ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— ਸ਼ਹਿਰ ਦੇ ਵਿਕਾਸ ਦੇ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋ ਦਿੱਤੇ ਭਾਸ਼ਣਾਂ ਵਿਚ ਹੋ ਰਹੇ ਵੱਡੇ-ਵੱਡੇ ਦਾਅਵੇ ਐਤਵਾਰ ਨੂੰ ਸਾਉਣ ਦੀ ਹੋਈ ਪਹਿਲੀ ਬਾਰਿਸ਼ ਦੇ ਪਾਣੀ ਵਿਚ ਰੁੜਦੇ ਨਜ਼ਰ ਆਏ। ਕਰੀਬ 4 ਘੰਟੇ ਰੁਕ–ਰੁਕ ਕੇ ਹੋਈ ਬਾਰਿਸ਼ ਨੇ ਸ਼ਹਿਰ ਦੇ ਹਰ ਖੇਤਰ ਵਿਚ ਆਪਣੀ ਮਾਰ ਮਾਰੀ। ਕੋਈ ਵੀ ਖੇਤਰ ਅਜਿਹਾ ਨਹੀਂ ਸੀ ਜਿੱਥੋਂ ਪੈਦਲ ਜਾਂ ਵਹੀਕਲ ਰਾਹੀ ਲੰਘਣਾ ਸੌਖਾਲਾ ਹੋਵੇ। ਐਤਵਾਰ ਦੀ ਇਸ ਬਾਰਿਸ਼ ਵਿਚ ਜਿੱਥੇ ਬੱਚੇ ਮਸਤੀ ਕਰਦੇ ਨਜ਼ਰ ਆਏ ਉਥੇ ਹੀ ਥੋੜ੍ਹੇ ਸਮੇਂ ਬਾਅਦ ਹੀ ਲੋਕਾਂ ਲਈ ਗਰਮੀ ਤੋਂ ਰਾਹਤ ਬਣ ਕੇ ਆਈ ਬਾਰਿਸ਼ ਆਫ਼ਤ ਬਣ ਗਈ। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਨਗਰ ਕੌਂਸਲ ਦਾ ਪ੍ਰਧਾਨ ਅਤੇ ਕੌਂਸਲਰ ਨਿੱਤ ਦਿਨ ਹੀ ਕਿਸੇ ਨਾ ਕਿਸੇ ਵਾਰਡ ਵਿਚ ਕਹੀ ਫੜ੍ਹ ਕੇ ਵਿਕਾਸ ਕਾਰਜਾਂ ਦੇ ਟੱਕਾਂ ਦੀ ਤਸਵੀਰ ਖਿਚਾਉਂਦੇ ਨਜ਼ਰ ਆਉਂਦੇ ਹਨ ਪਰ ਨਗਰ ਕੌਂਸਲ ਦੇ ਲੱਗੇ ਇਨ੍ਹਾਂ ਟੱਕਾਂ ਨੇ ਸ਼ਹਿਰ ਵਾਸੀਆਂ ਨੂੰ ਡੁਬੋ ਕੇ ਰੱਖ ਦਿੱਤਾ ਹੈ।
ਨਗਰ ਕੌਂਸਲ ਦਾ ਬੇਤਕਨੀਕਾ ਵਿਕਾਸ ਜਿੱਥੇ ਅਬੋਹਰ ਰੋਡ ਉੱਚਾ ਹੋਣ ਕਾਰਨ ਬੈਂਕ ਰੋਡ ਨੂੰ ਡੁਬੋ ਦਿੱਤਾ, ਉੱਥੇ ਹੀ ਮਾਨ ਚੌਂਕ ਉੱਚਾ ਕਰਨ ਨਾਲ ਨਾਰੰਗ ਕਾਲੋਨੀ ਨਗਰ ਕੌਂਸਲ ਦੀ ਮਿਹਰਬਾਨੀ ਨਾਲ ਡੁੱਬੀ ਨਜ਼ਰ ਆਈ, ਇਸੇ ਤਰ੍ਹਾਂ ਆਪਣੇ ਕੁਝ ਆਗੂਆਂ ਦੇ ਘਰਾਂ ਦੇ ਬਚਾਅ ਲਈ ਸਥਾਨਕ ਚੱਕ ਬੀੜ ਸਰਕਾਰ ਰੋਡ ਦਾ ਕੰਮ ਵਿਚੋਂ ਰੋਕਣ ਕਾਰਨ ਹੀ ਚੱਕ ਬੀੜ ਸਰਕਾਰ ਰੋਡ ਵੀ ਮੀਂਹ ਦੇ ਪਾਣੀ ਦੀ ਮਾਰ ਹੇਠ ਆ ਗਿਆ। ਸ੍ਰੀ ਦਰਬਾਰ ਸਾਹਿਬ ਦਾ ਗੇਟ ਨੰਬਰ 7 ਜਿੱਥੇ ਨੀਂਵਾਂ ਹੋਣ ਕਾਰਨ ਪਾਣੀ ਵਿਚ ਡੁੱਬਿਆ ਨਜ਼ਰ ਆਇਆ, ਉਥੇ ਹੀ ਗੇਟ ਨੰ 6 ਤੇ ਨਗਰ ਕੌਂਸਲ ਦੀ ਮਿਹਰਬਾਨੀ ਸਦਕਾ ਵੱਡਾ ਚਿੱਕੜ ਨਜ਼ਰ ਆਇਆ, ਨਗਰ ਕੌਂਸਲ ਵੱਲੋਂ ਪਾਈ ਮਿੱਟੀ ਨਾਲ ਪੂਰੇ ਗੇਟ ਤੇ ਚਿੱਕੜ ਫੈਲ ਗਿਆ ਅਤੇ ਆਸ ਪਾਸ ਲਗਦੀਆਂ ਗਲੀਆਂ ਵਿਚ ਵੀ ਪਾਣੀ ਭਰ ਗਿਆ। ਸ਼ਹਿਰ ਦੇ ਕਿਸੇ ਵੀ ਮੁੱਖ ਮਾਰਗ ਤੋਂ ਵਹੀਕਲਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਅਤੇ ਗਲੀਆਂ ਵਿਚ ਵੀ ਕਾਫ਼ੀ ਪਾਣੀ ਭਰਿਆ ਰਿਹਾ।
ਇਤਿਹਾਸਕ ਸ਼ਹਿਰ ਦਾ ਦਰਜਾ ਦੇਣ ਦੇ ਬਾਵਜੂਦ ਵੀ ਸ਼ਹਿਰ ਵਿਚ ਇਸ ਬਾਰਿਸ਼ ਕਾਰਨ ਸੀਵਰੇਜ ਦੇ ਗਲਤ ਪ੍ਰਬੰਧਾਂ ਅਤੇ ਬੇਕਤਕਨੀਕੇ ਵਿਕਾਸ ਦੀ ਤਸਵੀਰ ਮੂੰਹੋ ਬੋਲਦੀ ਵੇਖੀ ਗਈ। ਬਾਰਿਸ਼ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਜੇਕਰ ਅਜੇ ਪਾਣੀ ਵਾਲੀਆਂ ਬੱਸਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਚਲਾਉਣ ਲਈ ਬਜਟ ਨਹੀਂ ਤਾਂ ਇਕ ਵਾਰ ਸ਼ਹਿਰ ਵਾਸੀਆਂ ਨੂੰ ਇਸ ਮੌਸਮ ਲਈ ਕਿਸ਼ਤੀਆਂ ਲੈ ਦਿੱਤੀਆਂ ਜਾਣ ਤਾਂ ਜੋ ਉਹ ਆਪਣਾ ਬਚਾਅ ਕਰ ਸਕਣ।
ਜੀ. ਐਸ. ਟੀ. ਬਿੱਲ 'ਤੇ ਬੋਲੇ ਕੈਪਟਨ (ਵੀਡੀਓ)
NEXT STORY