ਟੌਹੜਾ (ਪਟਿਆਲਾ) (ਜੋਸਨ) - ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਜੇ ਤੱਕ ਇਹ ਹੀ ਸਾਬਤ ਨਹੀਂ ਕਰ ਸਕੇ ਕਿ ਉਹ ਅੰਮ੍ਰਿਤਧਾਰੀ ਹਨ। ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਤੁਰੰਤ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇ ਕੇ ਤਲਬ ਕਰੇ ਤਾਂ ਜੋ ਸੱਚ ਸਾਰੀ ਦੁਨੀਆ ਸਾਹਮਣੇ ਆ ਸਕੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹ ਆਪ ਹੀ ਅਕਾਲੀ ਦਲ ਦੇ ਰੂਲ ਨਹੀਂ ਅਪਣਾ ਰਿਹਾ।
ਚਰਨਜੀਤ ਚੰਨੀ ਅੱਜ ਇਥੇ ਪਿੰਡ ਟੌਹੜਾ ਵਿਖੇ ਪੰਥ ਦੇ ਅਨਮੋਲ ਹੀਰੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਹੋਏ ਰਾਜ ਪੱਧਰੀ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਬਾਅਦ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਚਰਨਜੀਤ ਚੰਨੀ ਨੇ ਵਿਧਾਨ ਸਭਾ ਵਿਚ ਸੁਖਬੀਰ ਸਿੰਘ ਬਾਦਲ ਨੂੰ ਇਹ ਸਵਾਲ ਕੀਤਾ ਸੀ ਕਿ ਜੇਕਰ ਉਹ ਅੰਮ੍ਰਿਤਧਾਰੀ ਹਨ ਤਾਂ ਆਪਣੀ ਕ੍ਰਿਪਾਨ ਦਿਖਾਉਣ। ਇਸ ਮੁੱਦੇ 'ਤੇ ਸਰਦਾਰ ਬਾਦਲ ਚੁੱਪ ਧਾਰ ਗਏ ਸਨ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਤੇ ਅਕਾਲੀ ਦਲ ਦੀ ਰਵਾਇਤ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਹੁਣ ਤੱਕ ਅਕਾਲੀ ਦਲ ਦੇ ਜਿੰਨੇ ਵੀ ਪ੍ਰਧਾਨ ਰਹੇ, ਉਹ ਅੰਮ੍ਰਿਤਧਾਰੀ ਸਨ। ਉਨ੍ਹਾਂ ਕਿਹਾ ਕਿ ਮਾਸਟਰ ਤਾਰਾ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਜਗਦੇਵ ਸਿੰਘ ਤਲਵੰਡੀ ਤਾਂ ਵੱਡੀਆਂ ਕ੍ਰਿਪਾਨਾਂ ਵੀ ਆਪਣੇ ਹੱਥਾਂ ਵਿਚ ਰਖਦੇ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਹਮੇਸ਼ਾ ਕ੍ਰਿਪਾਨ ਧਾਰਨ ਕਰਕੇ ਰਖਦੇ ਸਨ ਪਰ ਮੌਜੂਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮਾਡਰਨ ਬਣ ਗਏ ਹਨ, ਉਨ੍ਹਾਂ ਅੰਮ੍ਰਿਤ ਭੰਗ ਕਰ ਦਿੱਤਾ ਹੈ। ਇਸ ਲਈ ਹੁਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ ਹੈ। ਚਰਨਜੀਤ ਚੰਨੀ ਨੇ ਸਵਾਲ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਸਿਰਫ ਦਾੜ੍ਹੀ ਰੰਗਣ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਨੇ ਤਨਖਾਹੀਆਂ ਕਰਾਰ ਦੇ ਦਿੱਤਾ ਸੀ। ਅੱਜ ਸੁਖਬੀਰ ਬਾਦਲ ਵੀ ਤਨਖਾਹੀਆ ਹੈ, ਜਿਸ ਨੇ ਸਾਰੀ ਦੁਨੀਆ ਦੇ ਸਿੱਖਾਂ ਨਾਲ ਧਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਗੁਰੂ ਨੂੰ ਵੀ ਧੋਖਾ ਦਿੱਤਾ ਹੈ।
ਚਰਨਜੀਤ ਸਿੰਘ ਚੰਨੀ ਨੇ ਇਸ ਮੌਕੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਆਖਿਆ ਕਿ ਜਥੇਦਾਰ ਟੌਹੜਾ ਦੀ ਮੌਤ ਦੀ ਜਾਂਚ ਲਈ ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਤੇ ਜਾਂਚ ਕਮੇਟੀ ਬਣਾਉਣ ਦੀ ਮੰਗ ਕਰਨਗੇ ਤਾਂ ਜੋ ਬਾਦਲਾਂ ਦਾ ਅਸਲ ਰੋਲ ਜਨਤਾ ਸਾਹਮਣੇ ਆ ਸਕੇ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸਾਬਕਾ ਚੇਅਰਮੈਨ ਹਰਿਦੰਰਪਾਲ ਸਿੰਘ ਟੌਹੜਾ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਹਰਦੀਪ ਸਿੰਘ ਖਹਿਰਾ ਕੌਂਸਲਰ, ਗੁਰਮੀਤ ਸਿੰਘ ਫੱਗਣ ਮਾਜਰਾ ਸਰਪੰਚ, ਜਥੇਦਾਰ ਹਰਬੰਸ ਸਿੰਘ ਲੰਗ, ਜਸਬੀਰ ਸਿੰਘ ਫੱਗਣ ਮਾਜਰਾ ਬਲਾਕ ਸੰਮਤੀ ਮੈਂਬਰ, ਕੰਵਰਬੀਰ ਸਿੰਘ ਟੌਹੜਾ, ਐਡਵੋਕੇਟ ਹਵਿੰਦਰ ਤੇ ਹੋਰ ਵੀ ਸੀਨੀਅਰ ਨੇਤਾ ਹਾਜ਼ਰ ਸਨ।
ਨਿਯੁਕਤੀਆਂ ਤੇ ਤਰੱਕੀਆਂ ਦੇ ਮਾਮਲੇ ਦੀ ਪੜਤਾਲ ਹਾਈ ਕੋਰਟ ਦੇ ਸਿੱਖ ਜੱਜ ਸਾਹਿਬਾਨ ਤੋਂ ਕਰਵਾਈ ਜਾਵੇ
NEXT STORY