ਚੰਡੀਗੜ੍ਹ (ਸੁਸ਼ੀਲ) : ਖ਼ਤਰਨਾਕ ਮੁਲਜ਼ਮ ਅਤੇ ਡੀ. ਐੱਸ. ਪੀ. ਜਗਬੀਰ ’ਤੇ ਫਾਇਰਿੰਗ ਕਰਨ ਦੇ ਮਾਮਲੇ ਵਿਚ 5 ਸਾਲ ਦੀ ਸਜ਼ਾ ਕੱਟ ਰਹੇ ਗੁਰਦਾਸਪੁਰ ਨਿਵਾਸੀ ਰਾਜਨ ਭੱਟੀ ਤੋਂ ਬੁੜੈਲ ਜੇਲ ਦੀ ਬੈਰਕ ਨੰ. 20 ਵਿਚ ਮੋਬਾਇਲ ਫੋਨ ਬਰਾਮਦ ਹੋਇਆ ਹੈ। ਰਾਜਨ ਭੱਟੀ ਨੇ ਮੋਬਾਇਲ ਫੋਨ, ਈਅਰਫੋਨ ਅਤੇ ਸਿਮ ਨਿੱਕਰ ਵਿਚ ਲੁਕਾਇਆ ਹੋਇਆ ਸੀ। ਸਜ਼ਾ ਕੱਟ ਰਹੇ ਰਾਜਨ ਭੱਟੀ ਕੋਲੋਂ ਓਪੋ ਦਾ ਮੋਬਾਇਲ ਫੋਨ ਅਤੇ ਏਅਰਟੈੱਲ ਦਾ ਸਿਮ ਮਿਲਿਆ ਹੈ। ਬੁੜੈਲ ਜੇਲ ਸੁਪਰਡੈਂਟ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਸੈਕਟਰ-49 ਥਾਣਾ ਪੁਲਸ ਨੇ ਗੁਰਦਾਸਪੁਰ ਨਿਵਾਸੀ ਰਾਜਨ ਭੱਟੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਇਸ ਤੋਂ ਪਹਿਲਾਂ 2018 ਵਿਚ ਵੀ ਰਾਜਨ ਭੱਟੀ ਤੋਂ ਤਿੰਨ ਮੋਬਾਇਲ ਫੋਨ ਬਰਾਮਦ ਹੋਏ ਸਨ। ਉਸ ਦਾ ਪਿਤਾ ਪੰਜਾਬ ਪੁਲਸ ਵਿਚ ਹੈੱਡ ਕਾਂਸਟੇਬਲ ਹੈ।
ਇਹ ਵੀ ਪੜ੍ਹੋ : ਕੁਝ ਸਾਲਾਂ ’ਚ ਸਾਰਾ ਪਰਿਵਾਰ ਖ਼ਤਮ, ਪਹਿਲਾਂ ਪਿਤਾ, ਫਿਰ ਵੱਡਾ ਭਰਾ, ਹੁਣ ਛੋਟੇ ਭਰਾ ਨੇ ਵੀ ਕੀਤੀ ਖ਼ੁਦਕੁਸ਼ੀ
ਜੇਲ ਸੁਪਰਡੈਂਟ ਨੇ ਸ਼ੱਕ ਦਾ ਆਧਾਰ ’ਤੇ ਕੀਤੀ ਕਾਰਵਾਈ
ਜੇਲ ਸੁਪਰਡੈਂਟ ਅਮਨਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਜੇਲ ਦੇ ਕੰਟਰੋਲ ਰੂਮ ਵਿਚ ਤਾਇਨਾਤ ਵਾਰਡਨ ਸੁਰਮੁੱਖ ਨੂੰ 22 ਅਪ੍ਰੈਲ ਨੂੰ ਸਵੇਰੇ 10 ਵਜੇ ਬੈਰਕ ਨੰ. 15 ਵਿਚ ਸਜ਼ਾ ਕੱਟ ਰਿਹਾ ਕੈਦੀ ਰਾਜਨ ਭੱਟੀ ਸ਼ੱਕੀ ਹਰਕਤਾਂ ਕਰਦਾ ਦਿਸਿਆ। ਉਹ ਕੁਝ ਲੁਕਾ ਰਿਹਾ ਸੀ। ਸੁਰਮੁੱਖ ਨੇ ਸੂਚਨਾ ਉਨ੍ਹਾਂ ਨੂੰ ਦਿੱਤੀ। ਉਹ ਵੈੱਲਫੇਅਰ ਅਫਸਰ ਦੀਪ ਕੁਮਾਰ ਨਾਲ ਰਾਜਨ ਭੱਟੀ ਦੀ ਬੈਰਕ ਵਿਚ ਗਏ। ਉਨ੍ਹਾਂ ਨੇ ਭੱਟੀ ਦੇ ਕੱਪੜੇ ਚੈੱਕ ਕੀਤੇ ਤਾਂ ਲੋਅਰ ਅਤੇ ਨਿੱਕਰ ਵਿਚੋਂ ਮੋਬਾਇਲ ਫੋਨ, ਈਅਰਫੋਨ ਅਤੇ ਸਿਮ ਕਾਰਡ ਬਰਾਮਦ ਹੋਇਆ। ਵੈੱਲਫੇਅਰ ਅਫਸਰ ਨੇ ਤਿੰਨੇ ਚੀਜ਼ਾਂ ਜ਼ਬਤ ਕਰ ਕੇ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-49 ਥਾਣਾ ਪੁਲਸ ਨੇ ਜੇਲ ਪਹੁੰਚ ਕੇ ਕੈਦੀ ਤੋਂ ਮੋਬਾਇਲ ਸਬੰਧੀ ਪਤਾ ਕੀਤਾ ਪਰ ਉਸ ਨੇ ਕੁਝ ਨਾ ਦੱਸਿਆ। ਹੁਣ ਪੁਲਸ ਜਾਂਚ ਕਰ ਰਹੀ ਹੈ ਕਿ ਇਸ ਮੋਬਾਇਲ ਤੋਂ ਕੈਦੀ ਨੇ ਕਿਸ ਨੂੰ ਕਾਲ ਕੀਤੀ ਅਤੇ ਉਹ ਕਿਹੜੇ ਲੋਕਾਂ ਦੇ ਸੰਪਰਕ ਵਿਚ ਸੀ।
ਇਹ ਵੀ ਪੜ੍ਹੋ : ਚਾਵਾਂ ਨਾਲ ਤੋਰੀ ਧੀ ਨੇ ਵਿਆਹ ਤੋਂ ਦੋ ਮਹੀਨੇ ਬਾਅਦ ਕੀਤੀ ਖ਼ੁਦਕੁਸ਼ੀ, ਧੀ ਦੀ ਲਾਸ਼ ਦੇਖ ਹਾਲੋ-ਬੇਹਾਲ ਹੋਈ ਮਾਂ
ਜੈਮਰ ਲੱਗੇ ਹਨ, ਫਿਰ ਵੀ ਵਟਸਐਪ ਕਾਲ ਕਰਦਾ ਸੀ
ਸੂਤਰਾਂ ਮੁਤਾਬਕ ਕੈਦੀ ਕਾਲ ਕਰਨ ਲਈ ਵਟਸਐਪ ਦਾ ਇਸਤੇਮਾਲ ਕਰਦਾ ਸੀ। ਜੇਲ ਵਿਚ ਮੋਬਾਇਲ ਦਾ ਇਸਤੇਮਾਲ ਨਾ ਹੋਵੇ, ਇਸ ਲਈ ਪ੍ਰਸ਼ਾਸਨ ਨੇ ਜੈਮਰ ਲਾਏ ਹੋਏ ਹਨ। ਇਸ ਲਈ ਇਹ ਜਾਂਚ ਦਾ ਵਿਸ਼ਾ ਹੈ ਕਿ ਕੈਦੀ ਜੇਲ ਵਿਚ ਕਿਵੇਂ ਮੋਬਾਇਲ ਇਸਤੇਮਾਲ ਕਰ ਰਿਹਾ ਸੀ। ਇਸ ਵਿਚ ਜੇਲ ਸਟਾਫ ’ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਜੇਲ ਵਿਚ ਆਮ ਲੋਕਾਂ ਦੀ ਐਂਟਰੀ ਨਹੀਂ ਹੈ। ਉੱਥੇ ਹੀ ਜੇਕਰ ਪੇਸ਼ੀ ਲਈ ਕੈਦੀਆਂ ਨੂੰ ਬਾਹਰ ਵੀ ਲੈ ਕੇ ਜਾਣਾ ਹੁੰਦਾ ਹੈ ਤਾਂ ਵਾਪਸੀ ਸਮੇਂ ਉਨ੍ਹਾਂ ਦੀ ਕਈ ਜਗ੍ਹਾ ਚੈਕਿੰਗ ਹੁੰਦੀ ਹੈ। ਇਸ ਕਾਰਣ ਮੋਬਾਇਲ ਅੰਦਰ ਲਿਜਾਣਾ ਅਸੰਭਵ ਹੈ। ਇਸ ਲਈ ਇੱਥੋਂ ਸਾਫ਼ ਹੈ ਕਿ ਉਸ ਨੂੰ ਕਿਸੇ ਜੇਲ ਸਟਾਫ ਮੈਂਬਰ ਨੇ ਹੀ ਮੋਬਾਇਲ ਉਪਲੱਬਧ ਕਰਵਾਇਆ ਹੈ।
ਇਹ ਵੀ ਪੜ੍ਹੋ : ਦੁਬਈ ਪਹੁੰਚਣ ਦੇ ਪੰਜ ਦਿਨ ਬਾਅਦ 22 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਦੇਖ ਹਾਲੋ-ਬੇਹਾਲ ਹੋਇਆ ਪਰਿਵਾਰ
ਜੁਲਾਈ 2018 ’ਚ ਭੱਟੀ ਦੀ ਬੈਰਕ ’ਚੋਂ ਮਿਲੇ ਸਨ 3 ਸਿਮ, ਜਾਂਚ ਸੌਂਪੀ ਸੀ ਕ੍ਰਾਈਮ ਬ੍ਰਾਂਚ ਨੂੰ
ਬੁੜੈਲ ਜੇਲ ਵਿਚ ਸਜ਼ਾ ਕੱਟ ਰਹੇ ਕੈਦੀ ਰਾਜਨ ਭੱਟੀ ਕੋਲੋਂ ਜੁਲਾਈ 2018 ਵਿਚ ਉਸ ਦੀ ਬੈਰਕ ਵਿਚੋਂ 3 ਮੋਬਾਇਲ ਫੋਨ ਅਤੇ ਸਿਮ ਮਿਲੇ ਸਨ। ਉਸ ਸਮੇਂ ਵੀ ਜੇਲ ਸੁਪਰਡੈਂਟ ਅਮਨਦੀਪ ਦੀ ਸ਼ਿਕਾਇਤ ’ਤੇ ਰਾਜਨ ਭੱਟੀ ’ਤੇ ਸੈਕਟਰ-49 ਥਾਣੇ ਵਿਚ ਐੱਫ. ਆਈ. ਆਰ. ਹੋਈ ਸੀ। ਦੋਸ਼ ਹੈ ਕਿ ਉਹ ਵਟਸਐਪ ਜ਼ਰੀਏ ਆਪਣੇ ਸਾਥੀਆਂ ਨਾਲ ਗੱਲਬਾਤ ਕਰਦਾ ਸੀ। ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਗਈ ਸੀ ਪਰ ਜੇਲ ਅੰਦਰ ਮੋਬਾਇਲ ਫੋਨ ਕਿਵੇਂ ਪਹੁੰਚੇ, ਕ੍ਰਾਈਮ ਬ੍ਰਾਂਚ ਵੀ ਇਹ ਜਾਣਕਾਰੀ ਹਾਸਿਲ ਨਹੀਂ ਕਰ ਸਕੀ ਸੀ।
ਇਹ ਵੀ ਪੜ੍ਹੋ : ਪਮਾਲ ਦੇ ਅੰਮ੍ਰਿਤਧਾਰੀ ਸਿੱਖ ਦੀ ਸ਼ੱਕੀ ਹਾਲਤ ’ਚ ਮੌਤ, ਫੁੱਲ ਚੁਗਣ ਉਪਰੰਤ ਪਤਨੀ ਫਰਾਰ
ਸ਼ੱਕ ਦੇ ਘੇਰੇ ’ਚ ਜੇਲ ਸਟਾਫ
ਬੁੜੈਲ ਜੇਲ ਵਿਚ ਕੋਰੋਨਾ ਕਾਰਣ ਆਮ ਲੋਕਾਂ ਦੀ ਐਂਟਰੀ ਬੰਦ ਹੈ। ਕੈਦੀ ਜੇਕਰ ਪੇਸ਼ੀ ’ਤੇ ਬਾਹਰ ਵੀ ਜਾਂਦੇ ਹਨ ਤਾਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਈ ਸਟੇਜਾਂ ’ਤੇ ਚੈਕਿੰਗ ਵਿਚੋਂ ਗੁਜ਼ਰਨਾ ਪੈਂਦਾ ਹੈ। ਕਈ ਵਾਰ ਚੈਕਿੰਗ ਦੌਰਾਨ ਕੈਦੀਆਂ ਨੂੰ ਕੱਪੜੇ ਤਕ ਉਤਾਰਣੇ ਪੈਂਦੇ ਹਨ। ਇਸ ਲਈ ਮੋਬਾਇਲ ਅੰਦਰ ਲੈ ਕੇ ਜਾਣਾ ਅਸੰਭਵ ਹੈ। ਇਸ ਤੋਂ ਸਾਫ਼ ਹੈ ਕਿ ਭੱਟੀ ਨੂੰ ਤਿੰਨੇ ਮੋਬਾਇਲ ਫੋਨ ਕਿਸੇ ਜੇਲ ਸਟਾਫ ਮੈਂਬਰ ਨੇ ਹੀ ਉਪਲੱਬਧ ਕਰਵਾਏ। ਪੁਲਸ ਵੀ ਇਸ ਐਂਗਲ ’ਤੇ ਜਾਂਚ ਕਰ ਰਹੀ ਹੈ। ਇਸ ਸਬੰਧੀ ਪੁਲਸ ਨੇ ਭੱਟੀ ਦੀ ਬੈਰਕ ਦੇ ਬਾਹਰ ਤਾਇਨਾਤ ਹੋਣ ਵਾਲੇ ਜੇਲ ਸਟਾਫ ਨਾਲ ਵੀ ਸਵਾਲ-ਜਵਾਬ ਕੀਤੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ’ਚ ਕੋਰੋਨਾ ਨੇ ਮਾਤਮ ’ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ, ਪੰਜ ਦਿਨਾਂ ’ਚ ਮਾਂ-ਪੁੱਤ ਦੀ ਮੌਤ
ਕ੍ਰਾਈਮ ਬ੍ਰਾਂਚ ਨੇ ਫੜਿਆ ਸੀ ਰਾਜਨ ਭੱਟੀ ਨੂੰ
16 ਮਈ 2015 ਨੂੰ ਕ੍ਰਾਈਮ ਬ੍ਰਾਂਚ ਵਿਚ ਤਾਇਨਾਤ ਇੰਸ. ਗੁਰਮੁੱਖ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਨੇ ਰਾਜਨ ਭੱਟੀ ’ਤੇ ਟਰੈਪ ਲਾਇਆ ਹੋਇਆ ਸੀ। ਭੱਟੀ ਚੰਡੀਗੜ੍ਹ ਸੈਕਟਰ-31 ਥਾਣੇ ਵਿਚ ਦਰਜ ਕੇਸ ਤੋਂ ਇਲਾਵਾ ਕਈ ਮਾਮਲਿਆਂ ਵਿਚ ਫਰਾਰ ਚੱਲ ਰਿਹਾ ਸੀ। ਵਾਰਦਾਤ ਵਾਲੇ ਦਿਨ ਐੱਸ. ਆਈ. ਅਸ਼ੋਕ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਭੱਟੀ ਸੈਕਟਰ-9 ਦੇ ਇਕ ਸੈਲੂਨ ਵਿਚ ਹੈ। ਕ੍ਰਾਈਮ ਬ੍ਰਾਂਚ ਦੇ ਡੀ. ਐੱਸ. ਪੀ. ਜਗਬੀਰ ਸਿੰਘ ਅਤੇ ਐੱਸ. ਆਈ. ਅਸ਼ੋਕ ਕੁਮਾਰ ਪੁਲਸ ਟੀਮ ਨੂੰ ਨਾਲ ਲੈ ਕੇ ਉਸ ਨੂੰ ਗ੍ਰਿਫਤਾਰ ਕਰਨ ਗਏ ਸਨ। ਭੱਟੀ ਨੇ ਜਗਬੀਰ ਨੂੰ ਵੇਖਦਿਆਂ ਹੀ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਸਦਾ ਪਿੱਛਾ ਕੀਤਾ। ਇਸ ਦੌਰਾਨ ਭੱਟੀ ਨੇ ਪੁਲਸ ਟੀਮ ’ਤੇ ਫਾਇਰਿੰਗ ਕਰ ਦਿੱਤੀ ਸੀ। ਭੱਟੀ ਵੱਲੋਂ ਚਲਾਈ ਗਈ ਗੋਲੀ ਐੱਸ. ਆਈ. ਅਸ਼ੋਕ ਕੁਮਾਰ ਦੇ ਨੇੜਿਓਂ ਨਿਕਲ ਗਈ ਸੀ। ਬਾਅਦ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਰਾਜਨ ਭੱਟੀ ਜ਼ਿਲਾ ਅਦਾਲਤ ਤੋਂ ਕਾਂਸਟੇਬਲ ਹਰਬੰਸ ਨੂੰ ਚਕਮਾ ਦੇ ਕੇ ਆਪਣੇ ਸਾਥੀਆਂ ਨਾਲ ਫਰਾਰ ਹੋ ਗਿਆ ਸੀ। ਸੈਕਟਰ-36 ਥਾਣਾ ਪੁਲਸ ਨੇ ਰਾਜਨ ਭੱਟੀ ਅਤੇ ਕਾਂਸਟੇਬਲ ਹਰਬੰਸ ’ਤੇ ਮਾਮਲਾ ਦਰਜ ਕੀਤਾ ਸੀ। ਬਾਅਦ ਵਿਚ ਰਾਜਨ ਭੱਟੀ ਨੂੰ 5 ਸਾਲ ਦੀ ਸਜ਼ਾ ਹੋਈ ਸੀ।
ਇਹ ਵੀ ਪੜ੍ਹੋ : ਫਰੀਦਕੋਟ ’ਚ ਫੈਲੀ ਦਹਿਸ਼ਤ, ਦਰੱਖਤ ਨਾਲ ਲਟਕਦੀ ਮਿਲੀ ਪੁਲਸ ਮੁਲਾਜ਼ਮ ਦੀ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਦੀ ਹੋਈ ਤਾਜਪੋਸ਼ੀ
NEXT STORY