ਚੰਡੀਗੜ੍ਹ, (ਰੋਹਿਲਾ)- ਸੀ. ਬੀ. ਐੱਸ. ਈ. ਨੇ ਸੋਮਵਾਰ ਨੂੰ ਨੈਸ਼ਨਲ ਇਲਿਜੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ) ਦਾ ਨਤੀਜਾ ਐਲਾਨ ਦਿੱਤਾ । ਚੰਡੀਗੜ੍ਹ 'ਚ ਪ੍ਰੀਖਿਆ ਲਈ 36 ਸੈਂਟਰ ਬਣਾਏ ਗਏ ਸਨ । ਇਸ ਵਾਰ ਪ੍ਰੀਖਿਆ 'ਚ ਚੰਡੀਗੜ੍ਹ ਤੋਂ 1344 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਸ 'ਚੋਂ 1309 ਅਪੀਅਰ ਹੋਏ ਸਨ । ਇਨ੍ਹਾਂ ਵਿਚੋਂ 940 ਵਿਦਿਆਰਥੀ ਪਾਸ ਹੋਏ । ਪ੍ਰੀਖਿਆ 'ਚ ਟਰਾਈਸਿਟੀ ਦੇ 7 ਹੋਣਹਾਰਾਂ ਨੇ ਟਾਪ 100 ਆਲ ਇੰਡੀਆ ਰੈਂਕ ਵਿਚ ਜਗ੍ਹਾ ਬਣਾਈ ਹੈ । ਇਸ ਵਿਚ ਪਹਿਲੇ ਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੈਕਟਰ-35 ਦੀ ਵਿਦਿਆਰਥਣ ਮਹਿਕ ਰਹੀ, ਜਿਸਦਾ ਆਲ ਇੰਡੀਆ ਰੈਂਕ 31 ਰਿਹਾ । ਦੂਜੇ ਸਥਾਨ 'ਤੇ ਚੰਡੀਗੜ੍ਹ ਦੀ ਮੇਘਾ ਸ਼ਰਮਾ ਰਹੀ, ਜਿਨ੍ਹਾਂ ਦਾ ਆਲ ਇੰਡੀਆ ਰੈਂਕ 44 ਰਿਹਾ । ਤੀਸਰੇ ਸਥਾਨ 'ਤੇ 47ਵੇਂ ਰੈਂਕ ਦੇ ਨਾਲ ਸ਼ਿਸ਼ੂ ਨਿਕੇਤਨ ਸਕੂਲ ਸੈਕਟਰ-22 ਦੀ ਵਿਦਿਆਰਥਣ ਪਾਰੁਲ ਰਹੀ । ਚੌਥੇ ਸਥਾਨ 'ਤੇ ਮਨੀਮਾਜਰਾ ਸਥਿਤ ਡੀ. ਸੀ. ਮੋਂਟੇਸਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਵਿਦਿਆਰਥੀ ਸਾਗਰ ਮਿਸ਼ਰਾ ਰਿਹਾ, ਜਿਨ੍ਹਾਂ ਦਾ ਆਲ ਇੰਡੀਆ ਰੈਂਕ 49 ਰਿਹਾ । ਪੰਜਵੇਂ ਸਥਾਨ 'ਤੇ ਸੈਕਟਰ-26 ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਦੇ ਵਿਦਿਆਰਥੀ ਵੈਭਵ ਗਰਗ ਰਹੇ, ਜਿਨ੍ਹਾਂ ਦਾ ਆਲ ਇੰਡੀਆ ਰੈਂਕ 69ਵਾਂ ਰਿਹਾ । ਛੇਵੇਂ ਸਥਾਨ 'ਤੇ ਪ੍ਰਭਜੋਤ ਸਿੰਘ ਰਹੇ, ਜਿਨ੍ਹਾਂ ਦਾ ਆਲ ਇੰਡੀਆ ਰੈਂਕ 83ਵਾਂ ਰਿਹਾ । ਉਥੇ ਹੀ ਟਰਾਈਸਿਟੀ 'ਚ 7ਵੇਂ ਸਥਾਨ 'ਤੇ ਪੰਚਕੂਲਾ ਦੇ ਭਵਨ ਵਿਦਿਆਲਿਆ ਦੀ ਈਸ਼ਵਾਕ ਰਹੀ, ਜਿਨ੍ਹਾਂ ਦਾ ਆਲ ਇੰਡੀਆ ਰੈਂਕ 90 ਰਿਹਾ ।
ਨਿਊਰੋਲਾਜਿਸਟ ਬਣਨਾ ਹੈ ਸੁਪਨਾ : ਮਹਿਕ
ਟਾਪਰ ਮਹਿਕ ਅਰੋੜਾ ਨੇ ਦੱਸਿਆ ਕਿ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ ਆਲ ਇੰਡੀਆ ਰੈਂਕ 100 ਵਿਚ ਆਉਣ ਦੀ । ਮਹਿਕ ਨੇ ਗੁਰੂ ਗੋਬਿੰਦ ਸਿੰਘ ਸਕੂਲ-35 ਤੋਂ 12ਵੀਂ ਕੀਤੀ ਹੈ । ਮਹਿਕ ਏਮਜ਼ 'ਚ ਦਾਖਲਾ ਲੈਣਾ ਚਾਹੁੰਦੀ ਹੈ ਤੇ ਨਿਊਰੋਲਾਜਿਸਟ ਬਣਨਾ ਉਸਦਾ ਸੁਪਨਾ ਹੈ। ਮਹਿਕ ਦੀ ਮਾਂ ਰੇਣੂ ਅਰੋੜਾ ਸੀ. ਏ. ਹਨ ਤੇ ਪਿਤਾ ਸਰਕਾਰੀ ਨੌਕਰੀ ਕਰਦੇ ਹਨ । ਮਹਿਕ ਨੇ ਦੱਸਿਆ ਕਿ ਉਸ ਨੇ ਹਮੇਸ਼ਾ ਟਾਈਮ ਟੇਬਲ ਦੇ ਹਿਸਾਬ ਨਾਲ ਰੀਵਿਜ਼ਨ ਕੀਤੀ । ਮਹਿਕ ਨੂੰ ਸਪੋਰਟਸ ਵਿਚ ਵੀ ਰੁਚੀ ਹੈ ਤੇ ਉਹ ਚੈੱਸ, ਕੈਰਮ, ਬਾਸਕਟਬਾਲ 'ਚ ਸਟੇਟ ਲੈਵਲ 'ਤੇ ਗੋਲਡ ਮੈਡਲ ਜਿੱਤ ਚੁੱਕੀ ਹੈ । ਮਹਿਕ ਨੇ ਆਪਣੀ ਸਫਲਤਾ ਦਾ ਸਿਹਰਾ ਸਿਖਿਅਕਾਂ ਅਤੇ ਮਾਤਾ-ਪਿਤਾ ਨੂੰ ਦਿੱਤਾ ।
ਡਾਕਟਰ ਬਣਨਾ ਚਾਹੁੰਦੀ ਹੈ ਪਾਰੁਲ
ਵਿਦਿਆਰਥਣ ਪਾਰੁਲ ਨੇ ਕਿਹਾ ਕਿ ਟਾਪ 100 ਵਿਚ ਆਉਣ ਦਾ ਉਸ ਨੇ ਸੋਚਿਆ ਹੀ ਨਹੀਂ ਸੀ । ਪਾਰੁਲ ਡਾਕਟਰ ਬਣਨਾ ਚਾਹੁੰਦੀ ਹੈ । ਪਾਰੁਲ ਮੁਤਾਬਕ ਉਹ ਹਮੇਸ਼ਾ ਪੜ੍ਹਾਈ 'ਚ ਇੰਜੁਆਏ ਕਰਦੀ ਹੈ ਅਤੇ ਪ੍ਰੀਖਿਆ ਦੇ ਸਮੇਂ 'ਚ ਵੀ ਤਣਾਅ ਨੂੰ ਖੁਦ 'ਤੇ ਹਾਵੀ ਨਹੀਂ ਹੋਣ ਦਿੰਦੀ । ਪਾਰੁਲ ਨੇ ਸ਼ਿਸ਼ੂ ਨਿਕੇਤਨ ਚੰਡੀਗੜ੍ਹ ਤੋਂ 12ਵੀਂ 93.6 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ । ਪਾਰੁਲ ਏਮਸ ਵਿਚ ਦਾਖਲਾ ਲੈਣਾ ਚਾਹੁੰਦੀ ਹੈ । ਪਾਰੁਲ ਨੂੰ ਡਾਂਸਿੰਗ ਅਤੇ ਗਾਇਕੀ ਦਾ ਸ਼ੌਕ ਹੈ । ਪਾਰੁਲ ਦੀ ਮਾਤਾ ਸੀਮਾ ਤੇ ਪਿਤਾ ਪ੍ਰਵੀਨ ਦੋਵੇਂ ਡਾਕਟਰ ਹਨ। ਵਿਦਿਆਰਥਣ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਦੇ ਸਿਰ ਬੰਨ੍ਹਿਆ ਹੈ।
ਯੋਗ ਰਾਹੀਂ ਪੜ੍ਹਾਈ ਵਿਚ ਧਿਆਨ ਕੀਤਾ ਕੇਂਦਰਿਤ
ਸਾਗਰ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਨੇ ਯੋਗ ਰਾਹੀਂ ਧਿਆਨ ਕੇਂਦਰਿਤ ਕਰਕੇ ਇਸ ਪ੍ਰੀਖਿਆ 'ਚ ਸਫਲਤਾ ਹਾਸਲ ਕੀਤੀ । ਸਾਗਰ ਦੇ ਪਿਤਾ ਅਕਾਊਂਟੈਂਟ ਹਨ । ਸਾਗਰ ਨੇ ਡੀ. ਸੀ. ਮੋਂਟੇਸਰੀ ਸਕੂਲ ਤੋਂ 96.4 ਫ਼ੀਸਦੀ ਅੰਕਾਂ ਨਾਲ 12ਵੀਂ ਕੀਤੀ ਸੀ । ਸਾਗਰ ਨੇ ਦੱਸਿਆ ਕਿ ਉਸ ਨੇ ਹਮੇਸ਼ਾ ਟਾਈਮ ਟੇਬਲ ਫਾਲੋ ਕੀਤਾ ਤੇ ਹਰ ਵਿਸ਼ੇ ਨੂੰ ਬਰਾਬਰ ਸਮਾਂ ਦਿੱਤਾ । ਇਸ ਦੇ ਨਾਲ ਹੀ ਰੋਜ਼ਾਨਾ ਯੋਗ ਲਈ ਦੋ ਘੰਟੇ ਦਾ ਸਮਾਂ ਦਿੱਤਾ, ਜਿਸ ਨਾਲ ਪੜ੍ਹਾਈ ਦੌਰਾਨ ਕੋਈ ਸਮੱਸਿਆ ਨਹੀਂ ਹੋਈ । ਸਾਗਰ ਨੇ ਆਪਣੀ ਸਫਲਤਾ ਦਾ ਕ੍ਰੈਡਿਟ ਆਪਣੇ ਅਧਿਆਪਕਾਂ ਨੂੰ ਦਿੱਤਾ ।
ਵੈਭਵ ਗਰਗ ਬਣਨਾ ਚਾਹੁੰਦੇ ਹਨ ਸਰਜਨ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ-26 ਦੇ ਵਿਦਿਆਰਥੀ ਵੈਭਵ ਦੇ ਪਿਤਾ ਸੰਜੀਵ ਗਰਗ ਪੰਚਕੂਲਾ ਵਿਚ ਹਰਿਆਣਾ ਪਾਵਰ ਜੈਨਰੇਸ਼ਨ ਕਾਰਪੋਰੇਸ਼ਨ ਲਿਮਟਿਡ 'ਚ ਬਤੌਰ ਇੰਜੀਨੀਅਰ ਕੰਮ ਕਰਦੇ ਹਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿਚ ਸਾਰੇ ਇੰਜੀਨੀਅਰਿੰਗ ਲਾਈਨ 'ਚ ਹਨ ਪਰ ਵੈਭਵ ਨੇ ਨੌਵੀਂ ਜਮਾਤ ਵਿਚ ਹੀ ਫੈਸਲਾ ਕਰ ਲਿਆ ਸੀ ਕਿ ਉਹ ਮੈਡੀਕਲ ਲਾਈਨ ਵਿਚ ਹੀ ਜਾਵੇਗਾ । ਉਹ ਦਿਨ ਵਿਚ 17 ਘੰਟੇ ਪੜ੍ਹਾਈ ਕਰਦਾ ਸੀ । ਉਸ ਦੀ ਮਾਂ ਸੁਰਜਪੁਰ ਸਥਿਤ ਡੀ. ਏ. ਵੀ. ਸਕੂਲ ਵਿਚ ਅਧਿਆਪਕਾ ਹੈ । ਭੈਣ ਵੀ ਯੂ. ਆਈ. ਈ. ਟੀ. ਤੋਂ ਇੰਜੀਨੀਅਰਿੰਗ ਕਰ ਰਹੀ ਹੈ । ਉਸ ਨੇ 12ਵੀਂ ਵਿਚ 96.6 ਫ਼ੀਸਦੀ ਅੰਕ ਹਾਸਲ ਕੀਤੇ ਸਨ ।
ਪ੍ਰਭਜੋਤ ਸਿੰਘ ਰਹੇ ਟਰਾਈਸਿਟੀ 'ਚ ਪੰਜਵੇਂ ਸਥਾਨ 'ਤੇ
ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਇਹ ਦੂਜੀ ਕੋਸ਼ਿਸ਼ ਸੀ । ਪਹਿਲੀ ਵਾਰ ਉਸਦੇ 491 ਅੰਕ ਆਏ ਸਨ ਪਰ ਉਸਨੇ ਫਿਰ ਤੋਂ ਪੜ੍ਹਾਈ ਕੀਤੀ ਅਤੇ ਚੰਗੀ ਤਿਆਰੀ ਕੀਤੀ, ਜਿਸ ਦੇ ਨਾਲ ਚੰਗਾ ਰੈਂਕ ਆਇਆ ।
ਪ੍ਰਭਜੋਤ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਅਗਸਤ ਵਿਚ ਤਿਆਰੀ ਸ਼ੁਰੂ ਕਰ ਦਿੱਤੀ ਸੀ ਤੇ ਲਗਾਤਾਰ ਪੜ੍ਹਾਈ ਕੀਤੀ । ਪ੍ਰਭਜੋਤ ਮੁਤਾਬਕ ਉਨ੍ਹਾਂ ਦੇ ਟੀਚਰਸ ਨੇ ਸਟੱਡੀ 'ਚ ਕਾਫ਼ੀ ਮਦਦ ਕੀਤੀ । ਪ੍ਰਭਜੋਤ ਨੇ ਦੱਸਿਆ ਕਿ ਹੁਣ ਉਹ ਐੱਮ. ਬੀ. ਬੀ. ਐੱਸ. 'ਚ ਜੀ. ਐੱਮ. ਸੀ. ਐੱਚ.-32 ਜਾਂ ਦਿੱਲੀ ਦੇ ਸਫਦਰਜੰਗ ਮੈਡੀਕਲ ਕਾਲਜ ਵਿਚ ਦਾਖਲਾ ਲੈਣਾ ਚਾਹੁੰਦਾ ਹੈ ।
ਡਾਕਟਰ ਬਣਨ ਦਾ ਹੈ ਸੁਪਨਾ : ਈਸ਼ਵਾਕ
ਪੰਚਕੂਲਾ, (ਅਸ਼ੀਸ਼)- ਪੰਚਕੂਲਾ ਦੀ ਸੈਕਟਰ-15 ਨਿਵਾਸੀ ਈਸ਼ਵਾਕ ਅਗਰਵਾਲ ਤਾਇਆ ਡਾ. ਗਜੇਂਦਰ ਮੋਹਨ ਤੇ ਕਜ਼ਨ ਸਿਸਟਰਜ਼ ਦੀ ਤਰ੍ਹਾਂ ਡਾਕਟਰ ਬਣਨਾ ਚਾਹੁੰਦੀ ਹੈ । ਸੈਕਟਰ-15 ਭਵਨ ਵਿਦਿਆਲਿਆ ਦੀ ਵਿਦਿਆਰਥਣ ਈਸ਼ਵਾਕ ਦੇ ਪਿਤਾ ਰਾਜੇਸ਼ ਅਗਰਵਾਲ ਅਤੇ ਮਾਂ ਅਲਕਾ ਅਗਰਵਾਲ ਕਾਰੋਬਾਰੀ ਹਨ । ਈਸ਼ਵਾਕ ਨੇ ਦੱਸਿਆ ਕਿ ਪ੍ਰੀਖਿਆ 'ਚ ਸਫਲਤਾ ਲਈ ਉਨ੍ਹਾਂ ਨੇ ਤਣਾਅ ਤੋਂ ਆਜ਼ਾਦ ਹੋ ਕੇ ਪੜ੍ਹਾਈ ਕੀਤੀ ਤੇ ਇਕ ਸਾਲ ਤਕ ਸੋਸ਼ਲ ਮੀਡੀਆ ਤੋਂ ਦੂਰ ਰਹੀ ।
ਸ਼ਿਲਾਂਗ ਹਿੰਸਾ : ਘੱਟਗਿਣਤੀਆਂ 'ਤੇ ਹੁੰਦੇ ਟੀਚਾਬੱਧ ਹਮਲਿਆਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਜਾਣ : ਜੀ. ਕੇ.
NEXT STORY