ਪਟਿਆਲਾ (ਰਾਜੇਸ਼, ਬਲਜਿੰਦਰ, ਜੋਸਨ)—ਆਬਕਾਰੀ ਅਤੇ ਕਰ ਵਿਭਾਗ ਪੰਜਾਬ ਨੇ 60 ਕਰੋੜ ਰੁਪਏ ਦੇ ਬੋਗਸ ਬਿੱਲਾਂ ਦੇ ਸਹਾਰੇ ਸਰਕਾਰੀ ਖ਼ਜ਼ਾਨੇ ਨੂੰ ਲਗਭਗ 10 ਕਰੋੜ 80 ਲੱਖ ਰੁਪਏ ਦਾ ਚੂਨਾ ਲਾਉਣ ਵਾਲੇ ਇਕ ਵੱਡੇ ਜੀ. ਐੱਸ. ਟੀ. ਬੋਗਸ ਬਿੱਲ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਵਿਵੇਕ ਪ੍ਰਤਾਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਭਾਗ ਦੀ ਇਨਫੋਰਸਮੈਂਟ ਟੀਮ ਨੇ ਪੁਰਾਣੇ ਟਰੱਕਾਂ ਨੂੰ ਸਕਰੈਪ ਕਰ ਕੇ ਵੇਚਣ ਵਾਲੀ ਖਨੌਰੀ ਮੰਡੀ ਦੀ ਫਰਮ ਗਣਪਤੀ ਮੋਟਰ ਸਟੋਰ ਦੇ ਮਾਲਕ ਸੁਭਾਸ਼ ਚੰਦਰ ਨੂੰ ਜੀ. ਐੱਸ. ਟੀ. ਐਕਟ ਤਹਿਤ ਗ੍ਰਿਫ਼ਤਾਰ ਵੀ ਕਰ ਲਿਆ ਹੈ, ਜਿਸ ਨੇ ਲੋਹੇ ਅਤੇ ਕਬਾੜ ਦੀਆਂ ਜਾਅਲੀ ਅਤੇ ਗ਼ਲਤ ਟ੍ਰਾਂਸਜ਼ੈਕਸ਼ਨਾਂ ਕੀਤੀਆਂ ਹਨ।
ਸਰਕਾਰੀ ਖ਼ਜ਼ਾਨੇ ਨੂੰ ਇਸ ਤਰ੍ਹਾਂ ਚੂਨਾ ਲਾਉਣ ਵਾਲੇ ਦੀ ਅਜਿਹੀ ਗ੍ਰਿਫ਼ਤਾਰੀ ਪੰਜਾਬ ਵਿਚ ਆਪਣੀ ਕਿਸਮ ਦੀ ਦੂਜੀ ਗ੍ਰਿਫ਼ਤਾਰੀ ਹੈ। ਇਹ ਜਾਣਕਾਰੀ ਆਬਕਾਰੀ ਅਤੇ ਕਰ ਵਿਭਾਗ ਦੇ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਡਾਇਰੈਕਟਰ (ਇਨਵੈਸਟੀਗੇਸ਼ਨ) ਨਵਦੀਪ ਕੌਰ ਭਿੰਡਰ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੰਯੁਕਤ ਕਮਿਸ਼ਨਰ ਇਨਫੋਰਸਮੈਂਟ ਦਰਬਾਰਾ ਸਿੰਘ, ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਵਿਸ਼ਵਦੀਪ ਸਿੰਘ ਭੰਗੂ, ਸਟੇਟ ਟੈਕਸ ਅਫ਼ਸਰ ਮੇਜਰ ਮਨਮੋਹਨ ਸਿੰਘ ਅਤੇ ਅਨੀਤਾ ਸੋਢੀ ਵੀ ਮੌਜੂਦ ਸਨ।
ਭਿੰਡਰ ਨੇ ਦੱਸਿਆ ਕਿ ਇਹ ਫਰਮ ਅਜਿਹੇ ਬੋਗਸ ਬਿੱਲਾਂ ਦੇ ਸਹਾਰੇ ਟੈਕਸ ਬਚਾਉਣ ਦੇ ਕਾਲੇ ਕਾਰਨਾਮੇ 'ਚ ਲੰਮੇ ਸਮੇਂ ਤੋਂ ਸ਼ਾਮਲ ਸੀ ਅਤੇ ਵਿਭਾਗ ਨੇ ਇਸਦਾ 2017 ਤੋਂ ਡਾਟਾ ਇਕੱਤਰ ਕੀਤਾ ਹੈ। ਇਸ ਫਰਮ ਵੱਲੋਂ ਪੁਰਾਣੇ ਟਰੱਕਾਂ ਨੂੰ ਖਰੀਦ ਕੇ ਉਨ੍ਹਾਂ ਦੀ ਸਕਰੈਪ ਬਣਾ ਕੇ ਮੰਡੀ ਗੋਬਿੰਦਗੜ੍ਹ ਦੀਆਂ 5 ਫਰਮਾਂ ਨੂੰ ਵੇਚੀ ਜਾਂਦੀ ਸੀ ਅਤੇ ਦਿੱਲੀ ਤੋਂ ਮਾਲ ਦੀ ਬਜਾਇ ਕੇਵਲ ਬੋਗਸ ਬਿੱਲ ਹੀ ਆ ਰਹੇ ਸਨ। ਇਸ ਫਰਮ ਨੇ ਫਰਜ਼ੀ ਬਿੱਲਾਂ ਨਾਲ ਦਿੱਲੀ ਤੋਂ 60 ਕਰੋੜ ਰੁਪਏ ਦੀ ਸਕਰੈਪ ਦੀ ਖਰੀਦ ਕੀਤੀ ਦਿਖਾਈ ਅਤੇ ਅੱਗੇ 10.8 ਕਰੋੜ ਰੁਪਏ ਦੀ ਫਰਜ਼ੀ ਟੈਕਸ ਕ੍ਰੈਡਿਟ ਦਿਖਾਈ ਅਤੇ ਅੱਗੇ ਪੰਜਾਬ ਦੇ ਹੋਰ ਡੀਲਰਾਂ ਨੂੰ ਵੀ ਫਰਜ਼ੀ ਕ੍ਰੈਡਿਟ ਜਾਰੀ ਕਰ ਦਿੱਤਾ ਜਾਂਦਾ ਸੀ।
ਵਧੀਕ ਕਮਿਸ਼ਨਰ ਇਨਵੈਸਟੀਗੇਸ਼ਨ ਪੰਜਾਬ ਨੇ ਦੱਸਿਆ ਕਿ ਲੋਹੇ ਅਤੇ ਕਬਾੜ ਦੀਆਂ ਜਾਅਲੀ ਅਤੇ ਗ਼ਲਤ ਟ੍ਰਾਂਸਜ਼ੈਕਸ਼ਨਾਂ ਕੀਤੀਆਂ ਗਈਆਂ ਸਨ। ਈ-ਵੇਅ ਬਿੱਲ ਪੋਰਟਲ ਅਨੁਸਾਰ ਫਰਮ ਵੱਲੋਂ ਕੁੱਲ 945 ਗੱਡੀਆਂ ਦਿੱਲੀ ਤੋਂ ਖਨੌਰੀ ਮੰਡੀ 'ਚ ਲੋਹੇ ਦੇ ਕਬਾੜ ਦੀਆਂ ਟਰਾਂਸਪੋਰਟ ਕੀਤੀਆਂ ਦਿਖਾਈਆਂ ਗਈਆਂ ਜਦਕਿ ਪੜਤਾਲ 'ਚ ਇਰਾ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਟੋਲ ਪਲਾਜ਼ਾ ਰੋਹਤਕ ਹਰਿਆਣਾ ਤੋਂ 67 ਗੱਡੀਆਂ ਪਾਸ ਕੀਤੀਆਂ ਸਾਹਮਣੇ ਆਈਆਂ। ਇਨ੍ਹਾਂ 67 ਗੱਡੀਆਂ ਦੀ ਪੜਤਾਲ ਸਟੇਟ ਟੈਕਸ ਅਫ਼ਸਰ ਮੇਜਰ ਮਨਮੋਹਨ ਸਿੰਘ ਵੱਲੋਂ ਕਰਨ 'ਤੇ ਪਤਾ ਚੱਲਿਆ ਕਿ ਇਹ ਗੱਡੀਆਂ ਟੋਲ ਪਲਾਜ਼ਾ ਤੋਂ ਪਾਸ ਨਹੀਂ ਹੋਈਆਂ ਅਤੇ ਸਿਰਫ ਜਾਅਲੀ ਟੋਲ ਪਲਾਜ਼ਾ ਰਸੀਦਾਂ ਹੀ ਜਾਰੀ ਕੀਤੀਆਂ ਗਈਆਂ ਸਨ, ਜਿਸ ਸਬੰਧੀ ਵੱਖਰੀ ਜਾਂਚ ਕੀਤੀ ਜਾ ਰਹੀ ਹੈ।
ਭਿੰਡਰ ਨੇ ਦੱਸਿਆ ਕਿ ਇਸ ਮਾਮਲੇ 'ਚ ਦਿਲਚਸਪ ਤੱਥ ਇਹ ਹੈ ਕਿ ਇਸ ਫਰਮ ਨੇ ਅਜਿਹਾ ਲੋਹਾ ਸਕਰੈਪ ਕੀਤਾ ਦਿਖਾਇਆ ਜਿਹੜਾ ਕਿ ਅਸਲ ਵਿਚ ਮੋਟਰਸਾਈਕਲ ਅਤੇ ਸਕੂਟਰ ਹੀ ਸਨ। ਇਸ ਤਰ੍ਹਾਂ ਫਰਮ ਵੱਲੋਂ ਗਲਤ ਇਨਪੁੱਟ ਟੈਕਸ ਕ੍ਰੈਡਿਟ ਕਰ ਕੇ ਪੰਜਾਬ ਰਾਜ ਦੀਆਂ ਹੋਰ ਫਰਮਾਂ ਨੂੰ ਪਾਸ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਰ ਵਿਭਾਗ ਵੱਲੋਂ ਜੀ. ਐੱਸ. ਟੀ. ਚੋਰੀ ਸਬੰਧੀ ਖਨੌਰੀ ਮੰਡੀ ਦੀਆਂ ਹੋਰ ਸ਼ੱਕੀ ਫਰਮਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਜੀ. ਐੱਸ. ਟੀ. ਨਿੱਲ ਭਰਵਾਇਆ ਹੈ।
ਨਵਦੀਪ ਕੌਰ ਭਿੰਡਰ ਨੇ ਬੋਗਸ ਬਿਲਿੰਗ ਜ਼ਰੀਏ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲੇ ਕਾਰੋਬਾਰੀਆਂ ਨੂੰ ਤਾੜਨਾ ਦਿੱਤੀ ਕਿ ਅਜਿਹੇ ਅਨਸਰਾਂ ਨਾਲ ਭਵਿੱਖ 'ਚ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਇਸ ਸਬੰਧੀ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਹੋਰ ਦੋਸ਼ੀ ਦੇ ਸਾਹਮਣੇ ਆਉਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਕਸਾਈਜ਼ ਇੰਸਪੈਕਟਰ ਪਿਊਸ਼ ਸਿੰਗਲਾ ਅਤੇ ਸਤਪਾਲ ਸਿੰਘ ਵੀ ਮੌਜੂਦ ਸਨ।
ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
NEXT STORY