ਜਲੰਧਰ\ਜੰਮੂ (ਜੁਗਿੰਦਰ ਸੰਧੂ) : ਜੰਮੂ ਨਾਲੋਂ ਵੱਖ ਹੋ ਕੇ ਬਣੇ ਸਾਂਬਾ ਜ਼ਿਲੇ ਦੇ ਬਹੁਤ ਸਾਰੇ ਪਿੰਡ ਪਾਕਿਸਤਾਨ ਦੀ ਸਰਹੱਦ ਕੰਢੇ ਵਸਦੇ ਹਨ, ਜਿਨ੍ਹਾਂ 'ਚ ਰਹਿਣ ਵਾਲੇ ਲੋਕਾਂ ਨੂੰ ਲਗਾਤਾਰ ਸੰਕਟਾਂ ਦੇ ਸੇਕ ਵਿਚ ਆਪਣਾ ਜੀਵਨ ਗੁਜ਼ਾਰਨਾ ਪੈ ਰਿਹਾ ਹੈ। ਦਰਜਨਾਂ ਪਿੰਡ ਅਜਿਹੇ ਹਨ, ਜਿਹੜੇ ਸਰਹੱਦੀ ਖੇਤਰ ਨਾਲ ਲੱਗਦੇ 2 ਕਿਲੋਮੀਟਰ ਇਲਾਕੇ ਦੇ ਅੰਦਰ ਸਥਿਤ ਹਨ। ਇਥੋਂ ਦੀ ਆਬਾਦੀ ਬਹੁਤੀ ਸੰਘਣੀ ਨਹੀਂ ਪਰ ਉਸ ਨੂੰ ਪਾਕਿਸਤਾਨ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਹੋਰ ਵਿਰਲੀ ਕਰ ਦਿੱਤਾ ਹੈ। ਬਹੁਤ ਸਾਰੇ ਲੋਕ ਤਾਂ ਆਪਣੇ ਘਰਾਂ ਨੂੰ ਅਲਵਿਦਾ ਕਹਿ ਕੇ ਪੱਕੇ ਤੌਰ 'ਤੇ ਸੂਬੇ ਦੇ ਹੋਰ, ਮੁਕਾਬਲਤਨ ਸੁਰੱਖਿਅਤ ਖੇਤਰਾਂ 'ਚ ਜਾ ਵਸੇ ਹਨ। ਜਿਹੜੇ ਲੋਕ ਅਜੇ ਵੀ ਪਾਕਿਸਤਾਨੀ ਬੰਦੂਕਾਂ ਦੇ ਪਰਛਾਵਿਆਂ ਹੇਠ ਸਹਿਕ ਰਹੇ ਹਨ, ਉਨ੍ਹਾਂ ਨੂੰ ਵੀ ਬੋਰੀ-ਬਿਸਤਰਾ ਬੰਨ੍ਹ ਕੇ ਹੀ ਰੱਖਣਾ ਪੈਂਦਾ ਹੈ। ਪਤਾ ਨਹੀਂ ਕਿਸ ਵੇਲੇ ਸਰਹੱਦ ਪਾਰ ਤੋਂ ਗੋਲੀਆਂ ਦੀ ਵਾਛੜ ਸ਼ੁਰੂ ਹੋ ਜਾਵੇ ਅਤੇ ਉਨ੍ਹਾਂ ਨੂੰ ਆਪਣੇ ਆਲ੍ਹਣੇ ਛੱਡ ਕੇ ਦੌੜਨਾ ਪਵੇ। ਪਾਕਿਸਤਾਨ ਨੂੰ 'ਸੁਮੱਤ' ਕਦੋਂ ਆਵੇਗੀ, ਕਿਹਾ ਨਹੀਂ ਜਾ ਸਕਦਾ ਅਤੇ ਭਾਰਤ ਕੋਲ ਵੀ ਸ਼ਾਇਦ ਇਨ੍ਹਾਂ ਮੁਸੀਬਤ ਮਾਰੇ ਲੋਕਾਂ ਦਾ ਕੋਈ ਸਥਾਈ ਹੱਲ ਨਹੀਂ। ਜੰਮੂ-ਕਸ਼ਮੀਰ ਦੀ ਸਰਕਾਰ ਤਾਂ ਸਰਹੱਦੀ ਖੇਤਰਾਂ 'ਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾ ਰਹੀ।
ਮੁਸੀਬਤਾਂ ਦਾ ਦਿਨ-ਰਾਤ ਸਾਹਮਣਾ ਕਰਨ ਵਾਲੇ ਪਿੰਡਾਂ 'ਚ ਹੀ ਸ਼ਾਮਲ ਹੈ, ਸਰਹੱਦ ਦੇ ਐਨ ਕੰਢੇ 'ਤੇ ਵਸਿਆ ਪਿੰਡ ਬੈਨ ਗਲਾੜ, ਜਿਥੇ ਜੁੜੇ ਲੋੜਵੰਦ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ 479ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਵੰਡੀ ਗਈ। ਵੱਖ-ਵੱਖ ਪਿੰਡਾਂ ਤੋਂ ਆਏ 200 ਦੇ ਕਰੀਬ ਪਰਿਵਾਰਾਂ ਨੂੰ ਆਟਾ, ਚਾਵਲ, ਕੰਬਲ, ਦਾਲ, ਖੰਡ ਆਦਿ ਸਾਮਾਨ ਮੁਹੱਈਆ ਕਰਵਾਇਆ ਗਿਆ। ਇਹ ਸਮੱਗਰੀ ਸ਼੍ਰੀ ਨੀਟੂ ਖੁੱਲਰ ਅਤੇ ਪ੍ਰੇਮ ਸ਼ਰਮਾ ਦੇ ਯਤਨਾਂ ਸਦਕਾ ਮਣੀ ਮਹੇਸ਼ ਸੇਵਾ ਮੰਡਲ ਕਪੂਰਥਲਾ ਵਲੋਂ ਭਿਜਵਾਈ ਗਈ ਸੀ। ਸੇਵਾ ਮੰਡਲ ਵਲੋਂ ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਸਮੱਗਰੀ ਭਿਜਵਾਈ ਜਾ ਚੁੱਕੀ ਹੈ।
ਬੈਨ ਗਲਾੜ ਵਿਚ ਲੋੜਵੰਦਾਂ ਨੂੰ ਸਮੱਗਰੀ ਦੀ ਵੰਡ ਲਾਇਨਜ਼ ਕਲੱਬ ਸਾਂਬਾ ਦੇ ਸਹਿਯੋਗ ਨਾਲ ਕੀਤੀ ਗਈ। ਇਸ ਮੌਕੇ ਰਾਹਤ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਰਾਕੇਸ਼ ਸਾਂਬਿਆਲ ਨੇ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਇਸ ਖੇਤਰ 'ਚ ਪਾਕਿਸਤਾਨੀ ਗੋਲੀਬਾਰੀ ਨਾਲ 50 ਲੋਕ ਸ਼ਹੀਦ ਹੋ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਸਰਹੱਦੀ ਪੱਟੀ ਦੇ ਪਿੰਡਾਂ 'ਚ ਵਸਦੇ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋਇਆ ਹੈ, ਜਿਸ ਦੀ ਪੂਰਤੀ ਲਈ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿਚ ਤਾਂ ਸਰਕਾਰ ਬਿਜਲੀ ਦੀ ਰੈਗੂਲਰ ਸਪਲਾਈ ਵੀ ਯਕੀਨੀ ਨਹੀਂ ਬਣਾ ਸਕੀ।
ਸਮਾਜ ਸੇਵੀ ਵਿਕਾਸ ਸ਼ਰਮਾ ਨੇ ਇਲਾਕੇ ਦੀ ਤਰਸਯੋਗ ਹਾਲਤ ਬਿਆਨ ਕਰਦਿਆਂ ਕਿਹਾ ਕਿ ਇਥੇ ਤਾਂ ਖੇਤੀਬਾੜੀ ਵੀ ਗੋਲੀਆਂ ਦੇ ਸਾਏ ਹੇਠ ਹੁੰਦੀ ਹੈ। ਕਈ ਵਾਰ ਤਾਂ ਕਿਸਾਨ ਆਪਣੀਆਂ ਜ਼ਮੀਨਾਂ 'ਚ ਫਸਲ ਬੀਜਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਲੋਕਾਂ ਨੂੰ ਵਾਰ-ਵਾਰ ਆਪਣੇ ਘਰ ਛੱਡ ਕੇ ਦੌੜਨਾ ਪੈਂਦਾ ਹੈ।
ਰਾਹਤ ਫੰਡ ਟੀਮ ਦੇ ਮੋਹਰੀ ਲਾਇਨ ਜੇ. ਬੀ. ਸਿੰਘ ਚੌਧਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਰਹੱਦੀ ਪਿੰਡਾਂ 'ਚ ਸਥਿਤੀ ਉਦੋਂ ਤੱਕ ਤਬਦੀਲ ਨਹੀਂ ਹੋ ਸਕਦੀ, ਜਦੋਂ ਤੱਕ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧ ਸੁਖਾਵੇਂ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਨਿੱਤ ਦਿਨ ਗੋਲੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰਨਾ ਹਰ ਦੇਸ਼ਵਾਸੀ ਦਾ ਫਰਜ਼ ਬਣਦਾ ਹੈ। ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਰਾਹਤ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ।
ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕ ਬਿਨਾਂ ਹਥਿਆਰਾਂ ਤੋਂ ਹੀ ਕਈ ਸਾਲਾਂ ਤੋਂ ਲਗਾਤਾਰ ਲੜਾਈ ਲੜ ਰਹੇ ਹਨ। ਇਨ੍ਹਾਂ ਦੀ ਬਹਾਦਰੀ ਅਤੇ ਹੌਸਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸੰਕਟ ਵਿਚ ਘਿਰੇ ਪਰਿਵਾਰਾਂ ਦੀ ਮਦਦ ਲਈ ਵਧ-ਚੜ੍ਹ ਕੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਅਜਿਹੀ ਸਥਿਤੀ 'ਚ ਸਮਾਜ ਦੇ ਸਭ ਵਰਗਾਂ ਨੂੰ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ 'ਤੇ ਕਪੂਰਥਲਾ ਦੇ ਨੀਟੂ ਖੁੱਲਰ, ਵਿਜੇ ਪੰਡਤ, ਪ੍ਰਵੀਨ ਮਕੋਲ, ਜਲੰਧਰ ਦੇ ਸ. ਇਕਬਾਲ ਸਿੰਘ ਅਰਨੇਜਾ, ਸਾਂਬਾ ਕਲੱਬ ਦੇ ਕੈਪਟਨ ਇੰਦਰ ਸਿੰਘ, ਸੁਰਿੰਦਰ ਅੰਬਾ, ਸੀਤਾ ਰਾਮ ਸਪੋਲੀਆ, ਪ੍ਰਿੰਸ ਆਨੰਦ, ਅਮਰਜੀਤ ਸਿੰਘ, ਅਸ਼ੋਕ ਕੁਮਾਰ, ਉਦੈ ਸਾਂਬਿਆਲ ਅਤੇ ਪਵਨ ਵਰਮਾ ਨੇ ਲੋੜਵੰਦਾਂ ਨੂੰ ਆਪਣੇ ਹੱਥੀਂ ਸਮੱਗਰੀ ਦੀ ਵੰਡ ਕੀਤੀ।
ਅੱਤਵਾਦੀ ਭਾਰਤ ਛੱਡਣ, ਜ਼ਿੰਦਗੀ ਹੁਣ ਖੁਸ਼ ਹੋਣ ਦੀ ਚਾਹਵਾਨ : ਗਣੇਸ਼ੀ ਲਾਲ
NEXT STORY