ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) - ਸਥਾਨਕ ਲੁਧਿਆਣਾ ਬਾਈਪਾਸ ਨੇੜੇ ਅੱਜ ਸਵੇਰੇ ਉਸ ਸਮੇਂ ਡਰ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਨਾਲ ਲੱਗਦੇ ਮੁਸਲਿਮ ਭਾਈਚਾਰੇ ਦੇ ਕਬਰਸਤਾਨ ਊਜਾੜੂ ਤਕੀਆ ਦੇ ਅੰਦਰ ਇਕ 23 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਉਕਤ ਮ੍ਰਿਤਕ ਨੌਜਵਾਨ ਦੀ ਪਛਾਣ ਮੁਹੰਮਦ ਆਬਿਦ ਪੁੱਤਰ ਮੁਹੰਮਦ ਨਾਸਰ ਵਾਸੀ ਮੁਹੱਲਾ ਬੰਗਲਾ ਨੇੜੇ ਹੈਦਰ ਸ਼ੇਖ ਮਾਲੇਰਕੋਟਲਾ ਦੇ ਨਾਮ ਨਾਲ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਪਣੇ ਮਾਮੇ ਨਾਲ ਪਇਲ ਵਿਖੇ ਸਬਜ਼ੀ ਦਾ ਕੰਮ ਕਰਦਾ ਸੀ ਅਤੇ ਕੱਲ ਐਤਵਾਰ ਹੋਣ ਕਾਰਨ ਘਰ 'ਚ ਸੀ।ਅੱਜ ਸਵੇਰ ਦੇ ਕਰੀਬ 7 ਵਜੇ ਦੇ ਖੇਤਾਂ 'ਚ ਕੰਮ ਕਰਨ ਲਈ ਜਾਂਦੀਆਂ ਔਰਤਾਂ ਨੇ ਮਾਡਲ ਟਾਊਨ ਕਾਲੋਨੀ ਦੇ ਪਿੱਛੇ ਕਬਰਸਤਾਨ 'ਚ ਉਕਤ ਨੌਜਵਾਨ ਦੀ ਲਾਸ਼ ਪਈ ਦੇਖ ਕੇ ਲੋਕਾਂ ਨੂੰ ਸੂਚਿਤ ਕੀਤਾ। ਇਸ ਘਟਨਾ ਦਾ ਪਤਾ ਲੱਗਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ, ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਭੇਜ ਦਿੱਤਾ ਗਿਆ। ਪੁਲਸ ਨੂੰ ਜਾਣਕਾਰੀ ਦਿੰਦਿਆਂ ਲੋਕਾਂ ਨੇ ਕਿਹਾ ਕਿ ਮ੍ਰਿਤਕ ਆਬਿਦ ਨੂੰ ਆਖਰੀ ਬਾਰ ਲੰਘੀ ਰਾਤ ਸਾਢੇ 9 ਵਜੇ ਦੇ ਕਰੀਬ ਮੁਸਲਿਮ ਧਾਰਮਿਕ ਸਥਾਨ ਮਰਕਜ਼ ਦੇ ਬਾਹਰ ਜ਼ਿਹਰੂ ਚਿਕਨ ਸ਼ਾਪ ਦੇ ਨੇੜੇ ਦੇਖਿਆ ਸੀ ਉਸ ਤੋਂ ਬਾਅਦ ਕਿਸੇ ਨੇ ਉਸਨੂੰ ਨਹੀਂ ਦੇਖਿਆ।
ਪੁਲਸ ਨੇ ਮ੍ਰਿਤਕ ਦੇ ਚਾਚਾ ਸਿਰਾਜ ਅਹਿਮਦ ਪੁੱਤਰ ਮੁਹੰਮਦ ਅਲੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਸਰੀਰ ਨੀਲਾ ਪਿਆ ਹੋਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮ੍ਰਿਤਕ ਆਬਿਦ ਦੀ ਮੌਤ ਕਿਸੇ ਜ਼ਹਿਰੀਲੀ ਚੀਜ਼ ਨਾਲ ਹੋਈ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸੇ ਕਬਰਸਤਾਨ 'ਚੋਂ ਇਕ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ ਸੀ।
ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਵਾਉਣ ਲਈ ਸੁਵਿਧਾ ਕੈਂਪ ਲਾਇਆ
NEXT STORY