ ਨਹੀਂ ਮਿਲੀ ਹੈ। ਆਲਮ ਇਹ ਹੈ ਕਿ ਸਾਂਸਦ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵਰਗੇ ਆਗੂਆਂ ਦੇ ਹਲਕੇ ਵਿਚ ਵੀ ਪਾਰਟੀ ਖਾਤਾ ਤਕ ਨਹੀਂ ਖੋਲ ਸਕੀ। ਜੁਲਾਈ ਵਿਚ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ਵਿਚ ਬਗਾਵਤ ਸ਼ੁਰੂ ਹੋਈ ਅਤੇ 20 'ਚੋਂ 8 ਵਿਧਾਇਕ ਖਹਿਰਾ ਦੇ ਨਾਲ ਖੜੇ ਹੋ ਗਏ।
ਪੰਜਾਬ ਸਮੇਤ ਵਿਦੇਸ਼ਾਂ ਵਿਚ ਵੀ ਕੇਜਰੀਵਾਲ ਦੀਆਂ ਨੀਤੀਆਂ ਦੇ ਖਿਲਾਫ ਖਹਿਰਾ ਗੁੱਟ ਨੂੰ ਜ਼ੋਰਦਾਰ ਸਮਰਥਨ ਦਿੱਤਾ ਜਾ ਰਿਹਾ ਹੈ। ਖਹਿਰਾ ਗੁੱਟ ਦੀ ਮੁੱਖ ਮੰਗ ਹੈ ਕਿ ਪੰਜਾਬ ਵਿਚ ਪਾਰਟੀ ਦੇ ਫੈਸਲੇ ਪੰਜਾਬ ਟੀਮ ਹੀ ਕਰੇਗੀ। ਦਿੱਲੀ ਟੀਮ ਦੀ ਪੰਜਾਬ ਵਿਚ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਕੇਜਰੀਵਾਲ ਨੂੰ ਇਹ ਮਨਜ਼ੂਰ ਨਹੀਂ ਹੈ। ਪਾਰਟੀ ਦੇ ਪੰਜਾਬ ਮੁਖੀ ਮਨੀਸ਼ ਸਿਸੋਦੀਆ ਨੂੰ ਇਸ ਮਾਮਲੇ ਨੂੰ ਹੱਲ ਕਰਨ ਲਈ ਕੇਜਰੀਵਾਲ ਨੇ ਵਿਸ਼ੇਸ਼ ਤੌਰ 'ਤੇ ਜ਼ਿੰਮੇਵਾਰੀ ਸੌਂਪੀ ਸੀ ਪਰ ਉਹ ਵੀ ਸਫਲ ਨਹੀਂ ਹੋ ਸਕੇ। ਖਹਿਰਾ ਧਿਰ ਨੇ ਪੰਜਾਬ ਵਿਚ ਨਵੇਂ ਸਿਰੇ ਤੋਂ 'ਆਪ' ਦੇ ਗਠਨ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਗੁਰਦਾਸਪੁਰ ਲੋਕ ਸਭਾ ਉਪ ਚੋਣਾਂ, ਸ਼ਾਹ ਕੋਟ ਜ਼ਿਮਨੀ ਚੋਣ ਤੋਂ ਬਾਅਦ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਖਹਿਰਾ ਧਿਰ ਨੇ ਨਾ ਲੜਨ ਦੀ ਸਲਾਹ ਦਿਤੀ ਸੀ। ਕੇਜਰੀਵਾਲ ਨੇ ਇਸ ਸਲਾਹ ਨੂੰ ਦਰਕਿਨਾਰ ਕਰ ਚੋਣਾਂ ਵਿਚ ਹਿੱਸਾ ਲਿਆ ਅਤੇ ਨਤੀਜਾ ਸਾਰਿਆਂ ਦੇ ਸਾਹਮਣੇ ਹੈ।
ਜ਼ਿਲਾ ਪ੍ਰੀਸ਼ਦ ਦੀਆਂ 353 ਸੀਟਾਂ ਵਿਚ 'ਆਪ' ਨੂੰ ਇਕ ਵੀ ਸੀਟ ਨਹੀਂ ਮਿਲੀ ਹੈ ਜਦਕਿ ਬਲਾਕ ਸਮਿਤੀਆਂ ਦੀ 2899 ਸੀਟਾਂ 'ਚ 'ਆਪ' ਨੂੰ ਸਿਰਫ 20 ਸੀਟਾਂ ਹੀ ਮਿਲੀਆਂ ਹਨ। ਇਨ੍ਹਾਂ ਨਤੀਜਿਆਂ ਤੋਂ ਬਾਅਦ ਇਕ ਵਾਰ ਫਿਰ ਖਹਿਰਾ ਧਿਰ ਹੋਰ ਮਜ਼ਬੂਤ ਹੋ ਗਿਆ ਹੈ। 'ਆਪ' ਦੇ ਬਦਲੇ ਸਮੀਕਰਣਾਂ 'ਚ ਜੇਕਰ ਖਹਿਰਾ ਧਿਰ ਆਪਣੀ ਮੰਗ 'ਤੇ ਡਟਿਆ ਰਿਹਾ ਤਾਂ ਕੇਜਰੀਵਾਲ ਦੇ ਸਾਹਮਣੇ ਖਹਿਰਾ ਧਿਰ ਦੀ ਖੁਦ ਮੁਖਤਿਆਰੀ ਦੀ ਮੰਗ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ।
ਗਰੀਬ ਪਰਿਵਾਰ 'ਤੇ ਕਹਿਰ ਬਣ ਕੇ ਵਰੀ ਬਾਰਿਸ਼, ਛੱਤ ਡਿੱਗਣ ਕਾਰਨ ਭੈਣ-ਭਰਾ ਦੀ ਮੌਤ
NEXT STORY