ਮੋਗਾ (ਆਜ਼ਾਦ) : ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਡੇਮਰੂ ਖੁਰਦ ਨਿਵਾਸੀ ਕੁਲਵੀਰ ਸਿੰਘ ਸੰਘਾ ਨੇ ਆਪਣੀ ਪਤਨੀ ’ਤੇ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਜਾਣ ਦਾ ਦੋਸ਼ ਲਗਾਇਆ ਹੈ। ਬਾਘਾ ਪੁਰਾਣਾ ਪੁਲਸ ਨੇ ਕੁਲਵੀਰ ਸਿੰਘ ਸੰਘਾ ਦੀ ਸ਼ਿਕਾਇਤ ’ਤੇ ਉਸਦੀ ਪਤਨੀ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕੁਲਵੀਰ ਸਿੰਘ ਸੰਘਾ ਨੇ ਕਿਹਾ ਕਿ ਉਸਦਾ ਵਿਆਹ 12 ਅਕਤੂਬਰ 2018 ਨੂੰ ਕਿਰਨਵੀਰ ਕੌਰ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਹੋਇਆ ਸੀ।
ਉਨ੍ਹਾਂ ਵਿਆਹ ਸਮੇਂ ਪੰਜ ਤੋਲੇ ਸੋਨੇ ਦੇ ਗਹਿਣੇ ਪਾਏ ਸਨ। ਉਸ ਨੇ ਕਿਹਾ ਕਿ ਬਾਅਦ ਵਿਚ ਮੈਂ ਆਪਣੀ ਪਤਨੀ ਨੂੰ ਆਈਲੈਟਸ ਕਰਵਾ ਕੇ 9 ਸਤੰਬਰ 2019 ਨੂੰ ਕੈਨੇਡਾ ਭੇਜ ਦਿੱਤਾ ਸੀ। ਕੈਨੇਡਾ ਭੇਜਣ ਅਤੇ ਕਾਲਜ ਦੀਆਂ ਫੀਸਾਂ ’ਤੇ ਮੇਰਾ ਕਰੀਬ 23 ਲੱਖ ਰੁਪਏ ਖਰਚਾ ਆਇਆ, ਪਰ ਮੇਰੀ ਪਤਨੀ ਨੇ ਕੈਨੇਡਾ ਜਾਣ ਦੇ ਬਾਅਦ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ, ਜਿਸ ’ਤੇ ਅਸੀਂ ਮੋਹਤਬਰ ਵਿਅਕਤੀਆਂ ਅਤੇ ਮੇਰੇ ਸਹੁਰੇ ਪਰਿਵਾਰ ਵੱਲੋਂ ਸਮਝਾਉਣ ’ਤੇ ਮੇਰੀ ਪਤਨੀ ਇੰਡੀਆ ਵਾਪਸ ਆ ਗਈ, ਜਿਸ ਦੀ ਟਿਕਟ ਦਾ ਖਰਚਾ 1 ਲੱਖ 30 ਹਜ਼ਾਰ ਰੁਪਏ ਵੀ ਮੈਂ ਦਿੱਤਾ।
ਇੰਡੀਆ ਵਾਪਸ ਆ ਕੇ ਮੇਰੀ ਪਤਨੀ ਨੇ ਮੇਰੇ ਨਾਲ ਚੰਗਾ ਵਰਤਾਉ ਨਹੀਂ ਕੀਤਾ। ਉਸ ਨੇ ਕਿਹਾ ਕਿ 13 ਫਰਵਰੀ 2024 ਨੂੰ ਉਸਦੀ ਪਤਨੀ ਨੇ ਕਿਹਾ ਕਿ ਮੈਂ ਆਪਣੇ 3 ਤੋਲੇ ਸੋਨੇ ਦੇ ਗਹਿਣੇ ਠੀਕ ਕਰਵਾਉਣੇ ਹਨ ਅਤੇ ਇਕ ਤੋਲਾ ਸੋਨਾ ਹੋਰ ਲੈਣਾ ਹੈ, ਜਿਸ ’ਤੇ ਮੈਂ ਉਸ ਨੂੰ ਕਾਰ ਵਿਚ ਲੈ ਗਿਆ ਅਤੇ ਸੋਨੇ ਦੇ ਗਹਿਣੇ ਅਤੇ 65 ਹਜ਼ਾਰ ਰੁਪਏ ਨਕਦ ਕਾਰ ਦੇ ਡੈਸ਼ ਬੋਰਡ ਵਿਚ ਰੱਖ ਦਿੱਤੇ। ਰਸਤੇ ਵਿਚ ਮੇਰੀ ਪਤਨੀ ਨੇ ਜੂਸ ਪੀਣ ਲਈ ਕਿਹਾ ਤਾਂ ਮੈਂ ਜੂਸ ਲੈਣ ਲਈ ਉਸ ਨੂੰ ਗੱਡੀ ਵਿਚ ਬਿਠਾ ਕੇ ਚਲਾ ਗਿਆ, ਮੇਰੇ ਜਾਣ ਉਪਰੰਤ ਮੇਰੀ ਪਤਨੀ 3 ਤੋਲੇ ਸੋਨੇ ਦੇ ਗਹਿਣੇ ਅਤੇ 65 ਹਜ਼ਾਰ ਰੁਪਏ ਨਕਦ ਲੈ ਕੇ ਕਿਤੇ ਚਲੀ ਗਈ, ਜਦੋਂ ਮੈਂ ਮੋਬਾਇਲ ਫੋਨ ’ਤੇ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਉਹ ਵੀ ਬੰਦ ਆ ਰਿਹਾ ਸੀ।ਮੈਂ ਆਪਣੇ ਸਹੁਰੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੌਕੇ ’ਤੇ ਬੁਲਾਇਆ ਅਤੇ ਆਪਣੀ ਪਤਨੀ ਦੀ ਭਾਲ ਕੀਤੀ, ਪਰ ਉਹ ਨਾ ਮਿਲੀ। ਉਸ ਨੇ ਕਿਹਾ ਕਿ ਮੈਂਨੂੰ ਯਕੀਨ ਹੈ ਕਿ ਮੇਰੀ ਪਤਨੀ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਕੇ ਲੈ ਗਈ ਹੈ। ਬਾਘਾ ਪੁਰਾਣਾ ਪੁਲਸ ਨੇ ਕਿਰਨਵੀਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ਼ ਨੂੰ ਖੰਗਾਲ ਰਹੇ ਹਨ, ਪਰ ਕੋਈ ਸੁਰਾਗ ਨਹੀਂ ਮਿਲ ਸਕਿਆ।
PSPCL ਦਾ ਐੱਸ. ਡੀ. ਓ. ਗ੍ਰਿਫ਼ਤਾਰ, ਫਸਿਆ ਵਿਜੀਲੈਂਸ ਦੀ ਜਾਂਚ ’ਚ
NEXT STORY