ਬਰਨਾਲਾ (ਪੁਨੀਤ): ਬਰਨਾਲਾ ਦੇ ਇਕ ਪਰਿਵਾਰ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ 30 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬਰਨਾਲਾ ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਲੜਕੀ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਕ, ਬਰਨਾਲਾ ਦੇ ਰਹਿਣ ਵਾਲੇ ਸੰਦੀਪ ਕੁਮਾਰ ਦੇ ਪਰਿਵਾਰ ਨੇ ਆਪਣੇ ਪੁੱਤਰ ਦਾ ਵਿਆਹ ਦਸੰਬਰ 2023 ਵਿਚ ਇਕ IELTS ਪਾਸ ਲੜਕੀ ਨਾਲ ਕੀਤਾ ਸੀ। ਲੜਕੀ ਦੇ ਪਰਿਵਾਰ ਨੇ ਭਰੋਸਾ ਦਿੱਤਾ ਸੀ ਕਿ ਵਿਆਹ ਤੋਂ ਬਾਅਦ ਉਹ ਕੈਨੇਡਾ ਜਾ ਕੇ ਪੜ੍ਹਾਈ ਕਰੇਗੀ ਅਤੇ ਫਿਰ ਸੰਦੀਪ ਨੂੰ ਵੀ ਉੱਥੇ ਬੁਲਾ ਕੇ PR ਕਰਵਾ ਲਵੇਗੀ। ਸੰਦੀਪ ਦੇ ਮਾਪਿਆਂ ਨੇ ਆਪਣੀ ਜਮ੍ਹਾਂ ਪੂੰਜੀ, ਗਹਿਣੇ ਗਿਰਵੀ ਰੱਖ ਕੇ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਲੜਕੀ ਨੂੰ ਕੈਨੇਡਾ ਭੇਜਣ ਲਈ ਲਗਭਗ 30 ਲੱਖ ਰੁਪਏ ਖਰਚ ਕੀਤੇ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਕੈਨੇਡਾ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਲੜਕੀ ਦੇ ਤੇਵਰ ਬਦਲ ਗਏ। ਉਸ ਨੇ ਸੰਦੀਪ ਅਤੇ ਉਸ ਦੇ ਪਰਿਵਾਰ ਦੇ ਨੰਬਰ ਬਲਾਕ ਕਰ ਦਿੱਤੇ ਅਤੇ ਰਿਸ਼ਤਾ ਰੱਖਣ ਤੋਂ ਇਨਕਾਰ ਕਰ ਦਿੱਤਾ। ਇਸ ਧੋਖੇ ਕਾਰਨ ਸੰਦੀਪ ਦਾ ਪਰਿਵਾਰ ਗਹਿਰੇ ਸਦਮੇ ਅਤੇ ਭਾਰੀ ਕਰਜ਼ੇ ਹੇਠ ਹੈ।
ਡੀ.ਐੱਸ.ਪੀ. ਬਰਨਾਲਾ ਸਤਬੀਰ ਸਿੰਘ ਨੇ ਦੱਸਿਆ ਕਿ ਸੰਦੀਪ ਦੇ ਪਿਤਾ ਰਾਜਕੁਮਾਰ ਦੀ ਸ਼ਿਕਾਇਤ 'ਤੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਸੰਦੀਪ ਦੇ ਸੱਸ-ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕੈਨੇਡਾ ਗਈ ਉਸ ਦੀ ਪਤਨੀ ਨੂੰ ਵਾਪਸ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੀੜਤ ਪਰਿਵਾਰ ਹੁਣ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਪਿੰਡ ਮੌਜਪੁਰ ਦੇ ਨੌਜਵਾਨ ਦੀ ਦੁਬਈ 'ਚ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਗਾਏ ਕਤਲ ਦੋਸ਼
NEXT STORY